ਬਿਜਲੀ ਦੀਆਂ ਕੁੰਡੀਆਂ ਫੜਨ ਆਈ ਟੀਮ ਦਾ ਘਿਰਾਓ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 24 ਸਤੰਬਰ
ਪਿੰਡ ਧੌਲਾ ਵਿੱਚ ਪਾਵਰਕੌਮ ਦੀ ਚੈਕਿੰਗ ਲਈ ਆਈ ਐਨਫੋਰਸਮੈਂਟ ਟੀਮ ਦਾ ਪਿੰਡ ਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ। ਧੌਲਾ ਵਿਚ ਐਨਫੋਰਸਮੈਂਟ ਦੀ ਟੀਮ ਐੱਸਡੀਓ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਸਵੇਰ ਸਾਰ ਪੁੱਜੀ, ਜਿਸ ਦਾ ਪਿੰਡ ਵਾਸੀਆਂ ਨੇ ਘਿਰਾਓ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਬਿਜਲੀ ਦੀ ਜਾਂਚ ਦੇ ਨਾਮ ’ਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪਾਵਰਕੌਮ ਦੇ ਕਰਮਚਾਰੀ ਕੰਧਾਂ ਟੱਪ ਕੇ ਘਰਾਂ ਅੰਦਰ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨਾਜਾਇਜ਼ ਜੁਰਮਾਨੇ ਲਗਾਏ ਜਾ ਰਹੇ ਹਨ। ਇਸ ’ਤੇ ਇਤਰਾਜ਼ ਕਰਦਿਆਂ ਪਿੰਡ ਵਾਸੀਆਂ ਨੇ ਟੀਮ ਦਾ ਘਿਰਾਓ ਕਰ ਕੇ ਸੜਕ ’ਤੇ ਧਰਨਾ ਲਗਾ ਦਿੱਤਾ। ਦੂਜੇ ਪਾਸੇ ਵੱਖ ਵੱਖ ਖੇਤਰਾਂ ਵਿਚ ਚੈਕਿੰਗ ਕਰ ਰਹੀਆਂ ਟੀਮਾਂ ਦੇ 50 ਦੇ ਕਰੀਬ ਕਰਮਚਾਰੀ ਆਪਣੀ ਚੈਕਿੰਗ ਟੀਮ ਦੀ ਹਮਾਇਤ ਵਿੱਚ ਆ ਗਏ।
ਇਸ ਤੋਂ ਬਾਅਦ ਪਿੰਡ ਦੇ ਤਿੰਨ ਵਾਸੀ ਵਾਟਰ ਵਰਕਸ ਦੀ ਟੈਂਕੀ ਉੱਪਰ ਚੜ੍ਹ ਗਏ, ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਪਾਏ ਨਾਜਾਇਜ਼ ਜੁਰਮਾਨੇ ਰੱਦ ਕੀਤੇ ਜਾਣ, ਉਹ ਤਾਂ ਹੀ ਟੈਂਕੀ ਤੋਂ ਉੱਤਰਨਗੇ। ਇਸ ਮੌਕੇ ਐਕਸੀਅਨ ਬਰਨਾਲਾ ਅਮਨਦੀਪ ਸਿੰਘ, ਡੀਐੱਸਪੀ ਤਪਾ ਗੁਰਬਿੰਦਰ ਸਿੰਘ, ਐੱਸਐੱਚਓ ਰੂੜੇਕੇ ਕਲਾਂ ਜਗਜੀਤ ਸਿੰਘ ਪੁੱਜੇ ਪਰ ਖ਼ਬਰ ਲਿਖਣ ਤਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।
ਇਸ ਮੌਕੇ ਬੀਕੇਯੂ ਆਗੂ ਜਗਜੀਤ ਸਿੰਘ ਜੱਗਾ (ਸਿੱਧੂਪੁਰ), ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਪਰਮਿੰਦਰ ਸਿੰਘ ਹੰਡਿਆਇਆ, ਦਰਸ਼ਨ ਸਿੰੰਘ ਮਹਿਤਾ (ਡਕੌਂਦਾ), ਕ੍ਰਾਂਤੀਕਾਰੀ ਯੂਨੀਅਨ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਪਾਵਰਕੌਮ ਦੀ ਚੈਕਿੰਗ ਟੀਮ ਦੇ ਹੱਕ ਵਿੱਚ ਧਰਨਾ
ਧੌਲਾ ਵਿਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵੱਲੋਂ ਪਾਵਰਕੌਮ ਦੀ ਚੈਕਿੰਗ ਟੀਮ ਦਾ ਘਿਰਾਓ ਕਰਨ ਤੋਂ ਬਾਅਦ ਮਾਮਲਾ ਸੁਲਝਣ ਦੀ ਥਾਂ ਹੋਰ ਉਲਝ ਗਿਆ। ਇਸ ਤੋਂ ਬਾਅਦ ਪਾਵਰਕੌਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਪਿੰਡ ਵਾਲਿਆਂ ਦੇ ਧਰਨੇ ਦੇ ਬਰਾਬਰ ਧਰਨਾ ਲਗਾ ਦਿੱਤਾ। ਪਤਾ ਲੱਗਾ ਹੈ ਕਿ ਪਾਵਰਕੌਮ ਅਧਿਕਾਰੀ ਜੁਰਮਾਨਾ ਘੱਟ ਕਰਨ ਦੀ ਗੱਲ ਤਾਂ ਕਹਿ ਰਹੇ ਹਨ ਪਰ ਰੱਦ ਕਰਨ ਦੇ ਰੌਂਅ ਵਿਚ ਨਹੀਂ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜੁਰਮਾਨੇ ਮੁਆਫ ਕਰਵਾਉਣ ਲਈ ਅੜੀਆਂ ਹੋਈਆਂ ਹਨ।