Sweden School Shooting ਸਵੀਡਨ: ਸਿੱਖਿਆ ਕੇਂਦਰ ’ਚ ਗੋਲੀਬਾਰੀ, ਹਮਲਾਵਰ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ, 5 ਗੰਭੀਰ ਜ਼ਖਮੀ
ਓਰੇਬਰੋ (ਸਵੀਡਨ), 5 ਫਰਵਰੀ
ਸਟਾਕਹੋਮ ਦੇ ਪੱਛਮ ਵਿੱਚ ਇੱਕ ਬਾਲਗ ਸਿੱਖਿਆ ਕੇਂਦਰ ਵਿੱਚ ਸਵੀਡਨ ਦੀ ਸਭ ਤੋਂ ਭਿਆਨਕ ਗੋਲੀਬਾਰੀ ਵਿੱਚ ਬੰਦੂਕਧਾਰੀ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਪੰਜ ਵਿਅਕਤੀਆਂ ਦੀ ਸਰਜਰੀ ਕੀਤੀ ਗਈ, ਜਿੰਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਸਾਰੇ ਪੀੜਤ 18 ਸਾਲ ਤੋਂ ਵੱਧ ਉਮਰ ਦੇ ਹਨ।
ਜ਼ਿਕਰਯੋਗ ਹੈ ਕਿ ਕੈਂਪਸ ਰਿਸਬਰਗਸਕਾ ਨਾਂ ਦਾ ਸਕੂਲ 20 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਪ੍ਰਾਇਮਰੀ ਅਤੇ ਸੈਕੰਡਰੀ ਵਿੱਦਿਅਕ ਕਲਾਸਾਂ, ਪ੍ਰਵਾਸੀਆਂ ਲਈ ਸਵੀਡਿਸ਼-ਭਾਸ਼ਾ ਦੀਆਂ ਕਲਾਸਾਂ, ਬੌਧਿਕ ਅਸਮਰਥਤਾਵਾਂ ਵਾਲੇ ਲੋਕਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਕਿੰਗ ਕਾਰਲ XVI ਗੁਸਤਾਫ ਅਤੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਰਾਇਲ ਪੈਲੇਸ ਅਤੇ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕਾਉਣ ਦਾ ਆਦੇਸ਼ ਦਿੱਤਾ।
ਸਵੀਡਿਸ਼ ਨਿਊਜ਼ ਏਜੰਸੀ ਟੀਟੀ ਨੇ ਰਿਪੋਰਟ ਦਿੱਤੀ ਕਿ ਮੰਗਲਵਾਰ ਦੁਪਹਿਰ ਨੂੰ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਕਈ ਵਿਦਿਆਰਥੀ ਰਾਸ਼ਟਰੀ ਪ੍ਰੀਖਿਆ ਤੋਂ ਬਾਅਦ ਘਰ ਚਲੇ ਗਏ ਸਨ। ਗੋਲੀਬਾਰੀ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਅਤੇ ਸਕੂਲ ਦੇ ਹੋਰ ਹਿੱਸਿਆਂ ਨੂੰ ਬਾਹਰ ਕੱਢ ਲਿਆ ਗਿਆ।
ਸਥਾਨਕ ਪੁਲੀਸ ਦੇ ਮੁਖੀ ਰੌਬਰਟੋ ਈਦ ਫੋਰੈਸਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਸ਼ੱਕੀ ਬੰਦੂਕਧਾਰੀ ਵੀ ਸ਼ਾਮਲ ਹੈ। ਇਸ ਬਾਰੇ ਪਹਿਲਾਂ ਕੋਈ ਚੇਤਾਵਨੀ ਨਹੀਂ ਸੀ ਅਤੇ ਪੁਲੀਸ ਦਾ ਮੰਨਣਾ ਹੈ ਕਿ ਅਪਰਾਧੀ ਨੇ ਇਕੱਲੇ ਹੀ ਕੰਮ ਕੀਤਾ ਸੀ, ਹਾਲੇ ਪੁਲੀਸ ਨੇ ਇਹ ਨਹੀਂ ਕਿਹਾ ਹੈ ਕਿ ਕੀ ਉਹ ਵਿਅਕਤੀ ਸਕੂਲ ਦਾ ਵਿਦਿਆਰਥੀ ਸੀ। -ਏਪੀ