ਸੁਰਜੀਤ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਇੱਥੇ ਅੱਜ 40ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀ ਧਮਾਕੇਦਾਰ ਸ਼ੁਰੂਆਤ ਹੋਈ। ਉਦਘਾਟਨੀ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਐੱਫਸੀਆਈ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾਇਆ। ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਖੇਡਾਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹੈ ਤਾਂ ਜੋ ਸੂਬਾ ਖੇਡਾਂ ਦੇ ਖੇਤਰ ਵਿੱਚ ਵੀ ਦੇਸ਼ ਵਿੱਚ ਮੋਹਰੀ ਬਣ ਸਕੇ। ਟੂਰਨਾਮੈਂਟ ਕਰਵਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਪ੍ਰਬੰਧਕਾਂ ਨੇ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਕੌਮੀ ਖੇਡ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਮਹਾਨ ਲਹਿਰ ਦੀ ਨੀਂਹ ਰੱਖੀ ਹੈ। ਉਨ੍ਹਾਂ ਹਰ ਸਾਲ ਇਹ ਖੇਡ ਸਮਾਗਮ ਕਰਵਾਉਣ ਲਈ ਪ੍ਰਬੰਧਕੀ ਕਮੇਟੀ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਸਮਾਗਮ ਦੇ ਆਗਾਜ਼ ਦਾ ਐਲਾਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਟੂਰਨਾਮੈਂਟ ਨੇ ਪੰਜਾਬ ਨੂੰ ਸਿਹਤਮੰਦ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਖੇਡ ਪ੍ਰੇਮੀਆਂ ਦਾ ਇਸ ਖੇਡ ਮੇਲੇ ਨੂੰ ਦੇਖਣ ਲਈ ਸਟੇਡੀਅਮ ਵਿੱਚ ਇਕੱਤਰ ਹੋਣ ’ਤੇ ਧੰਨਵਾਦ ਵੀ ਕੀਤਾ। ਸੁਸਾਇਟੀ ਦੀ ਮੰਗ ’ਤੇ ਮੰਤਰੀ ਨੇ ਟੂਰਨਾਮੈਂਟ ਤੋਂ ਤੁਰੰਤ ਬਾਅਦ ਨਵੀਆਂ ਫਲੱਡ ਲਾਈਟਾਂ ਲਗਵਾਉਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇਦੱਸਿਆ ਕਿ ਇਸ ਟੂਰਨਾਮੈਂਟ ਵਿੱਚ 16 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਫਾਈਨਲ ਮੈਚ 3 ਨਵੰਬਰ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਗਾਇਕ ਬੱਬੂ ਮਾਨ 3 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੈਚ ਤੋਂ ਪਹਿਲਾਂ ਦਰਸ਼ਕਾਂ ਦਾ ਮਨੋਰੰਜਨ ਵੀ ਕਰਨਗੇ। ਟੂਰਨਾਮੈਂਟ ਦੇ ਉਦਘਾਟਨ ਤੋਂ ਬਾਅਦ ਉਦਘਾਟਨੀ ਮੈਚ ਇੰਡੀਅਨ ਨੇਵੀ ਤੇ ਐਫ.ਸੀ.ਆਈ. ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਭਾਰਤੀ ਨੇਵੀ ਮੁੰਬਈ ਨੇ ਐਫਸੀਆਈ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾਇਆ।