ਸੁਰਜੀਤ ਹਾਕੀ: ਕੈਗ ਨੇ ਤਿੰਨ ਅੰਕ ਹਾਸਲ ਕੀਤੇ
ਪੱਤਰ ਪ੍ਰੇਰਕ
ਜਲੰਧਰ, 20 ਅਕਤੂਬਰ
ਕੈਗ ਦਿੱਲੀ ਨੇ ਸੀਆਰਪੀਐੱਫ ਦਿੱਲੀ ਨੂੰ 2-1 ਦੇ ਫ਼ਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਦੇ ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਨੇਵੀ ਦੀਆਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ। ਪੁਲ ਡੀ ਦੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਭਾਰਤੀ ਨੇਵੀ ਨੇ ਸਖਤ ਟੱਕਰ ਦਿਤੀ। ਖੇਡ ਦੇ 47ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਆਕਿਬ ਰਹੀਮ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਪੰਜਾਬ ਐਂਡ ਸਿੰਧ ਬੈਂਕ ਦੇ ਸੰਤਾ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕੀਤਾ। ਮੈਚ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ 1-1 ਅੰਕ ਪ੍ਰਾਪਤ ਹੋਇਆ। ਪੂਲ ਸੀ ਵਿੱਚ ਕੈਗ ਦਿੱਲੀ ਅਤੇ ਸੀਆਰਪੀਐਫ ਦਿੱਲੀ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ 17ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਦੀਪਕ ਮਲਿਕ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ ਦੂਜੇ ਕੁਆਰਟਰ ਦੇ 28ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸ਼ਰਨਜੀਤ ਸਿੰਘ ਨੇ ਗੋਲ ਕਰ ਕੇ ਸਕੋਰ 1-1 ਕੀਤਾ। ਖੇਡ ਦੇ 36ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਹਰੀਸ਼ ਮੁਤਾਗਰ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਲਿਆ ਅਤੇ ਤਿੰਨ ਅੰਕ ਹਾਸਲ ਕੀਤੇ। ਅੱਜ ਦੇ ਮੈਚਾਂ ਸਮੇਂ ਤਰਲੋਕ ਸਿੰਘ ਭੁੱਲਰ (ਕੈਨੇਡਾ) ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।