ਡੀਆਈਜੀ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਬਣਿਆ ਮੁਅੱਤਲ ਡੀਐੱਸਪੀ
ਪੱਤਰ ਪ੍ਰੇਰਕ
ਤਰਨ ਤਾਰਨ, 22 ਮਾਰਚ
ਇੱਥੋਂ ਦੀ ਅਦਾਲਤ ਨੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਇੰਦਰਬੀਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਡੀਐੱਸਪੀ ਰੈਂਕ ਦੇ ਪੁਲੀਸ ਅਧਿਕਾਰੀ ਨੂੰ ਵਾਅਦਾ ਮੁਆਫ਼ ਗਵਾਹ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਵਿਜੀਲੈਂਸ ਵਲੋਂ ਚਲਾਨ ਪੇਸ਼ ਕੀਤੇ ਗਏ ਹਨ ਜਿਸ ਨਾਲ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਵਾਅਦਾ ਮੁਆਫ਼ ਗਵਾਹ ਬਣੇ ਡੀਐੱਸਪੀ (ਸੇਵਾਵਾਂ ਤੋਂ ਮੁਅੱਤਲ) ਲਖਬੀਰ ਸਿੰਘ ਸੰਧੂ ਨੇ ਅਦਾਲਤ ਵਿੱਚ ਪੇਸ਼ ਕੀਤੇ ਹਲਫੀਆ ਬਿਆਨ ਵਿਚ ਕਿਹਾ ਕਿ ਉਸ ਨੇ ਡੀਆਈਜੀ ਇੰਦਰਬੀਰ ਸਿੰਘ ਨੂੰ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੇ ਗੈਰਕਾਨੂੰਨੀ ਹਿਰਾਸਤ ਵਿਚੋਂ ਰਿਹਾਅ ਕਰਵਾਉਣ ਅਤੇ ਉਸ ਨੂੰ ਨਸ਼ਿਆਂ ਦੇ ਇਕ ਹੋਰ ਮਾਮਲੇ ਵਿਚੋਂ ਕੱਢਣ ਲਈ 23 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਸਨ। ਇਸ ਤੋਂ ਇਲਾਵਾ ਹੋਰ ਮਾਮਲੇ ’ਚ 10 ਲੱਖ ਰੁਪਏ ਦਿੱਤੇ ਸਨ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਕੇਸ਼ ਕੁਮਾਰ ਸ਼ਰਮਾ ਨੇ ਇੰਦਰਬੀਰ ਸਿੰਘ ਨੂੰ ਪਹਿਲੀ ਅਪਰੈਲ ਨੂੰ ਮੁਲਜ਼ਮ ਵਜੋਂ ਹਾਜ਼ਰ ਹੋਣ ਦੇ ਸੰਮਨ ਜਾਰੀ ਕੀਤੇ ਹਨ।