ਟੀ-20: ਭਾਰਤ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾਇਆ
ਹੈਦਰਾਬਾਦ, 12 ਅਕਤੂਬਰ
ਇੱਥੇ ਖੇਡੇ ਜਾ ਰਹੇ ਟੀ-20 ਲੜੀ ਦੇ ਤੀਜੇ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 164 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ ਰਿਕਾਰਡ 297 ਦੌੜਾਂ ਬਣਾਈਆਂ ਸਨ। ਇਨ੍ਹਾਂ ਦੌੜਾਂ ਵਿਚ ਭਾਰਤੀ ਖਿਡਾਰੀ ਸੰਜੂ ਸੈਮਸਨ ਦਾ ਖਾਸ ਯੋਗਦਾਨ ਰਿਹਾ। ਉਸ ਨੇ 47 ਗੇਂਦਾਂ ’ਤੇ 111 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੇ ਖਿਡਾਰੀ ਟਿਕ ਨਾ ਸਕੇ ਤੇ ਉਸ ਦੀਆਂ ਵਿਕਟਾਂ ਲਗਾਤਾਰ ਵਕਫੇ ’ਤੇ ਡਿੱਗਦੀਆਂ ਗਈਆਂ। ਭਾਰਤੀ ਖਿਡਾਰੀ ਮੈਚ ਸ਼ੁਰੂ ਹੋਣ ਤੋਂ ਲੈ ਕੇ ਅੰਤ ਤਕ ਬੰਗਲਾਦੇਸ਼ ’ਤੇ ਹਾਵੀ ਰਹੇ। ਭਾਰਤ ਨੇ ਇਸ ਜਿੱਤ ਨਾਲ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਚਾਰ ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਸੰਜੂ ਸੈਮਸਨ ਨੇ 47 ਗੇਂਦਾਂ ਵਿਚ 111 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 35 ਗੇਂਦਾਂ ਵਿਚ 75 ਦੌੜਾਂ ਬਣਾ ਕੇ ਕਪਤਾਨੀ ਪਾਰੀ ਖੇਡੀ। ਭਾਰਤ ਵੱਲੋਂ ਰਿਆਨ ਪਰਾਗ ਨੇ 13 ਗੇਂਦਾਂ ਵਿਚ 34 ਦੌੜਾਂ, ਹਾਰਦਿਕ ਪਾਂਡਿਆ ਨੇ 18 ਗੇਂਦਾਂ ਵਿਚ 47 ਦੌੜਾਂ ਬਣਾਈਆਂ।
ਬੰਗਲਾਦੇਸ਼ ਦੀ ਪਹਿਲੀ ਵਿਕਟ ਪਰਵੇਜ਼ ਹੋਸੇਨ ਦੇ ਰੂਪ ਵਿਚ ਡਿੱਗੀ, ਉਸ ਵੇਲੇ ਬੰਗਲਾਦੇਸ਼ ਨੇ ਕੋਈ ਵੀ ਦੌੜ ਨਹੀਂ ਬਣਾਈ ਸੀ। ਇਸ ਤੋਂ ਬਾਅਦ ਤਾਨਜ਼ਿਦ ਹਸਨ ਤੀਜੇ ਓਵਰ ਵਿਚ ਆਊਟ ਹੋ ਗਿਆ ਉਸ ਵੇਲੇ ਟੀਮ ਦਾ ਸਕੋਰ 35 ਦੌੜਾਂ ਸੀ। ਜਦੋਂ ਬੰਗਲਾਦੇਸ਼ ਨੇ ਪੰਜਵੇਂ ਓਵਰ ਵਿਚ 59 ਦੌੜਾਂ ਬਣਾਈਆਂ ਸਨ ਤਾਂ ਨਜਮੁਲ ਹੁਸੇਨ ਸ਼ਾਂਟੋ ਆਊਟ ਹੋ ਗਿਆ। ਇਸ ਤੋਂ ਬਾਅਦ ਗਿਆਰਵੇਂ ਓਵਰ ਵਿਚ 112 ਦੌੜਾਂ ਦੇ ਸਕੋਰ ’ਤੇ ਲਿਟਨ ਦਾਸ ਆਊਟ ਹੋ ਗਏ। ਉਸ ਨੇ 25 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਲਿਟਨ ਦਾਸ ਤੋਂ ਇਲਾਵਾ ਤੌਹੀਦ ਹਿਰਦੋਏ ਹੀ ਸਨਮਾਨਜਨਕ ਸਕੋਰ ਬਣਾ ਸਕਿਆ। ਉਸ ਨੇ 42 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਭਾਰਤ ਵਲੋਂ ਰਵੀ ਬਿਸ਼ਨੋਈ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਮਯੰਕ ਯਾਦਵ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਤੇ ਨਿਤਿਸ਼ ਰੈਡੀ ਨੇ ਇਕ ਇਕ ਵਿਕਟ ਹਾਸਲ ਕੀਤੀ। -ਪੀਟੀਆਈ
ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਭਾਰਤ ’ਤੇ ਦਬਾਅ ਵਧਾਇਆ
ਸ਼ਾਰਜਾਹ: ਸਲਾਮੀ ਬੱਲੇਬਾਜ਼ ਜਾਰਜੀਆ ਪਿਲਮਰ ਦੇ ਨੀਮ ਸੈਂਕੜੇ ਅਤੇ ਅਮੈਲੀਆ ਕੇਰ ਦੇ ਆਲਰਾਊਂਡ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਨੇ ਮਹਿਲਾ ਟੀ20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਦੇ ਮੈਚ ’ਚ ਅੱਜ ਇੱਥੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਭਾਰਤ ’ਤੇ ਦਬਾਅ ਵਧਾ ਦਿੱਤਾ ਹੈ। ਸ੍ਰੀਲੰਕਾ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 115 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ 17.3 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 118 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਭਾਰਤ ਨੂੰ ਹਰਾਇਆ ਸੀ ਅਤੇ ਗਰੁੱਪ ਏ ਤੋਂ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਦੋਵਾਂ ਟੀਮਾਂ ਦਰਮਿਆਨ ਹੋਣ ਵਾਲਾ ਮੁਕਾਬਲਾ ਦਿਲਚਸਪ ਬਣ ਗਿਆ ਹੈ। ਆਸਟਰੇਲੀਆ ਦੇ ਛੇ ਅੰਕ ਹਨ ਅਤੇ ਉਸ ਦਾ ਗਰੁੱਪ ਵਿੱਚ ਸਿਖ਼ਰ ’ਤੇ ਰਹਿਣਾ ਲਗਪਗ ਤੈਅ ਹੈ। ਭਾਰਤ ਲੀਗ ਗੇੜ ਵਿੱਚ ਆਪਣਾ ਆਖ਼ਰੀ ਮੈਚ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗਾ, ਜਦਕਿ ਨਿਊਜ਼ੀਲੈਂਡ ਸੋਮਵਾਰ ਨੂੰ ਪਾਕਿਸਤਾਨ ਦਾ ਸਾਹਮਣਾ ਕਰੇਗਾ। ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਦੇ ਚਾਰ-ਚਾਰ ਅੰਕ ਹਨ। -ਪੀਟੀਆਈ
ਟੀ-20 ਵਿਸ਼ਵ ਕੱਪ: ਆਸਟਰੇਲੀਆ ਨੂੰ ਹਰਾਉਣ ਦੇ ਇਰਾਦੇ ਨਾਲ ਉੱਤਰੇਗਾ ਭਾਰਤ
ਸ਼ਾਰਜਾਹ: ਲਗਾਤਾਰ ਦੋ ਜਿੱਤਾਂ ਦਰਜ ਕਰਨ ਮਗਰੋਂ ਭਾਰਤੀ ਮਹਿਲਾ ਟੀਮ ਦੀ ਨਜ਼ਰ ਟੀ-20 ਵਿਸ਼ਵ ਕੱਪ ’ਚ 13 ਅਕਤੂਬਰ ਨੂੰ ਆਪਣੇ ਆਖਰੀ ਲੀਗ ਤੇ ‘ਕਰੋ ਜਾਂ ਮਰੋ’ ਦੀ ਸਥਿਤੀ ਵਾਲੇ ਮੈਚ ’ਚ ਆਸਟਰੇਲੀਆ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਆਪਣੀ ਰਨ ਔਸਤ ਸੁਧਾਰਨ ’ਤੇ ਹੋਵੇਗੀ। ਆਸਟਰੇਲੀਆ ਨੂੰ ਖਿਡਾਰਨਾਂ ਦੀਆਂ ਸੱਟਾਂ ਨਾਲ ਜੂਝਣਾ ਪੈ ਰਿਹਾ ਹੈ। ਕਪਤਾਨ ਐਲਿਸਾ ਹੀਲੀ ਦਾ ਪੈਰ ’ਤੇ ਸੱਟ ਤੇ ਤੇਜ਼ ਗੇਂਦਬਾਜ਼ ਟਾਈਲਾ ਵਲੈਇਮਿੰਕ ਦਾ ਮੋਢੇ ਦੀ ਹੱਡੀ ਖਿਸਕਣ ਕਾਰਨ ਭਾਰਤ ਖਿਲਾਫ਼ ਖੇਡਣਾ ਮੁਸ਼ਕਲ ਲੱਗ ਰਿਹਾ ਹੈ। ਸ੍ਰੀਲੰਕਾ ਖ਼ਿਲਾਫ਼ ਵੱਡੀ ਜਿੱਤ ਨਾਲ ਭਾਰਤ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ। ਆਸਟਰੇਲੀਆ ਦੇ ਤਿੰਨ ਮੈਚਾਂ ’ਚੋਂ ਛੇ ਅੰਕ ਹਨ ਤੇ ਉਸ ਦੀ ਰਨ ਔਸਤ +2.786 ਹੈ। ਆਸਟਰੇਲੀਆ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕਾ ਹੈ ਜਦਕਿ ਬਾਕੀ ਸਥਾਨ ਲਈ ਭਾਰਤ, ਨਿਊਜ਼ੀਲੈਂਡ ਤੇ ਪਾਕਿਸਤਾਨ ਦੌੜ ਵਿੱਚ ਹਨ। ਸ੍ਰੀਲੰਕਾ ਖਿਲਾਫ਼ 82 ਦੌੜਾਂ ਦੀ ਜਿੱਤ ਮਗਰੋਂ ਭਾਰਤੀ ਟੀਮ ਦੀ ਰਨ ਔਸਤ ਨੈਗੇਟਿਵ ਤੋਂ ਪਲੱਸ ’ਚ ਆ ਗਈ, ਜਿਸ ਨਾਲ ਉਸ ਦੀ ਆਖਰੀ ਚਾਰਾਂ (ਸੈਮੀਫਾਈਨਲ) ’ਚ ਪਹੁੰਚਣ ਦੀ ਉਮੀਦ ਵਧੀ ਹੈ। ਗਰੁੱਪ-ਬੀ ’ਚ ਭਾਰਤ ਚਾਰ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਅਤੇ ਉਸ ਨੂੰ ਨਾਕਆਊਟ ’ਚ ਪਹੁੰਚਣ ਲਈ ਜਿੱਤ ਦੀ ਲੋੜ ਹੈ। -ਪੀਟੀਆਈ