ਸੁਰਜੀਤ ਹਾਕੀ: ਰੇਲਵੇ ਨੇ ਸੀਆਰਪੀਐੱਫ ਨੂੰ 4-2 ਨਾਲ ਹਰਾਇਆ
ਪਾਲ ਸਿੰਘ ਨੌਲੀ
ਜਲੰਧਰ, 21 ਅਕਤੂਬਰ
ਸਾਬਕਾ ਜੇਤੂ ਭਾਰਤੀ ਰੇਲਵੇ ਨੇ ਸੀਆਰਪੀਐੱਫ ਨੂੰ 4-2 ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਗੇੜ ਵਿੱਚ ਤਿੰਨ ਅੰਕ ਹਾਸਲ ਕਰਕੇ ਜੇਤੂ ਸ਼ੁਰੂਆਤ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਗੇੜ ਦੇ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਇੰਡੀਅਨ ਆਇਲ ਮੁੰਬਈ ਨੇ ਬੀਐੱਸਐੱਫ ਜਲੰਧਰ ਨੂੰ 5-4 ਨਾਲ ਮਾਤ ਦਿੱਤੀ। ਪੂਲ ਸੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਸੀਆਰਪੀਐੱਫ ਦਿੱਲੀ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ ਪਹਿਲੇ ਦੋ ਕੁਆਰਟਰਾਂ ਵਿੱਚ ਸੀਆਰਪੀਐੱਫ ਦਿੱਲੀ ਨੇ ਭਾਰਤੀ ਰੇਲਵੇ ’ਤੇ ਪੂਰਾ ਦਬਦਬਾ ਰੱਖਿਆ। ਖੇਡ ਦੇ 7ਵੇਂ ਮਿੰਟ ਵਿੱਚ ਸੀਆਰਪੀਐੱਫ ਦੇ ਸਰੋਜ ਇੱਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। 22ਵੇਂ ਮਿੰਟ ਵਿਚ ਸੀਆਰਪੀਐੱਫ ਦੇ ਸੁਧੀਰ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕਰ ਦਿੱਤਾ। 27ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਕੌਮਾਂਤਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-2 ਤੇ 36ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਤਾਪ ਲਾਕੜਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕਰ ਦਿੱਤਾ। ਚੌਥੇ ਕੁਆਰਟਰ ਵਿੱਚ ਭਾਰਤੀ ਰੇਲਵੇ ਨੇ ਲਗਾਤਾਰ ਹਮਲੇ ਕੀਤੇ। 55ਵੇਂ ਮਿੰਟ ਵਿੱਚ ਜੋਗਿੰਦਰ ਸਿੰਘ ਨੇ ਅਤੇ 56ਵੇਂ ਮਿੰਟ ਵਿੱਚ ਕੌਮਾਂਤਰੀ ਖਿਡਾਰੀ ਗੁਰਸਾਹਿਬ ਸਿੰਘ ਨੇ ਮੈਦਾਨੀ ਗੋਲ ਕਰਕੇ ਭਾਰਤੀ ਰੇਲਵੇ ਨੂੰ 4-2 ਨਾਲ ਜਿੱਤ ਦਿਵਾਈ।