ਸਵੱਛ ਸਰਵੇਖਣ: ਚੰਡੀਗੜ੍ਹ ਨੂੰ ਅੱਵਲ ਬਣਾਉਣ ਲਈ ਮੁਹਿੰਮ
ਮੁਕੇਸ਼ ਕੁਮਾਰ
ਚੰਡੀਗੜ੍ਹ, 18 ਜੁਲਾਈ
ਚੰਡੀਗੜ੍ਹ ਵਿੱਚ ਸਵੱਛਤਾ ਨੂੰ ਉਤਸ਼ਾਹਿਤ ਕਰਨ ਅਤੇ ਕੂੜੇ ਨੂੰ ਸਰੋਤ ਪੱਧਰ ’ਤੇ ਹੀ ਵੱਖੋ ਵੱਖਰਾ ਕਰਨ ਦੀ ਮਹੱਤਤਾ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਅੱਜ ਇਥੇ ਪਿੰਡ ਕਿਸ਼ਨਗੜ੍ਹ ਵਿੱਚ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਅਤੇ ਸ਼ਹਿਰ ਦੇ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਅਤੇ ਭਜਨ ਗਾਇਕ ਕਨ੍ਹੱਈਆ ਮਿੱਤਲ ਨੇ ਜਾਗਰੂਕਤਾ ਮੁਹਿੰਮ ਚਲਾਈ।
ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਸਿਹਤਮੰਦ ਅਤੇ ਟਿਕਾਊ ਵਾਤਾਵਰਨ ਲਈ ਸਵੱਛਤਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਸਵੱਛ ਭਾਰਤ ਮਿਸ਼ਨ ਇੱਕ ਕੌਮੀ ਅੰਦੋਲਨ ਹੈ ਜਿਸ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਦੀ ਅੰਦੋਲਨ ਵਿੱਚ ਅੱਗੇ ਹੋਕੇ ਸ਼ਾਮਲ ਹੋਈਏ ਅਤੇ ਸ਼ਹਿਰ ਨੂੰ ਸਵੱਛ ਬਣਾਉਣ ਵਿੱਚ ਯੋਗਦਾਨ ਪਾਈਏ।’’ ਮੇਅਰ ਨੇ ਕਿਸ਼ਨਗੜ੍ਹ ਦੇ ਨਾਗਰਿਕਾਂ ਨੂੰ ਵਾਤਾਵਰਨ ਪੱਖੀ ਅਮਲ ਅਪਣਾਉਣ ਤੇ ਆਪਣੇ ਕੂੜੇ ਨੂੰ ਸੁੱਕੇ, ਗਿੱਲੇ, ਖਤਰਨਾਕ, ਸੈਨੇਟਰੀ ਅਤੇ ਘਰੇਲੂ ਸ਼੍ਰੇਣੀਆਂ ਵਿੱਚ ਵੱਖੋ ਵੱਖਰਾ ਵੰਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਦੇ ਸਹੀ ਨਿਪਟਾਰੇ ਨਾਲ ਨਾ ਸਿਰਫ਼ ਸਾਫ਼-ਸੁਥਰਾ ਵਾਤਾਵਰਣ ਯਕੀਨੀ ਹੋਵੇਗਾ ਬਲਕਿ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਬ੍ਰਾਂਡ ਅੰਬੈਸਡਰ ਕਨ੍ਹੱਈਆ ਮਿੱਤਲ ਨੇ ਨਾਗਰਿਕਾਂ ਨੂੰ ਆਪਣੇ ਕੂੜੇ ਦੀ ਜ਼ਿੰਮੇਵਾਰੀ ਲੈਣ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰੋਗਰਾਮ ਵਿੱਚ ਇਲਾਕਾ ਵਾਸੀਆਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਥਾਨਕ ਵਾਸੀਆਂ ਨੂੰ ‘ਮੇਰਾ ਸ਼ਹਿਰ ਮੇਰੀ ਪਹਿਚਾਣ’ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਜਾਗਰੂਕਤਾ ਦੇ ਪੈਂਫਲੇਟ ਵੀ ਵੰਡੇ। ਪ੍ਰੋਗਰਾਮ ਤੋਂ ਬਾਅਦ ਮੇਅਰ ਅਨੂਪ ਗੁਪਤਾ ਨੇ ਸਥਾਨਕ ਵਾਸੀਆਂ ਨਾਲ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਨਗਰ ਨਿਗਮ ਦੇ ਇੰਜੀਨੀਅਰਾਂ ਨੂੰ ਖੇਤਰ ਵਿੱਚ ਨੁਕਸਾਨੀਆਂ ਗਈਆਂ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਨ ਤੇ ਹੋਰ ਸਹੂਲਤਾਂ ਨੂੰ ਸੁਚਾਰੂ ਕਰਨ ਲਈ ਕਿਹਾ।