For the best experience, open
https://m.punjabitribuneonline.com
on your mobile browser.
Advertisement

ਮੁਅੱਤਲੀ ਮਾਮਲਾ: ਕਰਮਚਾਰੀ ਯੂਨੀਅਨ ਪ੍ਰਧਾਨ ਦੇ ਹੱਕ ’ਚ ਡਟੇ ਮੁਲਾਜ਼ਮ

06:31 AM Jul 09, 2024 IST
ਮੁਅੱਤਲੀ ਮਾਮਲਾ  ਕਰਮਚਾਰੀ ਯੂਨੀਅਨ ਪ੍ਰਧਾਨ ਦੇ ਹੱਕ ’ਚ ਡਟੇ ਮੁਲਾਜ਼ਮ
ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ।
Advertisement

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 8 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਵੈਰੀਫਿਕੇਸ਼ਨ ਮਾਮਲੇ ਵਿੱਚ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਹੈਲਪਰ ਰਾਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਬੋਰਡ ਮੁਲਾਜ਼ਮਾਂ ਨੇ ਅੱਜ ਮੈਨੇਜਮੈਂਟ ਖ਼ਿਲਾਫ਼ ਵਿਸ਼ਾਲ ਰੋਸ ਰੈਲੀ ਕੀਤੀ। ਇਸ ਵਿੱਚ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਰੈਲੀ ਦੌਰਾਨ ਪਰਵਿੰਦਰ ਸਿੰਘ ਖੰਗੂੜਾ ਨੇ ਮੁਲਾਜ਼ਮਾਂ ਅੱਗੇ ਆਪਣਾ ਪੱਖ ਰੱਖਦਿਆਂ ਬੋਰਡ ਮੈਨੇਜਮੈਂਟ ’ਤੇ ਉਸ ਨੂੰ ਡੂੰਘੀ ਸਾਜ਼ਿਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਘਪਲਿਆਂ ਬਾਰੇ ਆਵਾਜ਼ ਚੁੱਕਦੇ ਆ ਰਹੇ ਹਨ ਜਿਸ ਕਾਰਨ ਉਹ ਸੀਨੀਅਰ ਅਫ਼ਸਰਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਅਤੇ ਹੁਣ ਉਸ ਦੀ ਆਵਾਜ਼ ਬੰਦ ਕਰਵਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਚੁੱਪ ਬੈਠਣ ਵਾਲੇ ਜਾਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਲਾਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਮੁਅੱਤਲ ਕਰਨਾ ਗ਼ੈਰਵਾਜਬ ਹੈ। ਪ੍ਰਧਾਨ ਨੇ ਜਾਂਚ ਅਧਿਕਾਰੀ ਦੀ ਰਿਪੋਰਟ ਨੂੰ ਤੱਥਹੀਣ ਦੱਸਦਿਆਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਜੇ ਇਸ ਕੇਸ ਵਿੱਚ ਇੱਕ ਫ਼ੀਸਦੀ ਸ਼ਮੂਲੀਅਤ ਵੀ ਸਾਬਤ ਹੋਈ ਤਾਂ ਉਹ ਨੌਕਰੀ ਤੋਂ ਅਸਤੀਫ਼ਾ ਦੇ ਦੇਣਗੇ।
ਸ੍ਰੀ ਖੰਗੂੜਾ ਨੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਵੈਰੀਫਿਕੇਸ਼ਨ ਸਬੰਧੀ ਜਿਸ ਮਾਮਲੇ ਵਿੱਚ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਹ 2023 ਵਿੱਚ ਵੈਰੀਫਿਕੇਸ਼ਨ ਬਰਾਂਚ ਵਿੱਚ ਆਉਣ ਤੋਂ ਪਹਿਲਾਂ ਹੀ ਸਿੰਗਲ ਵਿੰਡੋ ਤੋਂ ਕਿਸੇ ਨੇ ਵੈਰੀਫ਼ਾਈ ਕਰਕੇ ਪੰਜਾਬ ਫਾਰਮੇਸੀ ਕੌਂਸਲ ਨੂੰ ਭੇਜ ਦਿੱਤਾ ਸੀ। ਜਿਸ ਨੇ ਵੀ ਇਹ ਕੇਸ ਬਾਹਰੋਂ ਬਾਹਰ ਵੈਰੀਫ਼ਾਈ ਕੀਤਾ ਹੈ, ਉਨ੍ਹਾਂ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਕਥਿਤ ਸਾਜ਼ਿਸ਼ ਤਹਿਤ ਉਨ੍ਹਾਂ ਖ਼ਿਲਾਫ਼ ਇੱਕਤਰਫ਼ਾ ਕਾਰਵਾਈ ਕੀਤੀ ਗਈ। ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਕੁੱਝ ਆਗੂਆਂ ਨੇ ਮੁਅੱਤਲ ਕੀਤੇ ਮੁਲਾਜ਼ਮਾਂ ਨਾਲ ਖੜ੍ਹਨ ਦੀ ਥਾਂ ਰੈਲੀ ਦਾ ਬਾਈਕਾਟ ਕਰਕੇ ਬੋਰਡ ਮੈਨੇਜਮੈਂਟ ਦੇ ਪਿੱਠੂ ਹੋਣ ਦਾ ਸਬੂਤ ਦਿੱਤਾ ਹੈ। ਪੀਐੱਸਐੱਮਐੱਸਯੂ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ, ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਪੰਜਾਬ ਸਿਵਲ ਸਕੱਤਰੇਤ ਕਰਮਚਾਰੀ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਗੁਰਵਿੰਦਰ ਸਿੰਘ, ਪੈਨਸ਼ਨਰ ਵੈੱਲਫ਼ੇਅਰ ਦੇ ਪ੍ਰਧਨ ਕਰਮ ਸਿੰਘ ਧਨੋਆ, ਜਨਰਲ ਸਕੱਤਰ ਜਗਦੀਸ਼ ਸਿੰਘ, ਗੌਰਮਿੰਟ ਟੀਰਰਜ਼ ਯੂਨੀਅਨ ਤੋਂ ਮਨਪ੍ਰੀਤ ਸਿੰਘ ਗੋਸਲਾਂ, ਮੁਹਾਲੀ ਨਗਰ ਨਿਗਮ ਤੋਂ ਅਜਮੇਰ ਸਿੰਘ ਲੌਂਗੀਆ ਤੇ ਸੰਤੋਖ ਸਿੰਘ, ਬਾਗ਼ਵਾਨੀ ਵਿਭਾਗ ਤੋਂ ਸੁਰੇਸ਼ ਕੁਮਾਰ ਬਾਬਾ, ਪੰਜਾਬ ਲਘੂ ਉਦਯੋਗ ਤੋਂ ਤੇਜਿੰਦਰ ਸਿੰਘ, ਜਲ ਸਰੋਤ ਵਿਭਾਗ ਤੋਂ ਜਗਜੀਵਨ ਸਿੰਘ, ਪੀਐੱਸਐੱਸਐੱਫ਼-1680 ਤੋਂ ਪ੍ਰੇਮ ਚੰਦ ਅਤੇ ਕਰਤਾਰ ਸਿੰਘ ਪਾਲ ਵੀ ਖੰਗੂੜਾ ਦੇ ਸਮਰਥਨ ਵਿੱਚ ਪਹੁੰਚੇ।

Advertisement

Advertisement
Author Image

joginder kumar

View all posts

Advertisement
Advertisement
×