ਘਪਲੇ ਦਾ ਸ਼ੱਕ: ਸਿੰਜਾਈ ਵਿਭਾਗ ਦੇ ਐਕਸੀਅਨ ਸਮੇਤ ਤਿੰਨ ਅਧਿਕਾਰੀ ਮੁਅੱਤਲ ਕੀਤੇ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਫਰਵਰੀ
ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਕ ਘਪਲੇ ਦੇ ਸ਼ੱਕ ਹੇਠ ਅੱਜ ਜਲ ਸਰੋਤ ਵਿਭਾਗ ਦੇ ਐਕਸੀਅਨ ਸਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅੱਜ ਜਾਰੀ ਹੋਏ ਹੁਕਮਾਂ ਅਨੁਸਾਰ ਜਲ ਸਰੋਤ ਮੰਤਰੀ ਨੇ ਕੈਨਾਲ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਗਗਨਦੀਪ ਗਿੱਲ, ਐੱਸਡੀਈ ਚੇਤਨ ਗੁਪਤਾ ਅਤੇ ਜੇ.ਈ. ਮਨੋਜ ਪ੍ਰਭਾਕਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਮੰਤਰੀ ਜੌੜਾਮਾਜਰਾ ਨੇ ਇਸ ਦੇ ਨਾਲ ਹੀ ਠੇਕੇਦਾਰ ਦੇ ਜਲ ਸਰੋਤ ਵਿਭਾਗ ਵਿੱਚ ਚੱਲ ਰਹੇ ਹੋਰ ਕੰਮਾਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ।
ਮੁਅੱਤਲੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਕਰਾਹਲੀ ਰੈਸਟ ਹਾਊਸ ਵਿੱਚੋਂ ਮਿੱਟੀ ਪੁੱਟ ਕੇ ਧਰਮਗੜ੍ਹ ਰਜਵਾਹਾ (ਕੈਨਾਲ ਡਿਸਟ੍ਰੀਬਿਊਟਰੀ) ਵਿੱਚ ਪਾਈ ਜਾ ਰਹੀ ਸੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰਜਵਾਹੇ ’ਤੇ ਨਾਂਮਾਤਰ ਹੀ ਮਿੱਟੀ ਪਾਈ ਜਾ ਰਹੀ ਹੈ। ਇਹ ਮਿੱਟੀ ਠੇਕੇਦਾਰ ਵੱਲੋਂ ਕਿਧਰੇ ਹੋਰ ਭੇਜੀ ਜਾ ਰਹੀ ਹੈ। ਮੰਤਰੀ ਨੇ ਇਸ ਬਾਰੇ ਟੌਲ ਪਲਾਜ਼ਾ ਤੋਂ ਗੱਡੀਆਂ ਦੀ ਮੂਵਮੈਂਟ ਵੀ ਚੈੱਕ ਕਰਵਾਈ ਹੈ ਜਿਸ ਤੋਂ ਜਾਪਦਾ ਹੈ ਕਿ ਅਧਿਕਾਰੀਆਂ ਵੱਲੋਂ ਠੇੇਕੇਦਾਰ ਨਾਲ ਮਿਲੀਭੁਗਤ ਕਰ ਕੇ ਘਪਲਾ ਕੀਤਾ ਜਾ ਰਿਹਾ ਸੀ।
ਜਲ ਸਰੋਤ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਦੋ ਸੀਨੀਅਰ ਅਧਿਕਾਰੀਆਂ ਤੋਂ ਕਰਵਾਈ ਜਾਵੇ ਅਤੇ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦਿੱਤੀ ਜਾਵੇ। ਜੇਕਰ ਵਿਭਾਗ ਵਿੱਚ ਸਬੰਧਤ ਠੇਕੇਦਾਰ ਦੇ ਹੋਰ ਕੰਮ ਚੱਲ ਰਹੇ ਹਨ ਤਾਂ ਉਨ੍ਹਾਂ ਕੰਮਾਂ ’ਤੇ ਪੜਤਾਲ ਮੁਕੰਮਲ ਹੋਣ ਤੱਕ ਆਰਜ਼ੀ ਰੋਕ ਜਾਰੀ ਰਹੇਗੀ। ਦੱਸਣਯੋਗ ਹੈ ਕਿ ਇਹ ਘੁਟਾਲਾ ਜਲ ਸਰੋਤ ਮੰਤਰੀ ਜੌੜਾਮਾਜਰਾ ਦੇ ਆਪਣੇ ਵਿਧਾਨ ਸਭਾ ਹਲਕਾ ਸਮਾਣਾ ਵਿੱਚ ਹੋਇਆ ਹੈ।
ਜੌੜਾਮਾਜਰਾ ਦੇ ਹੁਕਮਾਂ ਨੇ ਨਵੇਂ ਚਰਚੇ ਛੇੜੇ
ਜਲ ਸਰੋਤ ਵਿਭਾਗ ਵਿੱਚ ਅਧਿਕਾਰੀਆਂ ਦੀ ਮੁਅੱਤਲੀ ਦੇ ਇਨ੍ਹਾਂ ਹੁਕਮਾਂ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ। ਵਿਭਾਗ ਵਿੱਚ ਖਾਸ ਕਰ ਕੇ ਇੱਕ ਅਧਿਕਾਰੀ ਦੀ ਮੁਅੱਤਲੀ ’ਤੇ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਅਧਿਕਾਰੀ ਦਾ ਮਹਿਕਮੇ ਅੰਦਰ ਕਾਰਗੁਜ਼ਾਰੀ ਪੱਖੋਂ ਅਕਸ ਠੀਕ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਦਿਨੀਂ ਹਲਕਾ ਸਮਾਣਾ ਵਿੱਚ ਇਸ ਮਾਮਲੇ ਨੂੰ ਲੈ ਕੇ ਅੰਦਰੋ-ਅੰਦਰੀ ਕੁੱਝ ਹੋਰ ਹੀ ਖਿਚੜੀ ਰਿੱਝੀ ਸੀ ਅਤੇ ਚਰਚੇ ਇਹ ਵੀ ਹਨ ਕਿ ਇੱਕ ਅਧਿਕਾਰੀ ਨੂੰ ਕਿਸੇ ਖਾਸ ਥਾਂ ’ਤੇ ਮਿੱਟੀ ਭੇਜਣ ਲਈ ਕਿਹਾ ਗਿਆ ਸੀ ਜਿਸ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ।