ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲੀਸ ਜਲੰਧਰ ਨੇ ਪੀਐੱਨਬੀ ਦਿੱਲੀ ਨੂੰ ਹਰਾਇਆ
ਹਤਿੰਦਰ ਮਹਿਤਾ
ਜਲੰਧਰ, 29 ਅਕਤੂਬਰ
ਸੁਰਜੀਤ ਹਾਕੀ ਟੂਰਨਾਮੈਂਟ ’ਚ ਅੱਜ ਪੰਜਾਬ ਪੁਲੀਸ ਜਲੰਧਰ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 4-3 ਗੋਲਾਂ ਜਦਕਿ ਕੈਗ ਦਿੱਲੀ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 5-2 ਗੋਲਾਂ ਨਾਲ ਹਰਾ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ। ਪੰਜਾਬ ਪੁਲੀਸ ਦੀ ਇਹ ਪਹਿਲੀ ਜਿੱਤ ਹੈ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਟੂਰਨਾਮੈਂਟ ਦੇ ਪੰਜਵੇਂ ਦਿਨ ਪਹਿਲਾ ਮੈਚ ਪੂਲ-ਏ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਕੈਗ ਦਿੱਲੀ ਦਰਮਿਆਨ ਖੇਡਿਆ ਗਿਆ।
ਖੇਡ ਦੇ 18ਵੇਂ ਮਿੰਟ ਵਿੱਚ ਕੈਗ ਵੱਲੋਂ ਵੈਂਕਟੇਸ਼ ਤੇਲਗੂ ਨੇ ਪਹਿਲਾ ਗੋਲ ਕੀਤਾ ਜਦਕਿ 29ਵੇਂ ਮਿੰਟ ਵਿੱਚ ਸਿੰਧ ਬੈਂਕ ਦੇ ਕਪਤਾਨ ਜਸਕਰਨ ਸਿੰਘ ਨੇ ਬਰਾਬਰੀ ਵਾਲਾ ਗੋਲ ਦਾਗਿਆ। ਕੈਗ ਵੱਲੋਂ 29ਵੇਂ ਮਿੰਟ ਵਿੱਚ ਸੂਰਿਆ ਪ੍ਰਕਾਸ਼ ਨੇ ਗੋਲ ਕਰਕੇ ਸਕੋਰ 2-1 ਕੀਤਾ ਪਰ 44ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਸਕੋਰ 2-2 ਕਰ ਦਿੱਤਾ। ਇਸ ਮਗਰੋਂ ਕੈਗ ਵੱਲੋਂ ਪ੍ਰਮੋਦ, ਜਸਦੀਪ ਸਿੰਘ ਅਤੇ ਪੀ. ਟਿਰਕੀ ਨੇ ਗੋਲ ਕਰਕੇ ਟੀਮ ਨੂੰ 5-2 ਗੋਲਾਂ ਦੇ ਫਰਕ ਨਾਲ ਜਿੱਤੀ ਦਿਵਾਈ। ਲੀਗ ਦੌਰ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਇਹ ਲਗਾਤਾਰ ਦੂਜੀ ਹਾਰ ਹੈ।
ਦੂਜਾ ਮੈਚ ਪੂਲ-ਬੀ ਵਿੱਚ ਪੰਜਾਬ ਪੁਲੀਸ ਜਲੰਧਰ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਵਿਚਾਲੇ ਹੋਇਆ ਜਿਸ ਵਿੱਚ ਪੰਜਾਬ ਪੁਲੀਸ 4-3 ਗੋਲਾਂ ਨਾਲ ਜੇਤੂ ਰਹੀ। ਪੰਜਾਬ ਪੁਲੀਸ ਵੱਲੋਂ ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਕਰਨਬੀਰ ਸਿੰਘ ਅਤੇ ਮਨਿੰਦਰ ਸਿੰਘ ਨੇ ਗੋਲ ਦਾਗੇ। ਜਦਕਿ ਪੀਐੱਨਬੀ ਦਿੱਲੀ ਵੱਲੋਂ ਗੁਰਸਿਮਰਨ ਸਿੰਘ ਨੇ ਦੋ ਅਤੇ ਵਰਿੰਦਰ ਸਿੰਘ ਨੇ ਇੱਕ ਗੋਲ ਕੀਤਾ। ਟੂਰਨਾਮੈਂਟ ’ਚ ਸੋਮਵਾਰ ਨੂੰ ਇੰਡੀਅਨ ਆਇਲ ਮੁੰਬਈ ਦਾ ਮੈਚ ਭਾਰਤੀ ਏਅਰ ਫੋਰਸ ਦਿੱਲੀ ਜਦਕਿ ਭਾਰਤੀ ਰੇਲਵੇ ਦਿੱਲੀ ਦਾ ਮੁਕਾਬਲਾ ਆਰਮੀ ਇਲੈਵਨ ਦਿੱਲੀ ਨਾਲ ਹੋਵੇਗਾ।