ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਰੀਆ: ਖੇਤਰੀ ਅਖੰਡਤਾ ਤੇ ਸਥਿਰਤਾ ਦੀ ਲੋੜ

07:25 AM Dec 21, 2024 IST

ਮੁਖ਼ਤਾਰ ਗਿੱਲ
Advertisement

ਸੀਰੀਆ ’ਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸ਼ੀਆ ਬਹੁਗਿਣਤੀ ਵਾਲੀ ਸਰਕਾਰ ਦੇ ਪਤਨ ਤੋਂ ਤੁਰੰਤ ਬਾਅਦ ਇਜ਼ਰਾਈਲ ਫ਼ੌਜ ਨੇ ਗੋਲਾਨ ਦੀਆਂ ਪਹਾੜੀਆਂ ਤੋਂ ਅੱਗੇ ਵਧ ਕੇ ਸੀਰੀਆ ਅੰਦਰ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਦੀ ਫ਼ੌਜ ਨੇ 1967 ਵਿੱਚ ਅਰਬਾਂ ਨਾਲ ਹੋਈ ਜੰਗ ਵਿੱਚ ਸ਼ਿਕਸ਼ਤ ਦੇ ਕੇ ਗੋਲਾਨ ਦੀਆਂ ਪਹਾੜੀਆਂ ’ਤੇ ਕਬਜ਼ਾ ਕਰ ਲਿਆ ਸੀ। ਇਜ਼ਰਾਈਲ ਨੇ ਸੀਰੀਆ ਦੇ ਫ਼ੌਜੀ ਟਿਕਾਣਿਆਂ ਉਤੇ ਬੰਬਾਰੀ ਕੀਤੀ। ਹਮਲੇ ਦਾ ਮਕਸਦ ਇਜ਼ਰਾਈਲ ਦੀਆਂ ਸਰਹੱਦਾਂ ਦਾ ਵਿਸਥਾਰ, ਇੱਕ ਬਫ਼ਰ ਜ਼ੋਨ ਦਾ ਨਿਰਮਾਣ ਅਤੇ ਸੀਰੀਆ ਦੀ ਫ਼ੌਜੀ ਸਮਰੱਥਾ ਦੀ ਧਾਰ ਖੁੰਡੀ ਕਰਨਾ ਹੈ, ਜਦਕਿ ਸੀਰੀਆ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਫ਼ੌਜ ਦੇਸ਼ ਦੇ ਅੰਦਰ ਦਾਖਲ ਹੋ ਗਈ ਹੈ। ਮਿਸਰ, ਕਤਰ, ਜਾਰਡਨ ਤੇ ਸਾਊਦੀ ਅਰਬ ਨੇ ਸੀਰੀਆ ’ਚ ਇਜ਼ਰਾਈਲੀ ਫ਼ੌਜ ਦੀ ਘੁਸਪੈਠ ਦੀ ਨਿੰਦਾ ਕੀਤੀ ਅਤੇ ਉਸ ’ਤੇ ਸੀਰੀਆ ਦੇ ਹਾਲਾਤ ਦਾ ਫਾਇਦਾ ਚੁੱਕਣ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ। ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮਨੇਈ ਨੇ ਕਿਹਾ ਕਿ ‘ਸੀਰੀਆ ਦੀ ਅਸਦ ਸਰਕਾਰ ਦੇ ਪਤਨ ਸਣੇ ਉੱਥੋਂ ਦਾ ਹਾਲੀਆ ਘਟਨਾਕ੍ਰਮ ਅਮਰੀਕਾ ਤੇ ਇਜ਼ਰਾਈਲ ਦੀ ਸਾਂਝੀ ਯੋਜਨਾ ਹੈ।’
ਇੱਕ ਸੀਰਿਆਈ ਸੂਤਰ ਨੇ ਕਿਹਾ ਕਿ ਬਾਗੀ ਕਾਤਨਾ ਕਸਬੇ ਤੱਕ ਪਹੁੰਚ ਗਏ ਹਨ, ਇਹ ਬਫ਼ਰ ਜ਼ੋਨ ਤੋਂ ਪੂਰਬ ’ਚ ਕਈ ਕਿਲੋਮੀਟਰ ਦੂਰ ਹੈ। ਇਹ ਇਲਾਕਾ ਦਮੱਸ਼ਕ ਏਅਰਪੋਰਟ ਤੋਂ ਸਿਰਫ਼ ਕੁਝ ਦੂਰੀ ’ਤੇ ਹੈ। ਬ੍ਰਿਟਿਸ਼ ਆਧਾਰਿਤ ਸੀਰਿਆਈ ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਅਸਦ ਨੂੰ ਹਟਾਉਣ ਤੋਂ ਬਾਅਦ ਇਜ਼ਰਾਈਲ ਨੇ ਪੂਰੇ ਦੇਸ਼ ਵਿੱਚ 300 ਤੋਂ ਵੱਧ ਹਵਾਈ ਹਮਲੇ ਕੀਤੇ ਹਨ। 8 ਦਸੰਬਰ ਨੂੰ ਬਾਗੀਆਂ ਨੇ ਸੀਰੀਆ ਦੀ ਅਸਦ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਧਾਨੀ ਦਮੱਸ਼ਕ ਦੀ ਕਮਾਨ ਆਪਣੇ ਹੱਥ ਲੈ ਲਈ ਸੀ। ਸੀਰਿਆਈ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦੇ ਤਾਨਾਸ਼ਾਹੀ ਰਾਜ ਦੇ ਖਤਮ ਹੋਣ ਦਾ ਜਸ਼ਨ ਮਨਾਇਆ। ਸੂਤਰਾਂ ਮੁਤਾਬਕ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਰੂਸ ਵਿੱਚ ਸ਼ਰਨ ਲੈ ਲਈ ਹੈ। ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਅਸਦ ਨੂੰ ਪਨਾਹ ਦੇਣ ਦਾ ਫ਼ੈਸਲਾ ਨਿੱਜੀ ਤੌਰ ’ਤੇ ਲਿਆ ਹੈ। ਰੂਸ, ਜੋ ਕਿ ਸੀਰੀਆ ਦਾ ਨੇੜਲਾ ਭਾਈਵਾਲ ਰਿਹਾ ਹੈ, ਨੇ ਕਿਹਾ ਕਿ ਅਸਦ ਨੇ ਬਾਗੀ ਸਮੂਹਾਂ ਨਾਲ ਗੱਲਬਾਤ ਤੋਂ ਬਾਅਦ ਮੁਲਕ ਛੱਡਿਆ ਤੇ ਜਾਣ ਤੋਂ ਪਹਿਲਾਂ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦੇ ਹੁਕਮ ਦਿੱਤੇ। ਅਸਦ ਦੇ ਪਿਤਾ ਹਾਫ਼ਿਜ਼ ਅਲ ਅਸਦ ਨੇ 13 ਨਵੰਬਰ 1970 ਨੂੰ ਸੀਰੀਆ ਦੀ ਸੱਤਾ ਹਥਿਆਈ ਸੀ। ਉਸ ਨੇ 2000 ਤੱਕ ਰਾਜ ਕੀਤਾ। ਸੱਤਾ ਸੰਭਾਲਣ ਤੋਂ ਪਹਿਲਾਂ ਹਾਫ਼ਿਜ਼ ਅਲ ਅਸਦ ਸੀਰੀਆ ਦੀ ਹਵਾਈ ਫ਼ੌਜ ਦਾ ਕਮਾਂਡਰ ਤੇ ਰੱਖਿਆ ਮੰਤਰੀ ਸੀ।
ਅਸਦ ਪਰਿਵਾਰ ਨੇ 54 ਸਾਲਾਂ ਤੱਕ ਸੁੰਨੀ ਬਹੁਤਾਤ ਵਾਲੇ ਸੀਰੀਆ ’ਤੇ ਰਾਜ ਕੀਤਾ, ਪਰ ਇਸ ਦੌਰਾਨ ਉਸ ਦਾ ਇਤਿਹਾਸ ਕਤਲੇਆਮ ਅਤੇ ਖੂਨ ਖਰਾਬੇ ਦਾ ਸੀ। ਬਸ਼ਰ ਦਾ ਸਬੰਧ ਅਲਾਵੀ ਫਿਰਕੇ ਨਾਲ ਹੈ। 2000 ਵਿੱਚ ਬਸ਼ਰ ਅਲ ਅਸਦ ਨੇ ਆਪਣੇ ਪਿਤਾ ਤੋਂ ਸੱਤਾ ਸੰਭਾਲੀ ਸੀ। ਹਾਫਿਜ਼ ਸੱਤਾ ਉਸ ਦੇ ਵੱਡੇ ਭਰਾ ਬੈਸੇਲ ਨੂੰ ਸੌਂਪਣਾ ਚਾਹੁੰਦੇ ਸਨ, ਪਰ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਫਿਰ ਨੇਤਰ ਰੋਗਾਂ ਦੇ ਮਾਹਿਰ ਬਸ਼ਰ ਅਲ ਅਸਦ ਨੇ ਸੱਤਾ ਸੰਭਾਲੀ। ਉਸ ਸਮੇਂ ਜਨਮੱਤ ਸੰਗ੍ਰਹਿ ’ਚ ਅਸਦ ਨੂੰ 97 ਫੀਸਦੀ ਵੋਟਾਂ ਮਿਲੀਆਂ ਸਨ।
ਅਸਦ ਨੂੰ ਗੱਦੀਓਂ ਲਾਹੁਣ ਲਈ 14 ਸਾਲਾਂ ਤੋਂ ਖਾਨਾਜੰਗੀ ਜਾਰੀ ਸੀ। ਇਸ ਦੌਰਾਨ ਤਕਰੀਬਨ 50 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਅਤੇ 72 ਲੱਖ ਉੱਜੜ ਗਏ ਅਤੇ 60 ਲੱਖ ਲੋਕਾਂ ਨੇ ਸ਼ਰਨ ਲਈ ਦੂਸਰੇ ਮੁਲਕਾਂ ਵੱਲ ਰੁਖ਼ ਕੀਤਾ। ਬਾਗੀਆਂ ਦੀ ਅਗਵਾਈ ਅਲਕਾਇਦਾ ਦੇ ਸਾਬਕਾ ਕਮਾਂਡਰ ਅਬੂ ਮੁਹੰਮਦ ਅਲ ਗੋਲਾਨੀ ਦੇ ਹੱਥ ਸੀ। ਗੋਲਾਨੀ ਨੇ ਤਖ਼ਤਾ ਪਲਟ ਨੂੰ ‘ਇਸਲਾਮਿਕ ਮੁਲਕ ਦੀ ਜਿੱਤ’ ਕਰਾਰ ਦਿੱਤਾ ਹੈ। ਹਯਾਤ ਤਹਿਰੀਰ ਅਲ-ਸ਼ਾਮ ਨੇ ਬਗਾਵਤ ਕਰਵਾਈ। ਅਸਦ ਰਾਜ ਦਾ ਭੋਗ ਪੈਣਾ ਇਰਾਨ ਤੇ ਇਸਦ ੇ ਭਾਈਵਾਲਾਂ ਲਈ ਵੱਡਾ ਝਟਕਾ ਹੈ। ਸੀਰੀਆ ਸਰਕਾਰ ਦੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੱਕ ਸੁਨੇਹੇ ਵਿੱਚ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਲਾਂਭੇ ਕਰ ਕੇ ਜੇਲ੍ਹਾਂ ਵਿੱਚ ਬੰਦ ਸਾਰੇ ਕੈਦੀ ਰਿਹਾਅ ਕਰ ਦਿੱਤੇ ਗਏ। ਬਾਗੀਆਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਤਿੰਨ ਤਾਰਿਆਂ ਵਾਲਾ ਝੰਡਾ ਲਹਿਰਾਇਆ। ਸੀਰਿਆਈ ਲੋਕ ਰਾਸ਼ਟਰਪਤੀ ਭਵਨ ਵਿੱਚ ਦਾਖ਼ਲ ਹੋ ਗਏ, ਅਸਦ ਦੀਆਂ ਤਸਵੀਰਾਂ ਪਾੜ ਦਿੱਤੀਆਂ ਅਤੇ ਕੀਮਤੀ ਵਸਤੂਆਂ ਲੈ ਕੇ ਜਾਂਦੇ ਵੇਖੇ ਗਏ।
2011 ਵਿੱਚ ਲਿਬੀਆ, ਟਿਊਨੀਸ਼ੀਆ ਤੇ ਮਿਸਰ ਵਿੱਚ ਵਿਦਰੋਹ ਭੜਕਿਆ। ਇਨ੍ਹਾਂ ਤਿੰਨਾਂ ਦੇਸ਼ਾਂ ’ਚ ਸਰਕਾਰਾਂ ਡਿੱਗ ਪਈਆਂ। ਇਸ ਘਟਨਾਕ੍ਰਮ ਦਾ ਅਸਰ ਗੁਆਂਢੀ ਸੀਰੀਆ ਦੇ ਲੋਕਾਂ ’ਤੇ ਵੀ ਪਿਆ। ਅਸਦ ਸਰਕਾਰ ਤੇ ਪੀੜਤ ਲੋਕਾਂ ਨੇ ਵੀ ਸੀਰੀਆ ਵਿੱਚ ਕੁਝ ਅਜਿਹਾ ਕਰਨ ਬਾਰੇ ਸੋਚਿਆ। ਸ਼ਹਿਰ ਦਾਰਾ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਨਾਅਰੇ ਲਿਖੇ, ‘ਅਸਦ ਹੁਣ ਤੇਰੀ ਵਾਰੀ ਹੈ’। ਫ਼ੌਜ ਨੇ ਵਿਦਿਆਰਥੀਆਂ ’ਤੇ ਬੇਇੰਤਹਾ ਤਸ਼ੱਦਦ ਕੀਤਾ। ਉੱਧਰ ਸੀਰੀਆ ਦੇ ਲੋਕ ਅਸਦ ਦੇ ਭ੍ਰਿਸ਼ਟਾਚਾਰ ਤੇ ਮਾੜੇ ਆਰਥਿਕ ਪ੍ਰਬੰਧਾਂ ਤੋਂ ਪਰੇਸ਼ਾਨ ਸਨ ਤੇ ਉਤੋਂ ਸਕੂਲੀ ਬੱਚਿਆਂ ’ਤੇ ਢਾਹੇ ਜ਼ੁਲਮ ਨੇ ਅੱਗ ਉਤੇ ਘਿਓ ਦਾ ਕੰਮ ਕੀਤਾ। ਵਿਦਰੋਹ ਪੂਰੇ ਸੀਰੀਆ ਵਿੱਚ ਫੈਲ ਗਿਆ ਜਿਸ ’ਤੇ ਕਾਬੂ ਪਾਉਣ ਲਈ ਫ਼ੌਜ ਨੇ ਲੋਕਾਂ ’ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। ਫਿਰ ਸੀਰੀਆ ਵਿੱਚ ਬਾਗੀ ਧੜਿਆਂ ਦੇ ਹਥਿਆਰਬੰਦ ਵਿਦਰੋਹ ਦਾ ਜਨਮ ਹੋਇਆ, ਜੋ ਵੇਖਦੇ ਹੀ ਵੇਖਦੇ ਗ੍ਰਹਿ ਯੁੱਧ ਵਿੱਚ ਬਦਲ ਗਿਆ। ਆਲੋਚਕ ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ) ਦੀ ਵਿਆਪਕ ਪੱਧਰ ’ਤੇ ਸਰਕਾਰ ਚਲਾਉਣ ਦੀ ਸਮਰੱਥਾ ’ਤੇ ਸਵਾਲ ਚੁੱਕ ਰਹੇ ਹਨ। ਸੰਸਥਾਵਾਂ ਤਹਿਸ ਨਹਿਸ ਹੋ ਚੁੱਕੀਆਂ ਹਨ। ਨਸਲੀ ਫਿਰਕੂ ਵੰਡ ਦਾ ਖਦਸ਼ਾ ਬਣਿਆ ਹੋਇਆ ਹੈ। ਅਰਥਚਾਰਾ ਤਬਾਹ ਹੋ ਗਿਆ ਹੈ। ਫਿਰ ਇਹ ਜਿੱਤ ਮੁਕੰਮਲ ਸਥਿਰਤਾ ਦਾ ਭਰੋਸਾ ਨਹੀਂ ਦਿੰਦੀ। ਫੌਰੀ ਚੁਣੌਤੀਆਂ ਬਹੁਤ ਵੱਡੀਆਂ ਹਨ। ਲੋਕਤੰਤਰ ਦੇ ਵਾਅਦੇ ਉਤੇ ਲਿਬੀਆ ਤੇ ਇਰਾਕ ਦਾ ਪਰਛਾਵਾਂ ਵੀ ਹੈ, ਜਿੱਥੇ ਤਬਦੀਲੀ ਨੇ ਇੱਕਜੁਟਤਾ ਦੀ ਥਾਂ ਉਥਲ ਪੁਥਲ ਨੂੰ ਜਨਮ ਦਿੱਤਾ ਹੈ। ਅਮਰੀਕਾ ਨੂੰ ਵੀ ਆਪਣੀ ਮੱਧ ਪੂਰਬ ਦੀ ਰਣਨੀਤੀ ’ਚ ਇਸ ਵੇਲੇ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਵਾਸ਼ਿੰਗਟਨ ਨੂੰ ਹੁਣ ਅਸਦ ਦੇ ਪਤਨ ਤੋਂ ਬਾਅਦ ਬਣੀ ਸਥਿਤੀ ਵਿੱਚੋਂ ਨਿਕਲਣ ਦਾ ਰਾਹ ਤਲਾਸ਼ਣਾ ਪਵੇਗਾ। ਕੀ ਸੀਰੀਆ ਦਾ ਭਵਿੱਖ ਸ਼ਾਂਤੀਪੂਰਵਕ ਹੋਵੇਗਾ ਜਾਂ ਹਾਲਾਤ ਖਰਾਬ ਹੀ ਰਹਿਣਗੇ ਇਹ ਅਜੇ ਸਪੱਸ਼ਟ ਨਹੀਂ। ਬਾਹਰੀ ਤਾਕਤਾਂ ਦੇ ਦਖਲ ਨਾਲ ਸੀਰੀਆ ਦਾ ਰਾਹ ਹੋਰ ਵੀ ਪੇਚੀਦਾ ਹੋ ਜਾਵੇਗਾ। ਤੁਰਕੀ ਖਾੜੀ ਦੇਸ਼ਾਂ ਅਤੇ ਪੱਛਮੀ ਤਾਕਤਾਂ ਦੇ ਆਪੋ ਆਪਣੇ ਮੁਫ਼ਾਦ ਹਨ ਜਦੋਂ ਕਿ ਇਜ਼ਰਾਈਲ ਤੇ ਇਰਾਨ ਨੂੰ ਇਹ ਡਰ ਬਣਿਆ ਹੋਇਆ ਹੈ ਕਿ ਉਥੋੱਂ ਦੀ ਅਸਥਿਰਤਾ ਦਾ ਉਨ੍ਹਾਂ ਉੱਪਰ ਅਸਰ ਨਾ ਪਵੇ। ਕੌਮਾਂਤਰੀ ਭਾਈਚਾਰੇ ਨੂੰ ਵੀ ਹੁਣ ਇਹ ਚੋਣ ਕਰਨੀ ਪਵੇਗੀ ਕਿ ਸੀਰੀਆ ਦੀਆਂ ਕਮਜ਼ੋਰੀਆਂ ਦਾ ਲਾਹਾ ਨਾ ਉਠਾ ਲਿਆ ਜਾਵੇ। ਮੌਕਾਪ੍ਰਸਤੀ ਦੀ ਬਜਾਏ ਆਲਮੀ ਇੱਕਜੁੱਟਤਾ ਨਾਲ ਸੀਰੀਆ ਆਪਣੇ ਇਤਿਹਾਸ ਦੇ ਬੇਹੱਦ ਔਖੇ ਦੌਰ ’ਚੋਂ ਲੰਘ ਕੇ ਨਵਾਂ ਅਧਿਆਏ ਲਿਖਣ ’ਚ ਸਫਲ ਹੋ ਸਕਦਾ ਹੈ। ਤੁਰਕੀ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਕਾਰਨ ਵੀ ਭਾਰਤ ਨੂੰ ਸੀਰੀਆ ਦੇ ਘਟਨਾਚੱਕਰ ਤੋਂ ਚੌਕਸ ਰਹਿਣਾ ਹੋਵੇਗਾ। ਸੀਰੀਆ ’ਚ ਅਸਦ ਦੇ ਪਤਨ ’ਤੇ ਨੌਸਿਖੀਏ ਹੀ ਜਸ਼ਨ ਮਨਾ ਰਹੇ ਹਨ। ਅਸਦ ਦੀ ਥਾਂ ਸੱਤਾ ਸੰਭਾਲਣ ਵਾਲੇ ਅਤਿਵਾਦੀ ਧੜੇ ਹੀ ਹਨ। ਉਥੱੇ ਰੂਸ ਤੇ ਇਜ਼ਰਾਈਲ ਆਪਣੀ ਸਹੂਲਤ ਮੁਤਾਬਕ ਸੀਰੀਆ ਨੂੰ ਵੰਡ ਰਹੇ ਹਨ।
ਸੰਪਰਕ: 98140-82217

Advertisement
Advertisement