ਸਿਆਸੀ ਫੁਹਾਰ ਨੇ ਭਰੀ ਦਿਲਾਂ ਵਿੱਚ ਮਿਠਾਸ..!
ਚਰਨਜੀਤ ਭੁੱਲਰ
ਚੰਡੀਗੜ੍ਹ, 17 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਰਮਿਆਨ ਅੱਜ ਸਿਆਸੀ ਸੁਰ ਵੀ ਮਿਲੇ ਅਤੇ ਦਿਲਾਂ ਦੀ ਤਾਲ ਵੀ। ਮੌਕਾ ਜਲੰਧਰ ਪੱਛਮੀ ਤੋਂ ਵਿਧਾਇਕ ਬਣੇ ਮਹਿੰਦਰ ਭਗਤ ਦੇ ਸਹੁੰ ਚੁੱਕ ਸਮਾਗਮ ਦਾ ਸੀ। ਭਗਵੰਤ ਮਾਨ ਤੇ ਸੰਧਵਾਂ ਕਰੀਬ ਘੰਟਾ ਆਪਸੀ ਮੇਲ ਜੋਲ ’ਚ ਰਹੇ।
ਅੱਜ ਦੀ ਆਪਸੀ ਮਿਲਣੀ ਨੇ ਉਨ੍ਹਾਂ ਚਰਚਾਵਾਂ ਨੂੰ ਲਗਾਮ ਵੀ ਲਾਈ ਜਿਨ੍ਹਾਂ ਨੇ ਪੰਜਾਬ ਸਰਕਾਰ ’ਚ ਸਿਆਸੀ ਫ਼ਰੰਟ ’ਤੇ ‘ਸਭ ਅੱਛਾ’ ਨਾ ਹੋਣ ਨੂੰ ਉਛਾਲਿਆ ਸੀ। ਚੇਤੇ ਰਹੇ ਕਿ ਪਿਛਲੇ ਦਿਨਾਂ ਵਿੱਚ ਵਿਰੋਧੀ ਧਿਰਾਂ ਨੇ ਚਟਕਾਰੇ ਲਏ ਸਨ ਕਿ ਸੰਧਵਾਂ ਆਪਣੇ ਧੜੇ ਨਾਲ ਦਿੱਲੀ ਚਲੇ ਗਏ ਹਨ ਅਤੇ ਉਹ ਬਾਗ਼ੀ ਤੇਵਰ ਅਪਣਾ ਰਹੇ ਹਨ।
‘ਆਪ’ ਦੀ ਹਾਈਕਮਾਨ ਨੂੰ ਵੀ ਅੰਦਰੋਂ ਅੰਦਰੀਂ ਇਹ ਸੁਨਹਿਰੀ ਮੌਕਾ ਜਾਪਿਆ ਹੋਵੇਗਾ ਪਰ ਮੌਕੇ ਦੀਆਂ ਪ੍ਰਸਥਿਤੀਆਂ ਸੁਖਾਵੀਆਂ ਨਹੀਂ ਸਨ।
ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਬਿਖੇੜੇ ਦਾ ਧੂੰਆਂ ਸਿਖਰਾਂ ਵੱਲ ਉੱਠ ਰਿਹਾ ਸੀ।
ਹੁਣ ਜਦੋਂ ਭਗਵੰਤ ਮਾਨ ਵੱਲੋਂ ਵਕਾਰੀ ਸੀਟ ਜਲੰਧਰ ਪੱਛਮੀ ਨੂੰ ਕਰੀਬ 37 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਲਿਆ ਗਿਆ ਹੈ ਤਾਂ ਉਸ ਮਗਰੋਂ ਸਮੁੱਚਾ ਰਾਜਸੀ ਮੌਸਮ ਹੀ ਖ਼ੁਸ਼ਗਵਾਰ ਹੋ ਗਿਆ ਹੈ। ਸਾਉਣ ਦੀਆਂ ਸਿਆਸੀ ਫੁਹਾਰਾਂ ਨੇ ਆਖ਼ਰ ਅੱਜ ਸਭ ਗਿਲੇ ਸ਼ਿਕਵਿਆਂ ਨੂੰ ਧੋ ਦਿੱਤਾ। ਭਗਵੰਤ ਮਾਨ ਅਤੇ ਸੰਧਵਾਂ ਦੀ ਆਖ਼ਰੀ ਮਿਲਣੀ ਦੋ ਜੂਨ ਨੂੰ ਦਿੱਲੀ ਵਿੱਚ ਹੋਈ ਸੀ।
ਕਰੀਬ ਡੇਢ ਮਹੀਨੇ ਮਗਰੋਂ ਅੱਜ ਦੋਵੇਂ ਨੇਤਾ ਆਹਮੋ ਸਾਹਮਣੇ ਹੋਏ। ਡੇਢ ਮਹੀਨੇ ਵਿਚ ਅੰਦਰ ਖਾਤੇ ਸਿਆਸੀ ਖੁੰਦਕਾਂ ਦਾ ਥੋਕ ਬਾਜ਼ਾਰ ਸਜਿਆ ਰਿਹਾ। ਲੋਕ ਸਭਾ ਚੋਣਾਂ ’ਚ ‘ਆਪ’ ਨੂੰ ਤਿੰਨ ਸੀਟਾਂ ਮਿਲੀਆਂ ਸਨ ਜਿਸ ਮਗਰੋਂ ਪਾਰਟੀ ਵਿੱਚ ਵਿਰੋਧੀ ਸੁਰਾਂ ਨੇ ਸਿਰ ਚੁੱਕ ਲਿਆ ਸੀ ਪਰ ਹੁਣ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਮਗਰੋਂ ਸਭ ਕੁੱਝ ਬਦਲਿਆ ਬਦਲਿਆ ਨਜ਼ਰ ਆਇਆ। ਅੱਜ ਮਹਿੰਦਰ ਭਗਤ ਨੂੰ ਸਪੀਕਰ ਸੰਧਵਾਂ ਨੇ ਹਲਫ਼ ਦਿਵਾਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਕੰਪਲੈਕਸ ਵਿੱਚ ਪੁੱਜੇ ਤਾਂ ਸਪੀਕਰ ਸੰਧਵਾਂ ਨੇ ਗੁਲਾਬ ਦੇ ਫੁੱਲਾਂ ਵਾਲਾ ਗੁਲਦਸਤਾ ਭੇਟ ਕੀਤਾ। ਦੋਵਾਂ ਆਗੂਆਂ ਨੇ ਇੱਕੋ ਜਿੰਨਾ ਨਿੱਘ ਦਿਖਾਇਆ। ਆਪਸੀ ਸਬੰਧਾਂ ਵਿੱਚ ਆਈ ਖਟਾਸ ਨੂੰ ਅੱਜ ਦੇ ਸਹੁੰ ਚੁੱਕ ਸਮਾਰੋਹ ਨੇ ਮਿਠਾਸ ਵਿੱਚ ਬਦਲ ਦਿੱਤਾ। ਕੁਲਤਾਰ ਸੰਧਵਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਗ਼ਲਤ ਫਹਿਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਅਤੇ ਸੰਧਵਾਂ ਨੇ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਮੁੱਖ ਮੰਤਰੀ ਨੇ ਸਪੀਕਰ ਨੂੰ ਸਾਫ਼ ਆਖਿਆ ਕਿ ਜਦੋਂ ਵੀ ਕੋਈ ਗੱਲ ਹੋਵੇ, ਸਿੱਧਾ ਫ਼ੋਨ ਕਰਿਆ ਕਰੋ। ਇਸ ਦੌਰਾਨ ਦੋਵਾਂ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਬੁਲਾਏ ਜਾਣ ’ਤੇ ਵੀ ਨੁਕਤੇ ਸਾਂਝੇ ਕੀਤੇ ਗਏ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਮੋਹਰੀ ਭੂਮਿਕਾ ਨਿਭਾਉਣਗੇ ਭਗਵੰਤ ਮਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਚਾਰ ਵਿੱਚ ਅੱਗੇ ਰੱਖੇਗੀ। ਪਾਰਟੀ ਵੱਲੋਂ 18 ਜੁਲਾਈ ਨੂੰ ਚੰਡੀਗੜ੍ਹ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ, ਡਾ. ਸੰਦੀਪ ਪਾਠਕ ਤੇ ਹੋਰ ਹਰਿਆਣਾ ਇਕਾਈ ਦੇ ਆਗੂ ਕਰਨਗੇ। ਗੌਰਤਲਬ ਹੈ ਕਿ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਬੰਦ ਹੋਣ ਕਰਕੇ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਮੁੱਖ ਜ਼ਿੰਮੇਵਾਰੀ ਤਿੰਨਾਂ ਆਗੂਆਂ ਦੇ ਮੋਢੇ ’ਤੇ ਹੈ। ਇਸੇ ਕਰਕੇ ਤਿੰਨਾਂ ਆਗੂਆਂ ਵੱਲੋਂ ਸਾਂਝੀ ਰਣਨੀਤੀ ਤਹਿਤ ਹਰਿਆਣਾ ਵਿਧਾਨ ਸਭਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।