ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਮੱਲੀਆਂ ਵਾਲਾ ਤੇ ਮਸੀਤਾਂ ਵਿੱਚ ਹਾਕਮ ਧਿਰ ਦੇ ਵਿਧਾਇਕਾਂ ਦਾ ਘਿਰਾਓ

07:55 AM Oct 16, 2024 IST
ਮੱਲੀਆਂ ਵਾਲਾ ਵਿੱਚੋਂ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਪੁਲੀਸ ਅਧਿਕਾਰੀ।

ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਕਤੂਬਰ
ਇਸ ਜ਼ਿਲ੍ਹੇ ਵਿਚ ਅੱਜ ਪੰਚਾਇਤ ਚੋਣਾਂ ਦਰਮਿਆਨ ਕਈ ਥਾਈਂ ਹਿੰਸਾ ਹੋਈ। ਮੋਗਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੀ ਵਿਧਾਇਕਾ ਦਾ ਪਿੰਡ ਮੱਲੀਆਂ ਵਾਲਾ ਅਤੇ ਹਲਕਾ ਧਰਮਕੋਟ ਤੋਂ ਵਿਧਾਇਕ ਦਾ ਪਿੰਡ ਮਸੀਤਾਂ ਵਿਚ ਲੋਕਾਂ ਨੇ ਘਿਰਾਓ ਕੀਤਾ। ਇਸ ਦੇ ਨਾਲ ਹੀ ਮਸੀਤਾਂ ਪਿੰਡ ’ਚ ਗੋਲੀਬਾਰੀ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਚ ਪੋਲਿੰਗ ਖ਼ਤਮ ਹੋਣ ਸਮੇਂ ਗੋਲੀਆਂ ਚੱਲਣ, ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਪੋਲਿੰਗ ਸਟੇਸ਼ਨ ਦਾ ਗੇਟ ਭੰਨ੍ਹਣ ਤੇ ਵੋਟਰਾਂ ਦੀ ਭਗਦੜ ਦੀ ਵੀਡੀਓ ਵਾਇਰਲ ਹੋਈ ਹੈ। ਦੂਜੇ ਪਾਸੇ ਦੇਰ ਸ਼ਾਮ ਤੱਕ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿਚ ਵੋਟਾਂ ਪੈਣ ਦਾ ਅਮਲ ਚੱਲ ਰਿਹਾ ਸੀ।
ਇਸ ਮੌਕੇ ਲੋਕਾਂ ਵੱਲੋਂ ਵਿਧਾਇਕਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਵਿਧਾਇਕ ਚੋਣਾਂ ਦੇ ਬੂਥਾਂ ਅੰਦਰ ਗਏ ਸਨ ਪਰ ਵਿਧਾਇਕਾਂ ਨੇ ਕਿਹਾ ਕਿ ਉਹ ਬੂਥਾਂ ਅੰਦਰ ਨਹੀਂ, ਸਗੋਂ ਆਪਣੇ ਸਮਰਥਕਾਂ ਕੋਲ ਗਏ ਸਨ। ਇਸ ਵਾਰ ਵੋਟਰਾਂ ਤੇ ਉਮੀਦਵਾਰਾਂ ਨੂੰ ਪੋਲਿੰਗ ਸਟੇਸ਼ਨ ਅੰਦਰ ਮੋਬਾਈਲ ਫੋਨ ਲਿਜਾਣ ਨਹੀਂ ਦਿੱਤੇ ਗਏ। ਪਿੰਡ ਮੰਗੇਵਾਲਾ ਵਿਚ ਵੋਟਾਂ ਦੌਰਾਨ ਪੱਥਰਬਾਜ਼ੀ ਹੋਣ ਕਾਰਨ ਦੋ ਵਿਅਕਤੀ ਜਖ਼ਮੀ ਹੋ ਗਏ ਅਤੇ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਹਵਾ ’ਚ ਗੋਲੀ ਚਲਾਉਣੀ ਪਈ। ਇਸ ਤੋਂ ਇਲਾਵਾ ਬਲਾਕ ਕੋਟ ਈਸੇ ਖਾਂ ਦੇ ਪਿੰਡਾਂ ਮਸੀਤਾਂ ’ਚ ਪੱਥਰਬਾਜ਼ੀ ਕਾਰਨ ਤਣਾਅ ਵੱਧ ਗਿਆ। ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ’ਚ ਗੋਲੀ ਚੱਲਣ ਦੀ ਘਟਨਾ ਵਾਪਰੀ। ਇਸ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਛੋਟੀਆਂ ਮੋਟੀਆਂ ਘਟਨਾਵਾਂ ਵਾਪਰੀਆਂ।
ਮੋਗਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਉਹ ਪਿੰਡ ਮੱਲੀਆਂ ਵਾਲਾ ਵਿਚ ਆਪਣੇ ਸਮਰਥਕ ਦੇ ਬੂਥ ਉਤੇ ਪੁੱਜੀ ਤਾਂ ਵਿਰੋਧੀ ਧਿਰ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ। ਵਿਧਾਇਕਾ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਹਜ਼ੂਮ ਨੇ ਪੁਲੀਸ ਅਧਿਕਾਰੀ ਦੀ ਵੀ ਖਿੱਚ ਧੂਹ ਕੀਤੀ ਤੇ ਉਸ ਦੀ ਵਰਦੀ ਪਾੜ ਦਿੱਤੀ ਪਰ ਡੀਐੱਸਪੀ ਸਿਟੀ ਰਾਵਿੰਦਰ ਸਿੰਘ ਨੇ ਸੰਪਰਕ ਕਰਨ ਉੱਤੇ ਥਾਣਾ ਮੁਖੀ ਦੀ ਵਰਦੀ ਪਾੜਨ ਜਾਂ ਖਿੱਚ ਧੂਹ ਤੋਂ ਇਨਕਾਰ ਕਰਦਿਆਂ ਵਿਧਾਇਕਾ ਦੇ ਘਿਰਾਓ ਦੀ ਪੁਸ਼ਟੀ ਕੀਤੀ ਹੈ। ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਲੋਕਾਂ ਵੱਲੋਂ ਘਿਰਾਓ ਕੀਤਾ ਗਿਆ। ਪਿੰਡ ਵਾਸੀਆਂ ਦੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਨ ਅਤੇ ਪੱਥਰਬਾਜ਼ੀ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਦੂਜੇ ਪਾਸੇ ਵਿਧਾਇਕ ਢੋਸ ਨੇ ਕਿਹਾ ਕਿ ਪਿੰਡ ਮਸੀਤਾਂ ਦੀ ਘਟਨਾ ਨੂੰ ਵਿਰੋਧੀ ਧਿਰਾਂ ਦੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਇਥੇ ਕੋਈ ਇੰਨੀ ਵੱਡੀ ਘਟਨਾ ਨਹੀਂ ਵਾਪਰੀ।

Advertisement

ਦੇਸ਼ ਤੇ ਵਿਦੇਸ਼ ਤੋਂ ਪੰਚਾਇਤੀ ਚੋਣਾਂ ਦੀਆਂ ਖਬਰਾਂ ਲੈਂਦੇ ਰਹੇ ਪਰਵਾਸੀ

ਪੰਚਾਇਤੀ ਚੋਣਾਂ ਲਈ ਦੇਸ਼-ਵਿਦੇਸ਼ ਵਿਚ ਵਸਦੇ ਪਰਵਾਸੀਆਂ ਨੇ ਨਜ਼ਰ ਰੱਖੀ ਹੋਈ ਹੈ। ਕੈਨੇਡਾ ਤੇ ਅਮਰੀਕਾ ਵਿਚ ਰਾਤ ਹੋਣ ਦੇ ਬਾਵਜੂਦ ਪਰਵਾਸੀ ਪੰਜਾਬੀ ਚੋਣਾਂ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ। ਉਹ ਆਪਣੇ ਕਰੀਬੀਆਂ ਨਾਲ ਵੋਟਾਂ ਪੈਣ ਦਾ ਅਮਲ ਸ਼ੂਰੂ ਹੋਣ ਤੋਂ ਹੀ ਸੰਪਰਕ ਵਿਚ ਰਹੇ ਤੇ ਆਖਰੀ ਸਮੇਂ ਤਕ ਜਾਣਕਾਰੀ ਹਾਸਲ ਕਰਦੇ ਰਹੇ। ਬਲਾਕ ਮੋਗਾ-1 ਅਤੇ 2 ਤੋਂ ਹੋਰ ਕਈ ਪਿੰਡਾਂ ਵਿਚ ਵੋਟਿੰਗ ਪ੍ਰੀਕਿਰਿਆ ਸੁਸਤ ਰਹਿਣ ਕਾਰਨ ਵੋਟਾਂ ਦਾ ਸਮਾਂ 4 ਵਜੇ ਸਮਾਪਤ ਹੋਣ ਬਾਅਦ ਵੀ ਪੋਲਿੰਗ ਸਟੇਸ਼ਨਾਂ ਉੱਤੇ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਦਿਖਾਈ ਦਿੱਤੀਆਂ।

ਗੋਲੀ ਲੱਗਣ ਕਾਰਨ ਦੋ ਜ਼ਖ਼ਮੀ; ਇੱਕ ਲੁਧਿਆਣਾ ਰੈਫ਼ਰ

ਪੋਲਿੰਗ ਦੌਰਾਨ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਵਿਸ਼ੇਸ਼ ਸਾਰੰਗਲ ਤੇ ਐੱਸਐੱਸਪੀ ਅਜੈ ਗਾਂਧੀ ਤੇ ਹੋਰ ਅਧਿਕਾਰੀ।

ਥਾਣਾ ਬਾਘਾਪੁਰਾਣਾ ਅਧੀਨ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਚ ਪੋਲਿੰਗ ਖ਼ਤਮ ਹੋਣ ਮੌਕੇ ਗੋਲੀਆਂ ਚੱਲੀਆਂ। ਪਿੰਡ ਵਾਸੀਆਂ ਮੁਤਾਬਕ ਤਿੰਨ ਵਾਹਨਾਂ ਵਿਚ ਆਏ ਹਮਲਾਵਰਾਂ ਨੇ ਭੀੜ ਉੱਤੇ ਗੋਲੀ ਚਲਾ ਦਿੱਤੀ ਤੇ ਫ਼ਰਾਰ ਹੋ ਗਏ। ਇਸ ਮੌਕੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗੁਰਚਰਨ ਸਿੰਘ ਨੂੰ ਡਾਕਟਰਾਂ ਨੇ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ ਅਤੇ ਦੂਜੇ ਜਖ਼ਮੀ ਬਲਦੇਵ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਐੱਸਐੱਸਪੀ ਅਜੈ ਗਾਂਧੀ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਤੇ ਦੋਸ਼ੀ ਪਾਏ ਜਾਣ ’ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Advertisement

Advertisement