ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣੇ ਸੁਰਜੀਤ ਗੜ੍ਹੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਰਾਜਪੁਰਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਐਤਕੀਂ 14ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣੇ ਹਨ। ਅੱਜ ਹੋਈ ਅਹੁਦੇਦਾਰਾਂ ਦੀ ਚੋਣ ’ਚ 11 ਹੋਰ ਮੈਂਬਰਾਂ ਸਮੇਤ ਗੜ੍ਹੀ ਨੂੰ ਵੀ ਐਗਜ਼ੈਕਟਿਵ ਬਣਾਇਆ ਗਿਆ ਹੈ। ਸਾਲ 2004 ਦੀਆਂ ਆਮ ਚੋਣਾਂ ’ਚ ਰਾਜਪੁਰਾ ਹਲਕੇ ਤੋਂ ਚੋਣ ਜਿੱਤ ਕੇ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਸੁਰਜੀਤ ਗੜ੍ਹੀ ਨੂੰ ਅਗਲੇ ਸਾਲ (2005 ’ਚ) ਹੀ ਐਗਜ਼ੈਕਟਿਵ ਮੈਂਬਰ ਬਣਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਦੋ ਵਾਰ ਐਗਜ਼ੈਕਟਿਵ ਮੈਂਬਰ ਬਣੇ ਜਦਕਿ ਅੱਜ ਮੁੜ ਐਗਜ਼ੈਕਟਿਵ ਮੈਂਬਰ ਬਣਨ ਨਾਲ ਐਤਕੀਂ ਉਹ 14ਵੀਂ ਵਾਰ ਐਗਜ਼ੈਕਟਿਵ ਮੈਂਬਰ ਬਣੇ ਹਨ। ਉਹ ਪਹਿਲਾਂ ਜਿਥੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ, ਉਥੇ ਹੀ ਹੁਣ ਸੁਖਬੀਰ ਬਾਦਲ ਦੇ ਵੀ ਨਾ ਸਿਰਫ਼ ਕਰੀਬੀ ਬਲਕਿ ਭਰੋਸੇਯੋਗ ਵੀ ਹਨ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਨਵੀਂ ਬਣੀ ਟੀਮ ਵਿੱਚ ਐਗਜ਼ੈਕਟਿਵ ਮੈਂਬਰਾਂ ਵਿੱਚ ਸੁਰਜੀਤ ਸਿੰਘ ਗੜ੍ਹੀ ਅਤੇ ਰਘੂਵੀਰ ਸਿੰਘ ਵਿਰਕ ਸਭ ਤੋਂ ਮੋਹਰੀ ਹਨ। ਇਸੇ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਝਿੰਜਰ, ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਰਾਜੂ ਖੰਨਾ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸੁਰਿੰਦਰ ਘੁਮਾਣਾ, ਸਰਪੰਚ ਬਲਵਿੰਦਰ ਨੇਪਰਾਂ, ਭੁਪਿੰਦਰ ਗੋਲੂ, ਬਲਵਿੰਦਰ ਸੈਂਭੀ, ਹਲਕਾ ਇੰਚਾਰਜ ਅਮਰਿੰਦਰ ਬਜਾਜ, ਇੰਦਰਮੋਹਣ ਬਜਾਜ ਸਮੇਤ ਕਈ ਹੋਰਨਾਂ ਨੇ ਸੁਰਜੀਤ ਸਿੰਘ ਗੜ੍ਹੀ ਨੂੰ ਵਧਾਈ ਦਿੱਤੀ ਹੈ।