ਸਹਾਇਕ ਲਾਈਨਮੈਨਾਂ ਵੱਲੋਂ ਪਾਵਰਕੌਮ ਦਫ਼ਤਰ ਦਾ ਘਿਰਾਓ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜੁਲਾਈ
ਅਪ੍ਰੈਂਟਸਸ਼ਿਪ ਸੰਘਰਸ਼ ਯੂਨੀਅਨ ਪੰਜਾਬ ਵੱਲੋਂ ਅੱਜ ਪਾਵਰਕੌਮ ਦਾ ਮੁੱਖ ਦਫ਼ਤਰ ਘੇਰ ਕੇ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਵੇਰ ਵੇਲੇ ਸ਼ੁਰੂ ਹੋਇਆ ਧਰਨਾ ਦੁਪਹਿਰ ਤੱਕ ਪੂਰੀ ਤਰ੍ਹਾਂ ਭਖ ਗਿਆ ਅਤੇ ਯੂਨੀਅਨ ਕਾਰਕੁਨਾਂ ਨੇ ਮੁੱਖ ਦਫ਼ਤਰ ਦੇ ਦੋਵੇਂ ਗੇਟ ਬੰਦ ਕਰ ਦਿੱਤੇ। ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਬਾਅਦ ਦੁਪਹਿਰ ਪਾਵਰਕੌਮ ਮੈਨੇਜਮੈਂਟ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਯੂਨੀਅਨ ਆਗੂਆਂ ਦੀ ਬੈਠਕ ਹੋਈ, ਜਿਸ ’ਚ ਏਡੀਸੀ ਵੱਲੋਂ ਡਿਪਟੀ ਕਮਿਸ਼ਨਰ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਕਵਲਦੀਪ ਸਿੰਘ ਤੇ ਵਾਈਸ ਪ੍ਰਧਾਨ ਹਰਮਦੀਪ ਸਿੰਘ ਨੇ ਕਿਹਾ ਕਿ ਇਹ ਸਾਰਾ ਮਸਲਾ ਦਸੰਬਰ 2023 ਵਿੱਚ ਆਈ 2500 ਸਹਾਇਕ ਲਾਈਨਮੈਨ ਭਰਤੀ ਦਾ ਹੈ, ਜੋ ਕੇ ਸੀਆਰਏ 301/23 ਦਸੰਬਰ ਵਿੱਚ ਭਰਤੀ ਕੱਢ ਕੇ ਇਸ ਦੀ ਪ੍ਰੀਖਿਆ ਹੀ 23 ਜੂਨ 2024 ਨੂੰ ਲਈ ਗਈ ਤੇ ਉਸ ਤੋਂ ਬਾਅਦ 15 ਜੁਲਾਈ ਨੂੰ ਨਤੀਜਾ ਐਲਾਨਣ ਦਾ ਵਾਅਦਾ ਕਰ ਕੇ ਅੱਜ 23 ਜੂਨ ਹੋਣ ਉਪਰੰਤ ਵੀ ਨਤੀਜਾ ਜਾਰੀ ਨਾ ਕਰਨ ਕਾਰਨ ਉਮੀਦਵਾਰਾਂ ’ਚ ਰੋਸ ਹੈ। ਇਸੇ ਰੋਸ ਕਾਰਨ ਅਪ੍ਰੈਂਟਸਸ਼ਿਪ ਸੰਘਰਸ਼ ਯੂਨੀਅਨ ਪੰਜਾਬ ਵੱਲੋਂ ਪਰਿਵਾਰਾਂ ਸਮੇਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਦੀ ਮੰਗ ਕਿ ਨਤੀਜਾ ਛੇਤੀ ਤੋਂ ਛੇਤੀ ਜਾਰੀ ਕਰਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਮੀਟਿੰਗਾਂ ਵਿੱਚ ਜੋ ਤਰੀਕ ਨਤੀਜੇ ਤੇ ਦਸਤਾਵੇਜ਼ਾਂ ਦੀ ਜਾਂਚ ਦੀ ਜ਼ੁਬਾਨੀ ਕਹੀ ਜਾ ਰਹੀ ਹੈ ਉਸ ਨੂੰ ਲਿਖਤੀ ਰੂਪ ਵਿੱਚ ਯੂਨੀਅਨ ਨੂੰ ਸੌਂਪਿਆ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਨ ਤੇ ਪਾਵਰਕੌਮ ਮੈਨੇਜਮੈਂਟ ਦੇ ਅਧਿਕਾਰੀਆਂ ਦੀ ਯੂਨੀਅਨ ਆਗੂਆਂ ਨਾਲ ਲੰਬੀ ਬੈਠਕ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਨਤੀਜਾ ਐਲਾਨਣ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ।