ਸਿਡਨੀ ਟੈਸਟ: ਭਾਰਤੀ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਜਾਰੀ; ਪਹਿਲੀ ਪਾਰੀ 185 ਦੌੜਾਂ ’ਤੇ ਸਿਮਟੀ
ਸਿਡਨੀ, 3 ਜਨਵਰੀ
ਸਿਡਨੀ ਵਿਚ ਖੇਡੇ ਜਾ ਰਹੇ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਇਕ ਵਾਰ ਫੇਰ ਮੇਜ਼ਬਾਨ ਆਸਟਰੇਲੀਅਨ ਟੀਮ ਦੇ ਗੇਂਦਬਾਜ਼ਾਂ ਦਾ ਦਬਦਬਾ ਬਰਕਰਾਰ ਰਿਹਾ ਤੇ ਭਾਰਤ ਦੀ ਪਹਿਲੀ ਪਾਰੀ 185 ਦੌੜਾਂ ’ਤੇ ਸਿਮਟ ਗਈ। ਭਾਰਤ ਜਿਸ ਦਾ ਇਕੇ ਵੇਲੇ ਚਾਹ ਦੇ ਸਮੇਂ ਤੱਕ ਸਕੋਰ 107/4 ਸੀ, ਨੇ ਆਖਰੀ ਸੈਸ਼ਨ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 78 ਦੌੜਾਂ ਬਣਾਈਆਂ। ਰਿਸ਼ਭ ਪੰਤ 98 ਗੇਂਦਾਂ ਉੱਤੇ 40 ਦੇ ਸਕੋਰ ਨਾਲ ਟੌਪ ਸਕੋਰਰ ਰਿਹਾ। ਹੋਰਨਾਂ ਬੱਲੇਬਾਜ਼ਾਂ ਵਿਚ ਰਵਿੰਦਰ ਜਡੇਜਾ ਨੇ 26, ਸ਼ੁਭਮਨ ਗਿੱਲ 20 ਤੇ ਵਿਰਾਟ ਕੋਹਲੀ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਪਿਛਲੇ ਮੈਚ ਵਿਚ ਸੈਂਕੜਾ ਜੜਨ ਵਾਲਾ ਨਿਤੀਸ਼ ਰੈੱਡੀ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ। ਉਧਰ ਆਸਟਰੇਲੀਆ ਲਈ ਸਕੌਟ ਬੋਲੈਂਡ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 31 ਦੌੜਾਂ ਬਦਲੇ 4 ਵਿਕਟ ਲਏ। ਮਿਸ਼ੇਲ ਸਟਾਰਕ ਨੇ 3, ਕਪਤਾਨ ਪੈਟ ਕਮਿਨਸ ਨੇ 2 ਤੇ ਨਾਥਨ ਲਾਇਨ ਦੇ ਹਿੱਸੇ ਇਕ ਵਿਕਟ ਆਈ। ਖਰਾਬ ਲੈਅ ਨਾਲ ਜੂਝ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅੱਜ ਦੇ ਮੈਚ ਲਈ ਟੀਮ ’ਚੋਂ ਬਾਹਰ ਬੈਠਣਾ ਪਿਆ ਤੇ ਉਨ੍ਹਾਂ ਦੀ ਥਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਮ ਦੀ ਅਗਵਾਈ ਕੀਤੀ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਆਸਟਰੇਲੀਆ ਨੇ 9 ਦੌੜਾਂ ’ਤੇ ਉਸਮਾਨ ਖਵਾਜਾ(2) ਦੀ ਵਿਕਟ ਗੁਆ ਲਈ ਸੀ। ਸੈਮ ਕੋਨਸਟਾਸ 7 ਦੌੜਾਂ ਨਾਲ ਨਾਬਾਦ ਸੀ। -ਪੀਟੀਆਈ