For the best experience, open
https://m.punjabitribuneonline.com
on your mobile browser.
Advertisement

ਟੀ-20: ਭਾਰਤ 17 ਸਾਲਾਂ ਬਾਅਦ ਮੁੜ ਬਣਿਆ ਵਿਸ਼ਵ ਚੈਂਪੀਅਨ

07:16 AM Jun 30, 2024 IST
ਟੀ 20  ਭਾਰਤ 17 ਸਾਲਾਂ ਬਾਅਦ ਮੁੜ ਬਣਿਆ ਵਿਸ਼ਵ ਚੈਂਪੀਅਨ
ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੀ ਟਰਾਫੀ ਹਾਸਲ ਕਰਨ ਮਗਰੋਂ ਖੁਸ਼ੀ ਮਨਾਉਂਦੀ ਹੋਈ। -ਫੋਟੋ: ਪੀਟੀਆਈ
Advertisement

ਬ੍ਰਿਜਟਾਊਨ (ਬਾਰਬਾਡੋਸ), 29 ਜੂਨ
ਭਾਰਤ ਨੇ ਅੱਜ ਇੱਥੇ ਵਿਰਾਟ ਕੋਹਲੀ (76 ਦੌੜਾਂ) ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇੱਕ ਵਾਰ ਫਿਰ ਟੀ-20 ਕ੍ਰਿਕਟ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ’ਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 76 ਦੌੜਾਂ, ਅਕਸ਼ਰ ਪਟੇਲ ਦੀਆਂ 47 ਅਤੇ ਸ਼ਿਵਮ ਦੂਬੇ ਦੀਆਂ 27 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ’ਤੇ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169/8 ਸਕੋਰ ’ਤੇ ਹੀ ਰੋਕ ਦਿੱਤਾ।
ਭਾਰਤੀ ਟੀਮ ਨੇ ਪਹਿਲਾਂ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਪਹਿਲੀ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਂਜ ਸਾਲ 2013 ਵਿੱਚ ਚੈਂਪੀਅਨ ਟਰਾਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖ਼ਿਤਾਬ ਹੈ। ਇਸ ਦੇ ਨਾਲ ਹੀ ਭਾਰਤ ਦੋ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਅਜਿਹਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਟੀਮ ਇੱਕ ਵਾਰ ਜਿੱਤਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਜਦਕਿ ਕੁਇੰਟਨ ਡੀ ਕਾਕ 39 ਦੌੜਾਂ, ਟ੍ਰਿਸਟਨ ਸਟੱਬਸ 31 ਅਤੇ ਡੇਵਿਡ ਮਿੱਲਰ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤਿੰਨ ਵਿਕਟਾਂ ਜਦਕਿ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇੱਕ ਵਿਕਟ ਅਕਸ਼ਰ ਪਟੇਲ ਨੇ ਲਈ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੇ। -ਪੀਟੀਆਈ

Advertisement

ਕੋਹਲੀ ਵੱਲੋਂ ਸੰਨਿਆਸ ਦਾ ਐਲਾਨ

ਵਿਰਾਟ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ-20 ’ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ, ‘‘ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ। ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ। ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ।’’

Advertisement

ਬੁਮਰਾਹ ‘ਮੈਨ ਆਫ ਦਿ ਟੂਰਨਾਮੈਂਟ’ ਬਣਿਆ

ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਟੂਰਨਾਮੈਂਟ ਵਿੱਚ ਅੱਠ ਮੈਚਾਂ ਵਿੱਚ ਉਸ ਨੇ 8.27 ਦੀ ਔਸਤ ਨਾਲ 15 ਵਿਕਟਾਂ ਲਈਆਂ। ਫਾਈਨਲ ਵਿੱਚ ਉਸ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸੇ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਵੇਂ ਕੁੱਝ ਮਾਹਿਰਾਂ ਵੱਲੋਂ ਉਸ ਦੀ ਧੀਮੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਉਸ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।

Advertisement
Author Image

sukhwinder singh

View all posts

Advertisement