ਤੈਰਾਕੀ: 400 ਮੀਟਰ ’ਚ ਪਠਾਨਕੋਟ ਦੀ ਸ਼ਿਵਾਨੀ ਸਹਿਗਲ ਜੇਤੂ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 24 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਮੁਹਾਲੀ ਦੇ ਸੈਕਟਰ 63 ਦੇ ਖੇਡ ਭਵਨ ਵਿੱਚ ਚੱਲ ਰਹੇ ਤੈਰਾਕੀ ਦੇ ਰਾਜ ਪੱਧਰੀ ਮੁਕਾਬਲੇ ਅੱਜ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੇ 500 ਦੇ ਕਰੀਬ ਖ਼ਿਡਾਰੀਆਂ ਨੇ ਭਾਗ ਲਿਆ। ਆਖਰੀ ਦਿਨ ਹੋਏ ਲੜਕੀਆਂ ਦੇ 21 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਸ਼ਿਵਾਨੀ ਸਹਿਗਲ ਪਠਾਨਕੋਟ ਨੇ 400 ਮੀਟਰ ਫ੍ਰੀ ਸਟਾਈਲ ਵਿੱਚ ਪਹਿਲਾ, ਹਿਤਾਕਸ਼ੀ ਨੇ ਦੂਜਾ ਅਤੇ ਦ੍ਰਿਸ਼ਟੀ ਸਭਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਫ੍ਰੀ ਸਟਾਈਲ 17 ਸਾਲ ਲੜਕੀਆਂ ਦੇ ਵਰਗ ਵਿੱਚ ਧ੍ਰੀਤੀ ਮਹਾਜਨ ਨੇ ਪਹਿਲਾ, ਰਸ਼ਮੀਨ ਕੌਰ ਨੇ ਦੂਜਾ ਅਤੇ ਗੁਨਤਾਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਫ੍ਰੀ ਸਟਾਈਲ ਵਿੱਚ ਲੜਕੀਆਂ ਦੇ 14 ਸਾਲ ਵਰਗ ਵਿੱਚ ਜਸਲੀਨ ਕੌਰ ਲੁਧਿਆਣਾ ਨੇ ਪਹਿਲਾ, ਪਾਰੀ ਜਾਤ ਨੇ ਦੂਜਾ, ਮਿਸਿਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਤੇ ਤੈਰਾਕੀ ਕੋਚ ਜੌਨੀ ਭਾਟੀਆ ਤੇ ਹੋਰਨਾਂ ਨੇ ਜੇਤੂ ਖਿਡਾਰੀਆਂ ਨੂੰ ਤਗ਼ਮੇ ਵੰਡੇ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਲੱਕੀ ਡਰਾਅ ਵੀ ਕੱਢਿਆ ਗਿਆ।