For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਵਿੱਚ ਹੰਸ ਰਾਜ ਹੰਸ ਦਾ ਵਿਰੋਧ

07:30 AM May 25, 2024 IST
ਪਿੰਡਾਂ ਵਿੱਚ ਹੰਸ ਰਾਜ ਹੰਸ ਦਾ ਵਿਰੋਧ
ਚੜਿੱਕ ਵਿੱਚ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਰੋਕਦੀ ਹੋਈ ਪੁਲੀਸ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਮਈ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਵਿਰੋਧ ਦਾ ਸਿਲਸਿਲਾ ਜਾਰੀ ਹੈ। ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਅੱਜ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਡਟਵਾਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਹੱਥ ਵਿੱਚ ਕਾਲੇ ਅਤੇ ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਭਾਜਪਾ ਉਮੀਦਵਾਰ ਨੂੰ ਸ਼ਾਂਤੀਪੂਰਵਕ ਸਵਾਲ ਕਰਨ ਵਾਸਤੇ ਇਕੱਠੇ ਹੋਏ ਸਨ, ਪਰ ਪੁਲੀਸ ਭਾਜਪਾ ਉਮੀਦਵਾਰ ਤੇ ਕਿਸਾਨਾਂ ਵਿਚਾਲੇ ਕੰਧ ਬਣ ਕੇ ਖੜ੍ਹੀ ਹੋ ਗਈ ਜਿਸ ਕਾਰਨ ਭਾਜਪਾ ਉਮੀਦਵਾਰ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ।
ਇਸ ਮੌਕੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹਰ ਵਰਗ ਭਾਜਪਾ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਹ ਪਿੰਡ ਕਾਲੀਏਵਾਲਾ ਤੇ ਜ਼ਿਲ੍ਹੇ ਸਭ ਤੋਂ ਵੱਡੇ ਪਿੰਡ ਚੜਿੱਕ ਤੇ ਹੋਰ ਪਿੰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਕਿਸਾਨਾਂ ਦੇ ਵਿਰੋਧ ਦੇ ਸਵਾਲ ’ਤੇ ਕਿਹਾ ਕਿ ਇੱਕ ਲੋਕਤੰਤਰੀ ਸਮਾਜ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਅਤੇ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ।
ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਇੱਕ ਭਾਵੁਕ ਵੀਡੀਓ ਵਾਇਰਲ ਹੋ ਰਹੀ ਹੈ। ਪਿੰਡ ਦੌਲਤਪੁਰਾ ਵਿੱਚ ਇੱਕ ਚੋਣ ਮੀਟਿੰਗ ਦੀ ਵੀਡੀਓ ਵਿੱਚ ਉਹ ਭਾਵੁਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸਿਰ ਕਿਸਾਨਾਂ ਅੱਗੇ ਝੁਕਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਪਹਿਲੀ ਤਰੀਕ (ਪਹਿਲੀ ਜੂਨ, ਜਿਸ ਦਿਨ ਪੰਜਾਬ ’ਚ ਵੋਟਿੰਗ ਹੋਣੀ ਹੈ।) ਤੱਕ ਜਿਉਂਦੇ ਰਹੇ ਤਾਂ ਮਿਲਾਂਗੇ। ਜੇਕਰ ਮੈਨੂੰ ਕੁਝ ਹੋਇਆ ਤਾਂ ਇਸ ਸੋਚ ਨੂੰ ਕਾਇਮ ਰੱਖਿਓ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਮੌਤ ਤੋਂ ਨਹੀਂ ਡਰਦਾ। ਫ਼ਕੀਰ ਕਾਹਦਾ ਜਿਹੜਾ ਮੌਤ ਤੋਂ ਡਰੇ। ... ਮੇਰੀ ਸੋਚ ਨੂੰ ਕਾਇਮ ਰੱਖਿਓ ਮੇਰੇ ਤੋਂ ਬਾਅਦ ਅਜਿਹੇ ਬੰਦੇ ਜ਼ਰੂਰ ਅੱਗੇ ਲਿਆਇਓ ਜਿਹੜੇ ਗ਼ਰੀਬੀ, ਬਿਮਾਰੀ ਤੇ ਗ਼ਰੀਬ ਅਮੀਰ ਦਾ ਪਾੜਾ ਖ਼ਤਮ ਕਰ ਸਕਣ।’’

Advertisement

ਹੰਸ ਰਾਜ ਹੰਸ ਨੇ ਸਾਜ਼ਿਸ਼ ਤਹਿਤ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ: ਡੱਲੇਵਾਲ

ਸੰਗਰੂਰ/ਖਨੌਰੀ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੋਸ਼ ਲਾਇਆ ਹੈ ਕਿ ਹਲਕਾ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਗਿਣੀ-ਮਿਥੀ ਸਾਜ਼ਿਸ਼ ਤਹਿਤ ਕਿਸਾਨਾਂ ਦੀ ਭੀੜ ਵਿੱਚ ਆਇਆ ਸੀ, ਜਿਸਨੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਖਨੌਰੀ ਬਾਰਡਰ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਜਦੋਂ ਪਤਾ ਹੈ ਕਿ ਪੁਲੀਸ ਵੱਲੋਂ ਨਾਕਾਬੰਦੀ ਕਰ ਕੇ ਕਿਸਾਨਾਂ ਨੂੰ ਰੋਕਿਆ ਹੋਇਆ ਹੈ ਤਾਂ ਹੰਸ ਕਿਸਾਨਾਂ ਦੀ ਭੀੜ ਵਿੱਚ ਕਿਉਂ ਆਏ? ਸ੍ਰੀ ਡੱਲੇਵਾਲ ਨੇ ਕਿਹਾ ਕਿ ਹੰਸ ਰਾਜ ਹੰਝੂ ਵਹਾ ਰਿਹਾ ਹੈ ਕਿ ਕਿਸਾਨ ਉਸ ’ਤੇ ਕਿਰਪਾਨਾਂ ਲੈ ਕੇ ਆਏ ਅਤੇ ਉਸਦੀ ਗੱਡੀ ਭੰਨ ਦਿੱਤੀ। ਸ੍ਰੀ ਡੱਲੇਵਾਲ ਨੇ ਦੋਸ਼ ਲਾਇਆ ਕਿ ਹੰਸ ਨੇ ਗੱਡੀ ਦੇ ਫੇਟ ਮਾਰ ਕੇ ਉਨ੍ਹਾਂ ਦਾ ਕਿਸਾਨ ਜ਼ਖ਼ਮੀ ਕੀਤਾ ਹੈ। ਉਲਟਾ ਸਾਡੇ ਕਿਸਾਨਾਂ ਉਪਰ ਹੀ ਹਮਲੇ ਦੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਇੱਕ ਕਿਸਾਨ ਨੇ ਹੰਸ ਰਾਜ ਹੰਸ ਦੀ ਗੱਡੀ ਨੂੰ ਹੱਥ ਤੱਕ ਨਹੀਂ ਲਗਾਇਆ। ਅਜਿਹੇ ਬਿਆਨ ਦੇ ਕੇ ਹੰਸ ਰਾਜ ਹੰਸ ਨੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭ ਧਰਮਾਂ ਦੇ ਲੋਕ ਪੂਰੀ ਤਰਾਂ ਇੱਕਜੁੱਟ ਹਨ ਅਤੇ ਪੰਜਾਬ ਦੇ ਸਭ ਵਰਗਾਂ ਦੇ ਲੋਕਾਂ ਦੀ ਆਪਸੀ ਸਾਂਝ ਹੈ ਪਰੰਤੂ ਇਹ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੇ ਹਨ।

Advertisement
Author Image

joginder kumar

View all posts

Advertisement
Advertisement
×