ਕਾਲੇ ਜਾਦੂ ਦੇ ਸ਼ੱਕ ’ਚ ਪੁੱਤ ਨੇ ਮਾਂ ਦਾ ਕਤਲ ਕੀਤਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਨਵੰਬਰ
ਇੱਥੇ ਨੌਜਵਾਨ ਨੇ ਆਪਣੀ ਮਾਂ ਦੀ ਇਸ ਸ਼ੱਕ ਹੇਠ ਹੱਤਿਆ ਕਰ ਦਿੱਤੀ ਕਿ ਉਹ ਕਾਲਾ ਜਾਦੂ ਕਰਦੀ ਹੈ ਅਤੇ ਉਸ ਨੂੰ ਕੈਨੇਡਾ ਜਾਣ ਤੋਂ ਰੋਕਦੀ ਹੈ। ਪੁਲੀਸ ਅਨੁਸਾਰ ਇਸ ਘਟਨਾ ਦਾ ਪਤਾ 6 ਨਵੰਬਰ ਦੀ ਸ਼ਾਮ ਨੂੰ ਲੱਗਿਆ, ਜਦੋਂ ਅਪੋਲੋ ਹਸਪਤਾਲ ਨੇ ਉਸ ਨੂੰ ਸੂਚਿਤ ਕੀਤਾ ਕਿ ਔਰਤ ਦੀ ਲਾਸ਼ ਲਿਆਂਦੀ ਗਈ ਹੈ, ਜਿਸ ਦੇ ਸਰੀਰ ’ਤੇ ਚਾਕੂ ਦੇ ਨਿਸ਼ਾਨ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਪਣੀ ਮਾਂ ਦੇ ਕਤਲ ਮਗਰੋਂ ਮੁਲਜ਼ਮ ਕ੍ਰਿਸ਼ਨ ਕਾਂਤ (31) ਨੇ ਪਿਤਾ ਸੁਰਜੀਤ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ। ਪ੍ਰਾਪਰਟੀ ਡੀਲਰ ਸੁਰਜੀਤ, ਜਦੋਂ ਘਰ ਪਹੁੰਚਿਆ ਤਾਂ ਕ੍ਰਿਸ਼ਨ ਉਸ ਨੂੰ ਆਪਣੇ ਘਰ ਦੀ ਪਹਿਲੀ ਮੰਜ਼ਿਲ ’ਤੇ ਲੈ ਗਿਆ ਅਤੇ ਭੱਜਣ ਤੋਂ ਪਹਿਲਾਂ ਉਸ ਨੂੰ ਅੰਦਰ ਬੰਦ ਕਰ ਦਿੱਤਾ। ਸੁਰਜੀਤ ਪਹਿਲੀ ਮੰਜ਼ਿਲ ’ਤੇ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਗੀਤਾ ਨੂੰ ਖੂਨ ਨਾਲ ਲਥਪਥ ਦੇਖਿਆ। ਗੁਆਂਢੀਆਂ ਦੀ ਮਦਦ ਨਾਲ ਉਹ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਗੀਤਾ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰਜੀਤ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਕ੍ਰਿਸ਼ਨ ਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਕ੍ਰਿਸ਼ਨ ਬੇਰੁਜ਼ਗਾਰ ਸੀ ਤੇ ਨਸ਼ੇ ਕਰਦਾ ਸੀ ਅਤੇ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਉਸ ਦੀ ਮਾਂ ਉਸ ਨੂੰ ਪਹਿਲਾਂ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ। ਕ੍ਰਿਸ਼ਨ ਦਾ ਮੰਨਣਾ ਸੀ ਕਿ ਉਸ ਦੀ ਮਾਂ ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਾਲਾ ਜਾਦੂ ਕਰ ਰਹੀ ਸੀ ਤੇ ਇਸੇ ਕਾਰਨ ਉਸ ਨੇ ਚਾਕੂ ਨਾਲ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। ਪੁਲੀਸ ਨੂੰ ਸ਼ੱਕ ਹੈ ਕਿ ਕ੍ਰਿਸ਼ਨ ਤੇ ਉਸ ਦੀ ਮਾਂ ਵਿਚਕਾਰ ਵਿਆਹ ਕਾਰਨ ਝਗੜਾ ਵਧ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ।