T-20 Cricket ਚੌਥਾ ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ
ਪੁਣੇ, 31 ਜਨਵਰੀ
ਹਾਰਦਿਕ ਪੰਡਿਆ(53) ਤੇ ਸ਼ਿਵਮ ਦੂਬੇ(52) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮਗਰੋਂ ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਵੱਲੋਂ ਲਈਆਂ ਤਿੰਨ-ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਚੌਥੇ ਟੀ-20 ਕੌਮਾਂਤਰੀ ਮੈਚ ਵਿਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿਚ 3-1 ਦੀ ਅਜੇਤੂ ਲੀਡ ਲੈ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 181/9 ਦਾ ਸਕੋਰ ਬਣਾਇਆ ਸੀ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 19.4 ਓਵਰਾਂ ਵਿਚ 161 ਦੌੜਾਂ ’ਤੇ ਆਊਟ ਹੋ ਗਈ। ਇੰਗਲੈਂਡ ਨੂੰ ਫ਼ਿਲਿਪ ਸਾਲਟ (23) ਤੇ ਬੈੱਨ ਡਕੇਟ (39) ਨੇ 62 ਦੌੜਾਂ ਦੀ ਭਾਈਵਾਲੀ ਨਾਲ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਰਵੀ ਬਿਸ਼ਨੋਈ ਵੱਲੋਂ 6ਵੇਂ ਓਵਰ ਵਿਚ ਡਕੇਟ ਦੀ ਵਿਕਟ ਨਾਲ ਮਹਿਮਾਨ ਟੀਮ ਨੂੰ ਮੁੜ ਸੰਭਲਣ ਦਾ ਮੌਕਾ ਨਹੀਂ ਮਿਲਿਆ। ਕਪਤਾਨ ਜੋਸ ਬਟਲਰ ਦੋ ਦੌੜਾਂ ਹੀ ਬਣਾ ਸਕਿਆ ਤੇ 8ਵੇਂ ਓਵਰ ਵਿਚ ਬਿਸ਼ਨੋਈ ਦਾ ਸ਼ਿਕਾਰ ਬਣਿਆ। ਹੈਰੀ ਬਰੂਕ ਨੇ 26 ਗੇਂਦਾਂ ’ਤੇ 51 ਦੌੜਾਂ ਨਾਲ ਕੁਝ ਦਮ ਦਿਖਾਇਆ, ਪਰ ਵਰੁਣ ਚੱਕਰਵਰਤੀ ਨੇ 15ਵੇਂ ਓਵਰ ਵਿਚ ਬਰੂਕ ਦੀ ਵਿਕਟ ਲੈ ਕੇ ਲੜੀ ਬਰਾਬਰ ਕਰਨ ਦੀ ਉਮੀਦ ਤੋੜ ਦਿੱਤੀ। ਜੈਮੀ ਓਵਰਟਨ (15 ਗੇਂਦਾਂ ’ਤੇ 19 ਦੌੜਾਂ) ਤੇ ਆਦਿਲ ਰਾਸ਼ਿਦ (6 ਗੇਂਦਾਂ ’ਤੇ 10 ਦੌੜਾਂ) ਨੇ ਕੁਝ ਅਹਿਮ ਯੋਗਦਾਨ ਪਾਇਆ, ਪਰ ਉਹ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਲਿਜਾਣ ਵਿਚ ਨਾਕਾਮ ਰਹੇ। ਭਾਰਤ ਲਈ ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਨੇ 3-3 ਅਤੇ ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਨੇ ਇਕ ਇਕ ਵਿਕਟ ਲਈ। ਵਰੁਣ ਚੱਕਰਵਰਤੀ ਨੇ 4 ਓਵਰਾਂ ਵਿਚ 28 ਦੌੜਾਂ ਬਦਲੇ ਦੋ ਵਿਕਟ ਲਏ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਖਿਲਾਫ਼ ਨੌਂ ਵਿਕਟਾਂ ਦੇ ਨੁਕਸਾਨ ਨਾਲ 181 ਦੌੜਾਂ ਬਣਾਈਆਂ ਸਨ। ਮਹਿਮਾਨ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਭਾਰਤ ਨੇ ਇਕ ਸਮੇਂ 12 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਲਈਆਂ ਸਨ, ਪਰ ਫਿਰ ਪੰਡਿਆ (30 ਗੇਂਦਾਂ ’ਤੇ 53 ਦੌੜਾਂ) ਤੇ ਦੂਬੇ (33 ਗੇਂਦਾਂ ’ਤੇ 52 ਦੌੜਾਂ) ਵਿਚਾਲੇ 87 ਦੌੜਾਂ ਦੀ ਭਾਈਵਾਲੀ ਸਦਕਾ ਮੇਜ਼ਬਾਨ ਟੀਮ 150 ਦੇ ਅੰਕੜੇ ਨੂੰ ਪਾਰ ਕਰਨ ਵਿਚ ਸਫ਼ਲ ਰਹੀ। ਰਿੰਕੂ ਸਿੰਘ ਨੇ 26 ਗੇਂਦਾਂ ਉੱਤੇ 30 ਤੇ ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ ’ਤੇ 29 ਦੌੜਾਂ ਬਣਾਈਆਂ। ਇੰਗਲੈਂਡ ਲਈ ਸਾਕਿਬ ਮਹਿਮੂਦ 35 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਏਐੱਨਆਈ/ਪੀਟੀਆਈ