ਸਵਿਟਜ਼ਰਲੈਂਡ: ‘ਖ਼ੁਦਕੁਸ਼ੀ ਕੈਪਸੂਲ’ ਵਿਚ ਸ਼ੱਕੀ ਮੌਤ ਸਬੰਧੀ ਕਈ ਗ੍ਰਿਫ਼ਤਾਰ
ਜਨੇਵਾ, 24 ਸਤੰਬਰ
ਉੱਤਰੀ ਸਵਿਟਜ਼ਰਲੈਂਡ ਵਿਚ ਪੁਲੀਸ ਨੇ ਮੰਗਲਵਾਰ ਨੂੰ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਇਕ ਨਵੇਂ ‘ਖ਼ੁਦਕੁਸ਼ੀ ਕੈਪਸੂਲ’ (suicide capsule) ਵਿਚ ਇਕ ਵਿਅਕਤੀ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿਚ ਫ਼ੌਜਦਾਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ‘ਸੈਕਰੋ’ ਸੂਈਸਾਈਡ ਕੈਪਸੂਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਕੋਈ ਵਿਅਕਤੀ ਇਸ ਦੇ ਅੰਦਰ ਬੰਦ ਹੋ ਕੇ ਅੰਦਰੋਂ ਇਕ ਬਟਨ ਦਬਾ ਸਕਦਾ ਹੈ, ਜਿਸ ਨਾਲ ਇਸ ਸੀਲਬੰਦ ਚੈਂਬਰ ਦੇ ਅੰਦਰ ਨਾਈਟਰੋਜਨ ਗੈਸ ਭਰ ਜਾਂਦੀ ਹੈ। ਇਸ ਪਿੱਛੋਂ ਸਮਝਿਆ ਜਾਂਦਾ ਹੈ ਕਿ ਵਿਅਕਤੀ ਸੌਂ ਗਿਆ ਹੈ ਅਤੇ ਉਸ ਦੀ ਦਮ ਘੁਟਣ ਨਾਲ ਕੁਝ ਹੀ ਮਿੰਟਾਂ ਵਿਚ ਮੌਤ ਹੋ ਜਾਂਦੀ ਹੈ। ਪੱਛਮੀ ਮੁਲਕਾਂ ਵਿਚ ਕਈ ਕੰਪਨੀਆਂ ਅਜਿਹੇ ਕੈਪਸੂਲ ਬਣਾ ਰਹੀਆਂ ਹਨ।
ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਾਫ਼ਹਾਊੁਸਨ ਕੈਂਟੋਨ ਵਿਚ ਜਾਂਚਕਾਰਾਂ ਨੂੰ ਇਕ ਕਾਨੂੰਨ ਸਬੰਧੀ ਫਰਮ ਵੱਲੋਂ ਦੱਸਿਆ ਗਿਆ ਹੈ ਕਿ ਸੈਕਰੋ ਕੈਪਸੂਲ ਦੀ ਮਦਦ ਨਾਲ ਇਕ ਸਹਾਇਕ ਆਤਮਹੱਤਿਆ ਦਾ ਇਹ ਮਾਮਲਾ ਮੇਰੀਸ਼ੌਜ਼ਨ ਨੇੇੜੇ ਬੀਤੇ ਸੋਮਵਾਰ ਨੂੰ ਵਾਪਰਿਆ। ਬਿਆਨ ਮੁਤਾਬਕ ਇਸ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਕ ਡੱਚ ਅਖ਼ਬਾਰ ‘ਫੋਕਸਕਰੈਂਤ’ ਨੇ ਮੰਗਲਵਾਰ ਨੂੰ ਰਿਪੋਰਟ ਛਾਪੀ ਕਿ ਪੁਲੀਸ ਨੇ ਉਸ ਦੇ ਇਕ ਫੋਟੋਗ੍ਰਾਫਰ ਨੂੰ ਹਿਰਾਸਤ ਵਿਚ ਲਿਆ ਹੈ, ਜਿਹੜਾ ਸੈਕਰੋ ਦੇ ਇਸਤੇਮਾਲ ਦੀਆਂ ਫੋਟੋਆਂ ਖਿੱਚਣੀਆਂ ਚਾਹੁੰਦਾ ਸੀ। ਇਸ ਮੁਤਾਬਕ ਪੁਲੀਸ ਨੇ ਦੱਸਿਆ ਹੈ ਕਿ ਫੋਟੋਗ੍ਰਾਫਰ ਨੂੰ ਸ਼ਾਫਹਾਊਸਨ ਦੇ ਇਕ ਪੁਲੀਸ ਥਾਣੇ ਵਿਚ ਬੰਦ ਕੀਤਾ ਗਿਆ ਹੈ ਪਰ ਪੁਲੀਸ ਨੇ ਹੋਰ ਜਾਣਕਾਰੀ ਨਹੀਂ ਦਿੱਤੀ। -ਏਪੀ