ਸਵਾਤੀ ਮਾਲੀਵਾਲ ਮਾਮਲਾ: ਸੁਪਰੀਮ ਕੋਰਟ ਨੇ ਵਿਭਵ ਕੁਮਾਰ ਦੇ ਵਤੀਰੇ ’ਤੇ ਚੁੱਕੇ ਸਵਾਲ
ਨਵੀਂ ਦਿੱਲੀ, 1 ਅਗਸਤ
ਸੁਪਰੀਮ ਕੋਰਟ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਤਾੜਨਾ ਕਰਦਿਆਂ ਸਵਾਲ ਕੀਤਾ, ‘‘ਕੀ ਇਸ ਤਰ੍ਹਾਂ ਦੇ ਗੁੰਡੇ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਕੰਮ ਕਰਨਾ ਚਾਹੀਦਾ ਹੈ।’’ ਵਿਭਵ ਕੁਮਾਰ ਨੇ ਲੰਘੇ ਮਈ ਮਹੀਨੇ ਵਿੱਚ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਸੀ। ਜਸਟਿਸ ਸੂਰਿਆਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਉੱਜਲ ਭੂਇਆਂ ਦੇ ਬੈਂਚ ਨੇ ਕੁਮਾਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅਗਲੇ ਬੁੱਧਵਾਰ ਲਈ ਸੂਚੀਬੱਧ ਕੀਤੀ ਹੈ।
ਬੈਂਚ ਨੇ ਵਿਭਵ ਕੁਮਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਕਿ ਅਦਾਲਤ ਦਿੱਲੀ ਹਾਈ ਕੋਰਟ ਵੱਲੋਂ ਦਰਜ ਕੀਤੀ ਗਈ ਘਟਨਾ ਦੇ ਵੇਰਵਿਆਂ ਤੋਂ ਹੈਰਾਨ ਹੈ। ਵਿਭਵ ਕੁਮਾਰ ਨੇ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਦਿੱਲੀ ਹਾਈ ਕੋਰਟ ਦੇ 12 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਖਿਲਾਫ ਦੋਸ਼ ਝੂਠੇ ਹਨ। ਉਸ ਨੇ ਇਹ ਵੀ ਕਿਹਾ ਹੈ ਕਿ ਜਾਂਚ ਪੂਰੀ ਹੋਣ ਕਰ ਕੇ ਹੁਣ ਉਸ ਦੀ ਹਿਰਾਸਤ ਦੀ ਲੋੜ ਨਹੀਂ ਹੈ। ਸਿਖਰਲੀ ਅਦਾਲਤ ਨੇ ਵਿਭਵ ਕੁਮਾਰ ਦੀ ਪਟੀਸ਼ਨ ’ਤੇ ਦਿੱਲੀ ਸਰਕਾਰ ਨੂੰ ਇਕ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ, ‘‘ਵਿਭਵ ਕੁਮਾਰ ਨੇ ਅਜਿਹਾ ਵਿਹਾਰ ਕੀਤਾ ਜਿਵੇਂ ਕੋਈ ‘ਗੁੰਡਾ’ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋ ਗਿਆ ਹੋਵੇ।’’ -ਪੀਟੀਆਈ