ਸਈਅਦ ਮੋਦੀ ਬੈਡਮਿੰਟਨ: ਸਿੰਧੂ ਤੇ ਲਕਸ਼ੈ ਨੇ ਸਿੰਗਲਜ਼ ਖਿਤਾਬ ਜਿੱਤੇ
ਲਖਨਊ, 1 ਦਸੰਬਰ
ਸਿਖਰਲਾ ਦਰਜਾ ਪੀਵੀ ਸਿੰਧੂ ਤੇ ਲਕਸ਼ੈ ਸੈਨ ਨੇ ਅੱਜ ਇੱਥੇ ਸਈਅਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਏ। ਸਿੰਧੂ ਨੇ ਫਾਈਨਲ ਵਿੱਚ ਚੀਨ ਦੀ ਵੂ ਲੁਓ ਯੂ ਨੂੰ ਹਰਾ ਕੇ ਖਿਤਾਬੀ ਜਿੱਤ ਦਾ ਸੋਕਾ ਖ਼ਤਮ ਕੀਤਾ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ (29) ਨੇ ਵੂ ਲੁਓ ਯੂ ਨੂੰ 21-14, 21-16 ਨਾਲ ਹਰਾ ਕੇ ਤੀਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਉਹ 2017 ਅਤੇ 2022 ਵਿੱਚ ਵੀ ਇਹ ਟਰਾਫੀ ਜਿੱਤ ਚੁੱਕੀ ਹੈ। ਉਧਰ ਪੁਰਸ਼ ਸਿੰਗਲਜ਼ ਦੇ ਖਿਤਾਬੀ ਮੁਕਾਬਲੇ ਵਿਚ ਲਕਸ਼ੈ ਨੇ ਸਿੰਗਾਪੁਰ ਦੇ ਜਿਆ ਹੇਂਗ ਜੇਸਨ ਤੇਹ ਨੂੰ 21-6 21-7 ਨਾਲ ਹਰਾਇਆ।
ਸਿੰਧੂ ਨੇ ਲਗਪਗ ਢਾਈ ਸਾਲ ਬਾਅਦ ਪੋਡੀਅਮ ਦਾ ਸਿਖਰਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਜੁਲਾਈ 2022 ਵਿੱਚ ਸਿੰਗਾਪੁਰ ਓਪਨ ਵਿੱਚ ਆਪਣਾ ਆਖਰੀ ਖਿਤਾਬ ਜਿੱਤਿਆ ਸੀ। ਇਸ ਸਾਲ ਉਹ ਮਈ ਵਿੱਚ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਫਾਈਨਲ ਵਿੱਚ ਪਹੁੰਚੀ ਸੀ। ਇਸ ਤੋਂ ਪਹਿਲਾਂ ਭਾਰਤ ਦੀ ਟ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੇ ਮਹਿਲਾ ਡਬਲਜ਼ ਵਿੱਚ ਚੀਨ ਦੀ ਬਾਓ ਲੀ ਜਿੰਗ ਅਤੇ ਲੀ ਕਿਆਨ ਦੀ ਜੋੜੀ ਨੂੰ ਹਰਾ ਕੇ ਆਪਣਾ ਪਹਿਲਾ ਸੁਪਰ 300 ਖਿਤਾਬ ਜਿੱਤ ਲਿਆ। ਚੀਨ ’ਚ ਸੀਜ਼ਨ ਦੇ ਅੰਤ ਵਿੱਚ ਹੋਣ ਵਾਲੇ ਵਿਸ਼ਵ ਟੂਰ ਫਾਈਨਲਜ਼ ਲਈ ਕੁਆਲੀਫਾਈ ਕਰ ਚੁੱਕੀ ਟ੍ਰੀਸਾ ਅਤੇ ਗਾਇਤਰੀ ਦੀ ਜੋੜੀ ਨੇ ਵਿਰੋਧੀ ਜੋੜੀ ਨੂੰ 40 ਮਿੰਟਾਂ ’ਚ 21-18, 21-11 ਨਾਲ ਹਰਾਇਆ। ਟ੍ਰੀਸਾ ਅਤੇ ਗਾਇਤਰੀ ਇਸ ਟੂਰਨਾਮੈਂਟ ’ਚ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਜੋੜੀ ਬਣ ਗਈ ਹੈ। ਇਹ ਜੋੜੀ 2022 ਵਿੱਚ ਉਪ ਜੇਤੂ ਰਹੀ ਸੀ।
ਉਧਰ ਭਾਰਤ ਦੀ ਪ੍ਰਿਥਵੀ ਕ੍ਰਿਸ਼ਨਾਮੂਰਤੀ ਰਾਏ ਤੇ ਸਾਈ ਪ੍ਰਤੀਕ ਕੇ ਨੇ ਪੁਰਸ਼ ਡਬਲਜ਼ ਅਤੇ ਤਨੀਸ਼ਾ ਕਰਾਸਟੋ ਤੇ ਧਰੁਵ ਕਪਿਲਾ ਨੇ ਮਿਕਸਡ ਡਬਲਜ਼ ਵਿੱਚ ਉਪ ਜੇਤੂ ਵਜੋਂ ਆਪਣੀ ਮੁਹਿੰਮ ਖ਼ਤਮ ਕੀਤੀ। ਪ੍ਰਿਥਵੀ ਅਤੇ ਸਾਈ ਚੀਨ ਦੇ ਹੁਆਂਗ ਡੀ ਅਤੇ ਲਿਊ ਯਾਂਗ ਤੋਂ 14-21, 21-19, 17-21 ਨਾਲ ਹਾਰ ਗਏ। -ਪੀਟੀਆਈ