Syria Civil War: ਭਾਰਤ ਨੇ ਸੀਰੀਆ ’ਚੋਂ 75 ਨਾਗਰਿਕਾਂ ਨੂੰ ਕੱਢਿਆ
ਨਵੀਂ ਦਿੱਲੀ, 11 ਦਸੰਬਰ
Syria Civil War: ਬਾਗ਼ੀ ਫ਼ੌਜਾਂ ਵੱਲੋਂ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਤਾਨਾਸ਼ਾਹੀ ਸਰਕਾਰ ਦਾ ਤਖ਼ਤਾ ਪਲਟਣ ਤੋਂ ਦੋ ਦਿਨ ਬਾਅਦ ਭਾਰਤ ਨੇ ਮੰਗਲਵਾਰ ਨੂੰ ਸੀਰੀਆ ਤੋਂ ਆਪਣੇ 75 ਨਾਗਰਿਕਾਂ ਨੂੰ ਕੱਢਿਆ। ਵਿਦੇਸ਼ ਮੰਤਰਾਲੇ (MEA) ਨੇ ਸਫਲ ਆਪ੍ਰੇਸ਼ਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਅਤ ਢੰਗ ਨਾਲ ਲਿਬਨਾਨ ਨੂੰ ਪਾਰ ਕਰ ਗਏ ਹਨ ਅਤੇ ਜਲਦੀ ਹੀ ਵਪਾਰਕ ਉਡਾਣਾਂ ਰਾਹੀਂ ਭਾਰਤ ਵਾਪਸ ਆ ਜਾਣਗੇ।
ਵਿਦੇਸ਼ ਮੰਤਰਾਲਾ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਬਾਹਰ ਕੱਢੇ ਗਏ ਲੋਕਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ 44 'ਜ਼ੈਰੀਨ' ਸ਼ਾਮਲ ਹਨ ਜੋ ਸੈਦਾ ਜ਼ੈਨਬ ਵਿੱਚ ਫਸੇ ਹੋਏ ਸਨ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਰੂਪ ਵਿੱਚ ਲਿਬਨਾਨ ਨੂੰ ਪਾਰ ਕਰ ਗਏ ਹਨ ਅਤੇ ਭਾਰਤ ਲਈ ਉਪਲਬਧ ਵਪਾਰਕ ਉਡਾਣਾਂ ਦੁਆਰਾ ਵਾਪਸ ਆਉਣਗੇ।’’
ਦਮਸ਼ਕ ਅਤੇ ਬੇਰੂਤ ਵਿੱਚ ਭਾਰਤ ਦੇ ਦੂਤਾਵਾਸਾਂ ਨੇ ਸੰਘਰਸ਼-ਗ੍ਰਸਤ ਦੇਸ਼ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕਾਰਵਾਈ ਦਾ ਤਾਲਮੇਲ ਕੀਤਾ। ਮੰਤਰਾਲਾ ਨੇ ਸੀਰੀਆ ਵਿੱਚ ਅਜੇ ਵੀ ਭਾਰਤੀ ਨਾਗਰਿਕਾਂ ਨੂੰ ਅਪਡੇਟ ਲਈ ਦਮਿਸ਼ਕ ਵਿੱਚ ਦੂਤਾਵਾਸ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਐਮਰਜੈਂਸੀ ਹੈਲਪਲਾਈਨ ਨੰਬਰ (+963 993385973) ਜਾਂ ਈਮੇਲ (hoc.damascus@mea.gov.in) ਰਾਹੀਂ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਬਸ਼ਰ ਅਲ-ਅਸਦ ਦੇ ਲਗਭਗ 14 ਸਾਲਾਂ ਦੇ ਸ਼ਾਸਨ ਅਤੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦੇ ਦਬਦਬੇ ਦੇ ਅੰਤ ਨੂੰ ਦਰਸਾਉਂਦੇ ਹੋਏ, ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐਚਟੀਐਸ) ਦੇ ਦਮਿਸ਼ਕ ’ਤੇ ਕਬਜ਼ਾ ਕਰਨ ਤੋਂ ਬਾਅਦ ਸੀਰੀਆ ਵਿੱਚ ਸਥਿਤੀ ਤੇਜ਼ੀ ਨਾਲ ਵਧ ਗਈ। ਅਸਦ ਦੇਸ਼ ਛੱਡ ਕੇ ਭੱਜ ਗਿਆ ਅਤੇ ਕਥਿਤ ਤੌਰ ’ਤੇ ਰੂਸ ਵਿਚ ਸ਼ਰਣ ਮੰਗੀ। -ਆਈਏਐਨਐਸ