ਐੱਸਵਾਈਐੱਲ: ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੇ ਪੰਜਾਬ ਦਾ ਪਾਣੀ ਕਿਵੇਂ ਬਚਾਉਣਗੇ: ਭਗਵੰਤ ਮਾਨ
ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਗਸਤ
ਸੰਸਦ ਮੈਂਬਰ ਤੇ ‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਪਾਣੀਆਂ ’ਤੇ ਪਹਿਰੇਦਾਰੀ ਦੀ ਗੱਲ ਕਿਹੜੇ ਮੂੰਹ ਨਾਲ ਕਰ ਰਹੇ ਹਨ, ਕਿਉਂਕਿ ਉਹ ਖੁਦ ਹਰਿਆਣਾ ਨੂੰ ਪਾਣੀ ਦੇਣ ਮੌਕੇ ਚਾਂਦੀ ਦੀ ਕਹੀ ਲੈ ਕੇ ਗਏ ਸਨ। ਸ੍ਰੀ ਮਾਨ ਅੱਜ ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਰੋਸ ਧਰਨੇ ’ਚ ਸ਼ਿਰਕਤ ਮਗਰੋਂ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਸ੍ਰੀ ਮਾਨ ਨੇ ਆਖਿਆ ਕਿ ਅਸਲ ’ਚ ਪਾਣੀਆਂ ਦੇ ਮਾਮਲੇ ’ਚ ਸਾਰੇ ਰਲੇ ਹੋਏ ਹਨ। ਆਪੋ ਆਪਣੀ ਸਿਆਸਤ ਜ਼ਰੀਏ ਇੱਕ ਦੂਜੇ ਨੂੰ ਬਚਾਉਂਦੇ ਫਿਰਦੇ ਹਨ।
ਟ੍ਰਿਬਿਊਨਲ ਬਣਾਊਣ ਦੀ ਮੰਗ ਨਾਲ ‘ਆਪ’ ਨੇ ਅਸਹਿਮਤੀ ਜਤਾਈ
ਚੰਡੀਗੜ੍ਹ(ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਐੱਸਵਾਈਐੱਲ ਨਹਿਰ ਸਬੰਧੀ ਕੇਂਦਰੀ ਮੰਤਰੀ ਨਾਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਸਵਾਈਐੱਲ ਬਣਨ ਦੀ ਸੂਰਤ ’ਚ ਪੰਜਾਬ ਵਿਚ ਅੱਗ ਲੱਗਣ ਵਰਗੀ ਭੜਕਾਊ ਬਿਆਨਬਾਜ਼ੀ ਕਰਨ ਦੀ ਥਾਂ ਕੌਮਾਂਤਰੀ ਰਿਪੇਰੀਅਨ ਕਾਨੂੰਨ ਦੇ ਆਧਾਰ ’ਤੇ ਹੀ ਸਟੈਂਡ ਲੈਣਾ ਚਾਹੀਦਾ ਹੈ। ‘ਆਪ’ ਆਗੂ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਵੇਂ ਸਿਰਿਓਂ ਪੈਮਾਇਸ਼ ਬਾਰੇ ਨਵਾਂ ਟ੍ਰਿਬਿਊਨਲ ਬਣਾਊਣ ਦੀ ਮੰਗ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਜੇ ਨਵਾਂ ਟ੍ਰਿਬਿਊਨਲ ਘਟੇ ਪਾਣੀ ਮੁਤਾਬਕ ਹਰਿਆਣੇ ਦਾ ਹਿੱਸਾ ਘਟਾ ਦੇਵੇਗਾ ਤਾਂ ਕੀ ਪੰਜਾਬ ਦੇ ਪਾਣੀ ਦੀ ਹੋ ਰਹੀ ਲੁੱਟ ਰੁਕ ਜਾਵੇਗੀ।