ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗਾ ਸਤਲੁਜ ਦਰਿਆ
* ਰਣਜੀਤ ਸਾਗਰ ਡੈਮ ਦੀ ਝੀਲ ’ਚ ਪਾਣੀ ਦਾ ਪੱਧਰ ਵਧਣਾ ਜਾਰੀ
* ਘੱਗਰ, ਮਾਰਕੰਡਾ, ਐੱਸਵਾਈਐੱਲ ਖਤਰੇ ਦੇ ਨਿਸ਼ਾਨ ਤੋਂ ਉੱਪਰ
ਗਗਨਦੀਪ ਅਰੋੜਾ/ਐਨਪੀ ਧਵਨ/ਸਰਬਜੀਤ ਸਿੰਘ ਭੰਗੂ
ਲੁਧਿਆਣਾ/ਪਠਾਨਕੋਟ/ਪਟਿਆਲਾ, 10 ਜੁਲਾਈ
ਜ਼ਿਲ੍ਹਾ ਲੁਧਿਆਣਾ ਵਿੱਚ ਸਤਲੁਜ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਦੀ ਨੀਂਦ ਉੱਡੀ ਹੋਈ ਹੈ। ਪ੍ਰਸ਼ਾਸਨ ਨੇ ਦਰਿਆ ਵਿੱਚ ਪਾਣੀ ਨੂੰ ਦੇਖਦੇ ਹੋਏ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਹੈ ਤੇ ਕਈਆਂ ਲਈ ਅਲਰਟ ਵੀ ਜਾਰੀ ਕੀਤਾ ਹੈ। ਮੁਲਾਜ਼ਮਾਂ ਨੂੰ 24 ਘੰਟੇ ਸਥਿਤੀ ’ਤੇ ਨਿਗਾਹ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਲ ਹੀ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਡੀਸੀ ਤੋਂ ਲੈ ਕੇ ਪ੍ਰਸ਼ਾਸਨ ਸਣੇ ਕਈ ਵਿਭਾਗਾਂ ਦੇ ਅਫ਼ਸਰ ਦਰਿਆ ਨੇੜੇ ਦੌਰੇ ਕਰ ਰਹੇ ਹਨ। ਬਚਾਅ ਟੀਮਾਂ ਹਾਈ ਅਲਰਟ ’ਤੇ ਹਨ। ਉੱਧਰ, ਪਾਣੀ ਦੀ ਪੱਧਰ ਦੇਖਦੇ ਹੋਏ ਲੋਕਾਂ ਦੀਆਂ ਪ੍ਰੇਸ਼ਾਨੀ ਵੀ ਵਧਦੀਆਂ ਦਾ ਰਹੀਆਂ ਹਨ।
ਸਤੁਲਜ ਪੁਲ ਨੇੜੇ ਬਣੀ ਦਰਗਾਹ ਤੇ ਸ਼ਨੀ ਦੇਵ ਦੇ ਮੰਦਿਰ ਵਿੱਚ ਕਈ ਕਈ ਫੁੱਟ ਪਾਣੀ ਭਰ ਚੁੱਕਿਆ ਹੈ। ਸਤਲੁਜ ਦਰਿਆ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਬੀਤੇ ਦਨਿੀਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਥੱਲੇ ਵਹਿ ਰਿਹਾ ਸੀ ਪਰ ਅੱਜ ਸਵੇਰੇ ਹੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਜੇਕਰ ਪਿੱਛੋਂ ਪਾਣੀ ਹੋਰ ਛੱਡਿਆ ਗਿਆ ਤਾਂ ਸਤਲੁਜ ਨੇੜੇ ਸੈਂਕੜੇ ਪਿੰਡਾਂ ਵਿੱਚ ਹੜ੍ਹ ਆ ਜਾਏਗਾ।
ਦੂਜੇ ਪਾਸੇ ਬੀਤੀ ਰਾਤ ਵੀ ਸਤਲੁਜ ਦਰਿਆ ਨੇੜਲੇ ਪਿੰਡਾਂ ਤਲਵੰਡੀ, ਭੌਂਕੜਾ, ਸ਼ਨੀ, ਰਾਜੇਪੁਰ, ਲਾਡੋਵਾਲ ਆਦਿ ’ਚ ਲੋਕਾਂ ਨੇ ਸੜਕਾਂ ’ਤੇ ਰਾਤ ਗੁਜ਼ਾਰੀ। ਪਿੰਡ ਦੇ ਲੋਕ ਦਰਿਆ ਦੇ ਆਲੇ ਦੁਆਲੇ ਪਹਿਰਾ ਦਿੰਦੇ ਰਹੇ। ਕਈ ਪਿੰਡਾਂ ਵਿੱਚ ਤਾਂ ਪ੍ਰਸ਼ਾਸਨ ਨੇ ਪਹਿਲਾਂ ਹੀ ਬਚਾਅ ਕਾਰਜਾਂ ਦਾ ਸਾਮਾਨ ਭੇਜ ਦਿੱਤਾ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਵਧਦੇ ਹੀ ਅੱਜ ਪਿੰਡ ਵਲੀਪੁਰ ਨੇੜੇ ਬੁੱਢੇ ਨਾਲੇ ਦੇ ਇੱਕ ਹਿੱਸੇ ਵਿੱਚ ਪਾੜ ਪੈ ਗਿਆ ਜਿਸ ਕਰਕੇ ਪਿੰਡ ਖਹਿਰਾ ਬੇਟ ਤੇ ਵਲੀਪੁਰ ਦੇ ਇਲਾਕਿਆਂ ਵਿਚ ਪਾਣੀ ਆ ਗਿਆ। ਇੱਥੇ ਦੇ ਕੁਝ ਇਲਾਕੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਖੇਤਾਂ ’ਚ ਵੀ ਦਾਖਲ ਹੋ ਗਿਆ। ਖਹਿਰਾ ਬੇਟ ਦੇ ਹਰਦੀਪ ਸਿੰਘ ਲੱਕੀ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀ ਕਾਰਨ ਬੁੱਢਾ ਨਾਲਾ ਓਵਰਫਲੋਅ ਹੋ ਗਿਆ ਹੈ, ਜਿਸ ਕਰਕੇ ਪਾਣੀ ਖੇਤਾਂ ਵਿੱਚ ਆ ਗਿਆ ਹੈ। ਇਸ ਤੋਂ ਇਲਾਵ ਸਤਲੁਜ ਕਰਕੇ ਪਿੰਡ ਗੜ੍ਹੀ ਫਜ਼ਲ, ਕਾਸਬਾਦ, ਭੋਲੇਵਾਲ ਖਾਦਿਮ ਤੇ ਵਲੀਪੁਰੀ ਇਲਾਕੇ ਵਿੱਚ ਸਤਲੁਜ ਦਾ ਪਾਣੀ ਆ ਗਿਆ।
ਇਸ ਦੌਰਾਨ ਪਠਾਨਕੋਟ ਸਥਿਤ ਰਣਜੀਤ ਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਝੀਲ ਵਿੱਚ ਪਾਣੀ ਦਾ ਪੱਧਰ ਅੱਜ 521.15 ਮੀਟਰ ’ਤੇ ਪਹੁੰਚ ਗਿਆ ਹੈ। 25 ਵਰਗ ਕਿਲੋਮੀਟਰ ਦੀ ੲਿਸ ਝੀਲ ਵਿੱਚ ਪਿਛਲੇ ਦੋ ਦਨਿਾਂ ਦੌਰਾਨ ਪਾਣੀ ਦੇ ਪੱਧਰ ਵਿੱਚ 8 ਮੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦੀ ਝੀਲ ਦੇ ਉੱਪਰ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਚਮੇਰਾ ਪ੍ਰਾਜੈਕਟ ਵੱਲੋਂ 4 ਫਲੱਡ ਗੇਟ ਖੋਲ੍ਹੇ ਗਏ ਸਨ, ਜਨਿ੍ਹਾਂ ਵਿੱਚੋਂ ਇੱਕ ਅੱਜ ਬੰਦ ਕਰ ਦਿੱਤਾ ਗਿਆ ਹੈ, ਜਦਕਿ 3 ਹਾਲੇ ਵੀ ਖੁੱਲ੍ਹੇ ਹਨ। ਇਨ੍ਹਾਂ ਫਲੱਡ ਗੇਟਾਂ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ 98 ਹਜ਼ਾਰ 130 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਬੀਤੀ ਸ਼ਾਮ ਝੀਲ ਵਿੱਚ ਪਾਣੀ ਦਾ ਪੱਧਰ 517.43 ਮੀਟਰ ਦਰਜ ਕੀਤਾ ਗਿਆ ਸੀ। ਰਣਜੀਤ ਸਾਗਰ ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਅਨੁਸਾਰ ਰਣਜੀਤ ਸਾਗਰ ਡੈਮ ਦੇ ਚਾਰੋਂ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਤੇ ਬਿਜਲੀ ਪੈਦਾ ਕਰਨ ਮਗਰੋਂ 20 ਹਜ਼ਾਰ 200 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈੱਡਵਰਕਸ ਵੱਲ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਰਵੀਆਂ ਬਰਸਾਤਾਂ ਨਾਲ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਸਿੰਜਾਈ ਲਈ ਪਾਣੀ ਦੀ ਮੰਗ ਘੱਟ ਗਈ ਹੈ, ਜਿਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਰੋਕਿਆ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਝੀਲ ਵਿੱਚ ਪਾਣੀ ਦੇ ਪੱਧਰ ਦਾ ਵਧਣਾ ਇੱਕ ਵਧੀਆ ਸੰਕੇਤ ਹੈ ਕਿਉਂਕਿ ਝੀਲ ਵਿੱਚ 527.99 ਮੀਟਰ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਤੇ ਹਾਲੇ ਪਾਣੀ ਦਾ ਪੱਧਰ 6 ਮੀਟਰ ਨੀਵਾਂ ਹੈ। ਉਨ੍ਹਾਂ ਕਿਹਾ ਕਿ ਕੈਚਮੈਂਟ ਖੇਤਰ ਵਿੱਚ ਮੀਂਹ ਰੁਕ ਗਿਆ ਹੈ, ਜਿਸ ਕਰਕੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ।
ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ’ਚ ਪਿਛਲੇ ਤਿੰਨ ਦਨਿਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਪਿਛਲੇ ਖੇਤਰਾਂ ਵਿੱਚੋਂ ਪਾਣੀ ਛੱਡਣ ਕਾਰਨ ਪਟਿਆਲਾ ਜ਼ਿਲ੍ਹਾ ਹੜ੍ਹਾਂ ਦੀ ਲਪੇਟ ਵਿਚ ਆ ਗਿਆ ਕਿਉਂਕਿ ਘੱਗਰ ਸਮੇਤ ਮਾਰਕੰਡਾ, ਐੱਸਵਾਈਐਲ, ਟਾਂਗਰੀ ਨਦੀ, ਢਕਾਣਸੂ ਨਕਾ ਤੇ ਪਟਿਆਲਾ ਨਦੀ ਆਦਿ ਸਾਰੇ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੇ ਹਨ। ਇੱਥੋਂ ਤਕ ਕਿ ਇਨ੍ਹਾਂ ਵਿੱਚੋਂ ਜਿੱਥੇ ਕਈ ਥਾਵਾਂ ’ਤੇ ਪਾੜ ਪੈ ਗਏ ਸਨ, ਉਥੇ ਹੀ ਘੱਗਰ ਦਰਿਆ ਤੇ ਨਰਵਾਣਾ ਬ੍ਰਾਂਚ ਨਹਿਰ ਕਈ ਥਾਵਾਂ ਤੋਂ ਉੱਛਲ ਚੁੱਕੀ ਹੈ ਜਿਸ ਕਾਰਨ ਖੇਤਾਂ ਵਿੱਚ ਕੱਲ੍ਹ ਤੋਂ ਭਰੇ ਪਾਣੀ ਦਾ ਪੱਧਰ ਹੋਰ ਵੀ ਉੱਚਾ ਹੋ ਗਿਆ। ਖੇਤਾਂ ਵਿਚਲੇ ਘਰਾਂ ਸਮੇਤ ਕਈ ਪਿੰਡ ਦੀ ਪਾਣੀ ਦੁਆਲੇ ਘਿਰੇ ਹੋਏ ਹਨ। ਸਥਿਤੀ ’ਤੇ ਕਾਬੂ ਰੱਖਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਦਨਿ ਰਾਤ ਇੱਕ ਕੀਤਾ ਹੋਇਆ ਹੈ।