ਸਵਾਤੀ ਮਾਲੀਵਾਲ ’ਤੇ ਦਿੱਲੀ ਸਰਕਾਰ ਵਿਰੁੱਧ ‘ਫਰਜ਼ੀ’ ਦਾਅਵੇ ਕਰਨ ਦਾ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਮਹਿਲਾ ਕਮਿਸ਼ਨ ਮੈਂਬਰ ਕਿਰਨ ਨੇਗੀ ਅਤੇ ਫਿਰਦੌਸ ਖਾਨ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਦਿੱਲੀ ਸਰਕਾਰ ’ਤੇ ਹਾਲ ਹੀ ਵਿੱਚ ਲਾਏ ਗਏ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਵਾਤੀ ਨੂੰ ਇੱਕ ਪੱਤਰ ਲਿਖ ਕੇ ਉਸ ’ਤੇ 700 ਤੋਂ ਵੱਧ ਔਰਤਾਂ ਦੇ ਸੰਘਰਸ਼ ਨੂੰ ਆਪਣੇ ਨਿੱਜੀ ਸਿਆਸੀ ਲਾਭ ਲਈ ਵਰਤਣ ਦਾ ਦੋਸ਼ ਵੀ ਲਗਾਇਆ ਹੈ। ਦੱਸ ਦੇਈਏ ਕਿ ਮਾਲੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਨੂੰ ਲੋੜੀਂਦੇ ਫੰਡ ਜਾਰੀ ਕਰਨ ਵਿੱਚ ਅਸਫ਼ਲ ਰਹਿਣ ’ਤੇ ਦਿੱਲੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਸੀ। ਨੇਗੀ ਅਤੇ ਫਿਰਦੋਸ ਨੇ ਇਨ੍ਹਾਂ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ 2015 ਤੋਂ ਲੈ ਕੇ ਹੁਣ ਤੱਕ ਦਿੱਲੀ ਮਹਿਲਾ ਕਮਿਸ਼ਨ ਦੇ ਬਜਟ ਵਿੱਚ ਚੋਖਾ ਵਾਧਾ ਕੀਤਾ ਹੈ। ਬਜਟ ਸਿਰਫ ਦੋ ਸਾਲਾਂ ਵਿੱਚ 5 ਕਰੋੜ ਰੁਪਏ ਤੋਂ ਵਧ ਕੇ 35 ਕਰੋੜ ਰੁਪਏ ਹੋ ਗਿਆ, ਜਿਸ ਨਾਲ ਕੰਮਕਾਜ ਦੇ ਵਿਸਥਾਰ ਦੀ ਇਜਾਜ਼ਤ ਦਿੱਤੀ ਗਈ। ਇਸ ਪੱਤਰ ਰਾਹੀਂ ਸਵਾਤੀ ਮਾਲੀਵਾਲ ਵੱਲੋਂ 181 ਮਹਿਲਾ ਹੈਲਪਲਾਈਨ ਨੂੰ ਬੰਦ ਕਰਨ ਅਤੇ ਦਿੱਲੀ ਮਹਿਲਾ ਕਮਿਸ਼ਨ ਨੂੰ ਫੰਡ ਰੋਕਣ ਦੇ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ। ਨੇਗੀ ਨੇ ਦੋਸ਼ ਲਾਇਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਨਵੰਬਰ 2023 ਤੋਂ ਡੀਸੀਡਬਲਿਊ ਦੇ ਫੰਡਾਂ ਨੂੰ ਰੋਕ ਦਿੱਤਾ ਹੈ। ਨੇਗੀ ਅਤੇ ਫਿਰਦੋਸ ਨੇ ਕਿਹਾ ਕਿ ਮਾਲੀਵਾਲ ਚੁਣੀ ਹੋਈ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਐੱਲਜੀ ਅਤੇ ਹੋਰਾਂ ਨੂੰ ਬੇਨਕਾਬ ਕਰਨ ’ਤੇ ਧਿਆਨ ਕੇਂਦਰਿਤ ਕਰਨ, ਜੋ ਕਮਿਸ਼ਨ ਦੀ ਮੌਜੂਦਾ ਸਥਿਤੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਹਨ।