ਸਰਹੱਦ ’ਤੇ ਤਾਇਨਾਤ ਜਵਾਨਾਂ ਲਈ ਮਠਿਆਈਆਂ ਭੇਜੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 22 ਅਕਤੂਬਰ
ਸਿਟੀ ਬਿਊਟੀਫੁਲ ਤੋਂ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਦੇਸ਼ ਦੀ ਰਾਖੀ ਲਈ ਸਰਹੱਦ ’ਤੇ ਲੇਹ-ਲਦਾਖ ਵਿੱਚ ਤਾਇਨਾਤ ਜਵਾਨਾਂ ਲਈ ਅੱਜ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਠਿਆਈਆਂ ਭੇਜੀਆਂ ਗਈਆਂ ਹਨ। ਇਨ੍ਹਾਂ ਸੱਤ ਟਨ ਮਠਿਆਈਆਂ ਨੂੰ ਪੰਜਾਬ ਤੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਰਾਜ ਭਵਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਸ੍ਰੀ ਕਟਾਰੀਆ ਨੇ ਟਰੱਕ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਸਰਹੱਦ ’ਤੇ ਦੇਸ਼ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਦੇ ਜਵਾਨ ਦੇਸ਼ ਦੀ ਰਾਖੀ ਲਈ ਆਪਣੇ ਘਰ ਤੋਂ ਵਧੇਰੇ ਦੂਰ ਸਰਹੱਦ ’ਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਮਠਿਆਈਆਂ ਨਾਲ ਸਾਰਿਆਂ ਨੂੰ ਸਰਹੱਦ ’ਤੇ ਖੜ੍ਹੇ ਜਵਾਨਾਂ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਕਿ ਪੂਰਾ ਦੇਸ਼ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਸ੍ਰੀ ਕਟਾਰੀਆ ਨੇ ਕਿਹਾ ਕਿ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਮਨਾਉਣਾ ਹਰ ਕਿਸੇ ਲਈ ਮੁਸ਼ਕਲ ਹੁੰਦਾ ਹੈ। ਪਰ ਦੇਸ਼ ਦੇ ਜਵਾਨ ਸਾਰੇ ਤਿਉਹਾਰ ਘਰ ਤੋਂ ਦੂਰ ਰਹਿ ਕੇ ਮਨਾਉਂਦੇ ਹਨ ਅਤੇ ਲੋੜ ਪੈਣ ’ਤੇ ਦੇਸ਼ ਦੀ ਰਾਖੀ ਲਈ ਖੁਸ਼ੀ-ਖੁਸ਼ੀ ਆਪਣੀ ਜਾਨ ਵਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੇ ਜਵਾਨਾਂ ਦੀ ਇਸ ਕੁਰਬਾਨੀ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਰੋਟਰੀ ਇੰਟਰਨੈਸ਼ਨ ਦੇ ਸਾਬਕਾ ਪ੍ਰਧਾਨ ਰਾਜਿੰਦਰ ਕੇ ਸਾਬੂ, ਉਨ੍ਹਾਂ ਦੀ ਪਤਨੀ ਊਸ਼ਾ ਸਾਬੂ, ਰਾਜਪਾਲ ਸਿੰਘ, ਮਧੁਕਰ ਮਲਹੋਤਰਾ, ਰੋਟਰੀ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਕਪੂਰ ਤੇ ਹੋਰ ਮੈਂਬਰ ਮੌਜੂਦ ਰਹੇ।