ਸਵਿਆਤੇਕ ਆਸਟਰੇਲੀਅਨ ਓਪਨ ਦੇ ਤੀਜੇ ਗੇੜ ’ਚ
ਮੈਲਬਰਨ, 16 ਜਨਵਰੀ
ਪੰਜ ਵਾਰ ਦੀ ਗਰੈਂਡਸਲੇਮ ਚੈਂਪੀਅਨ ਇਗਾ ਸਵਿਆਤੇਕ ਨੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਰੈਬੇਕਾ ਸਰਾਮਵੋਕਾ ਨੂੰ 6-0, 6-2 ਨਾਲ ਹਰਾ ਦਿੱਤਾ। ਹੁਣ ਉਸ ਦਾ ਸਾਹਮਣਾ 2021 ਦੀ ਅਮਰੀਕੀ ਓਪਨ ਚੈਂਪੀਅਨ ਐੱਮਾ ਰਾਡੂਕਾਨੂ ਨਾਲ ਹੋਵੇਗਾ, ਜਿਸ ਨੇ ਅਮਾਂਡਾ ਐਨੀਸਿਮੋਵਾ ਨੂੰ 6-3, 7-5 ਨਾਲ ਹਰਾਇਆ।
ਉੱਧਰ, ਅਮਰੀਕੀ ਓਪਨ 2024 ਸੈਮੀ ਫਾਈਨਲ ਖੇਡਣ ਵਾਲੀ ਐੱਮਾ ਨਾਵਾਰੋ ਨੇ ਚੀਨ ਦੀ ਵਾਂਗ ਸ਼ਿਊ ਨੂੰ 6-3, 3-6, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਤਿੰਨ ਵਾਰ ਗਰੈਂਡਸਲੇਮ ਉਪ ਜੇਤੂ ਰਹੀ ਓਂਸ ਜਬਾਊਰ ਨਾਲ ਹੋਵੇਗਾ ਜਿਸ ਨੇ ਦਮੇ ਦੀ ਪ੍ਰੇਸ਼ਾਨੀ ਦੇ ਬਾਵਜੂਦ ਕੈਮਿਲਾ ਓਸੋਰੀਓ ਨੂੰ 7-5, 6-3 ਨਾਲ ਹਰਾਇਆ। ਨੌਵੀਂ ਰੈਂਕਿੰਗ ਵਾਲੀ ਡਾਰੀਆ ਕਸਾਤਕਿਨਾ ਨੇ ਵਾਂਗ ਯਾਫਾਨ ਨੂੰ 6-2, 6-0 ਨਾਲ ਹਰਾਇਆ ਜਦਕਿ 24ਵੀਂ ਰੈਂਕਿੰਗ ਵਾਲੀ ਯੂਲੀਆ ਪੁਤਿਨਤਸੇਵਾ ਨੇ ਜ਼ਾਂਗ ਸ਼ੁਆਈ ਨੂੰ 6-2, 6-1 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਅਮਰੀਕੀ ਓਪਨ 2024 ਉਪ ਜੇਤੂ ਟੇਲਰ ਫਰਿਟਜ਼ ਨੇ ਕ੍ਰਿਸ਼ਟੀਅਨ ਗਾਰਿਨ ਨੂੰ 6-2, 6-1, 6-0 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ 38 ਸਾਲਾ ਫਰਾਂਸ ਦੇ ਗਾਏਲ ਮੋਂਫਿਲਜ਼ ਨਾਲ ਹੋਵੇਗਾ।
ਆਸਟਰੇਲੀਆ ਦੇ ਅੱਠਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੌਰ, 16ਵੀਂ ਰੈਂਕਿੰਗ ਵਾਲੇ ਇਟਲੀ ਦੇ ਲੌਰੈਂਜੋ ਮੁਸੈਤੀ, 19ਵੀਂ ਰੈਂਕਿੰਗ ਵਾਲੇ ਕਾਰੇਨ ਖਾਚਾਨੋਵ ਤੇ 21ਵੀਂ ਰੈਂਕਿੰਗ ਵਾਲੇ ਬੇਨ ਸ਼ੈਲਟਨ ਵੀ ਤੀਜੇ ਗੇੜ ’ਚ ਪਹੁੰਚ ਗਏ। ਛੇਵਾਂ ਦਰਜਾ ਪ੍ਰਾਪਤ ਐਲੇਨਾ ਰਿਬਾਕਿਨਾ ਨੇ ਅਮਰੀਕੀ ਕੁਆਲੀਫਾਇਰ ਇਵਾ ਜੋਵਿਚ ਨੂੰ 6-0, 6-3 ਨਾਲ ਹਰਾਇਆ। -ਏਪੀ