ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ਦਾ ਘਿਰਾਓ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਮਾਰਚ
ਗੜਿਆਂ ਨਾਲ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਡਿਪਟੀ ਕਮਿਸ਼ਨਰ ਨੂੰ ਮਿਲਣ ਪੁੱਜੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਨੇ ਅਧਿਕਾਰੀ ਦੇ ਨਾ ਮਿਲਣ ’ਤੇ ਮਿਨੀ ਸਕੱਤਰੇਤ ਦਾ ਘਿਰਾਓ ਕਰ ਲਿਆ। ਅਧਿਕਾਰੀਆਂ ਵੱਲੋਂ ਵਫ਼ਦ ਨੂੰ ਵਧੀਕ ਡਿਪਟੀ ਕਮਿਸ਼ਨਰ ਨਾਲ ਮਿਲਾਇਆ ਗਿਆ ਤਾਂ ਵਫ਼ਦ ਵੱਲੋਂ ਫ਼ਸਲੀ ਨੁਕਸਾਨ ਦੀ ਗਿਰਦਾਵਰੀ ਦੇ ਹੁਕਮਾਂ ਦੀ ਮੰਗੀ ਗਈ ਕਾਪੀ ਨਾ ਹੋਣ ’ਤੇ ਕਿਸਾਨਾਂ ਨੇ ਸਕੱਤਰੇਤ ਦੇ ਗੇਟ ’ਤੇ ਨਾਅਰੇਬਾਜ਼ੀ ਕੀਤੀ ਅਤੇ ਵੱਡਾ ਇਕੱਠ ਕਰ ਕੇ ਬੇਮਿਆਦੀ ਧਰਨਾ ਲਾਉਣ ਦੀ ਗੱਲ ਆਖੀ।
ਵਫ਼ਦ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਮੁਤਾਬਕ ਡੀਸੀ ਨੂੰ ਮਿਲਣ ਬਾਰੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਪੀਏ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਪਰ ਅੱਜ ਜਦੋਂ ਉਹ ਇੱਥੇ ਪਹੁੰਚੇ ਤਾਂ ਜ਼ਿਲ੍ਹੇ ਦਾ ਕੋਈ ਵੀ ਉੱਚ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹਾਜ਼ਰ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਦਿਨੀਂ ਗੜਿਆਂ ਅਤੇ ਤੂਫ਼ਾਨ ਨਾਲ ਫ਼ਸਲਾਂ, ਘਰਾਂ, ਪਸ਼ੂਆਂ ਅਤੇ ਹੋਰ ਹੋਏ ਨੁਕਸਾਨ ਸਣੇ ਬਿਮਾਰੀ ਨਾਲ ਪਿੰਡ ਰਾਏ ਕੇ ਕਲਾਂ ਵਿੱਚ ਚਾਰ ਸੌ ਤੋਂ ਵੱਧ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ।
ਵਫ਼ਦ ’ਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਹੁਸ਼ਿਆਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆਂ, ਗੁਰਪਾਲ ਸਿੰਘ ਦਿਉਣ ਅਤੇ ਅਜੈਪਾਲ ਸਿੰਘ ਘੁੱਦਾ ਸ਼ਾਮਿਲ ਸਨ।