ਸੁਰਜੀਤ ਹਾਕੀ: ਭਾਰਤ ਪੈਟਰੋਲੀਅਮ, ਪੀਐੱਸਬੀ, ਇੰਡੀਅਨ ਆਇਲ ਅਤੇ ਭਾਰਤੀ ਰੇਲਵੇ ਸੈਮੀਫਾਈਨਲ ਵਿੱਚ
ਹਤਿੰਦਰ ਮਹਿਤਾ
ਜਲੰਧਰ 24 ਅਕਤੂਬਰ
ਭਾਰਤ ਪੈਟਰੋਲੀਅਮ ਮੁੰਬਈ, ਪੰਜਾਬ ਐਂਡ ਸਿੰਧ ਬੈਂਕ (ਪੀਐੱਸਬੀ) ਦਿੱਲੀ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਪਹਿਲੇ ਲੀਗ ਮੈਚ ਵਿੱਚ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਆਰਮੀ ਇਲੈਵਨ ਨੂੰ 3-1 ਨਾਲ ਹਰਾਇਆ, ਜਦਕਿ ਆਖਰੀ ਲੀਗ ਮੈਚ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਕੈਗ ਦਿੱਲੀ ਦੀਆਂ ਟੀਮਾਂ 2-2 ਨਾਲ ਬਰਾਬਰ ਰਹੀਆਂ। ਭਾਰਤੀ ਰੇਲਵੇ ਦੀ ਟੀਮ ਨੇ ਬਿਹਤਰ ਗੋਲ ਔਸਤ ਦੇ ਆਧਾਰ ’ਤੇ ਸੈਮੀਫਾਈਨਲ ਵਿੱਚ ਕਦਮ ਰੱਖਿਆ। ਪਹਿਲੇ ਸੈਮੀਫਾਈਨਲ ਵਿੱਚ ਭਾਰਤ ਪੈਟਰੋਲੀਅਮ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਅਤੇ ਦੂਜੇ ਸੈਮੀਫਾਈਨਲ ਵਿੱਚ ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨਾਲ 25 ਅਕਤੂਬਰ ਨੂੰ ਹੋਵੇਗਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਲੀਗ ਗੇੜ ਦੇ ਆਖਰੀ ਦੋ ਮੈਚ ਖੇਡੇ ਗਏ।
ਟੂਰਨਾਮੈਂਟ ਦਾ ਪੂਲ ਬੀ ਸਭ ਤੋਂ ਰੁਮਾਂਚਿਕ ਰਿਹਾ। ਇਸ ਪੂਲ ਵਿੱਚ ਪੰਜਾਬ ਪੁਲੀਸ ਜਲੰਧਰ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਮੈਚ ਦੇ ਦੋ ਕੁਆਰਟਰ 20 ਅਕਤੂਬਰ ਨੂੰ ਖੇਡੇ ਗਏ ਸਨ। ਅੱਧੇ ਸਮੇਂ ਤੋਂ ਬਾਅਦ ਫਲੱਡ ਲਾਈਟਾਂ ਵਿੱਚ ਤਕਨੀਕੀ ਖਰਾਬੀ ਕਾਰਨ ਮੈਚ ਪੂਰਾ ਨਹੀਂ ਸੀ ਹੋ ਸਕਿਆ। ਮੈਚ ਰੁਕਣ ਸਮੇਂ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ।
ਅੱਜ ਖੇਡੇ ਗਏ ਬਾਕੀ ਦੋ ਕੁਆਰਟਰਾਂ ਵਿੱਚ ਦੋਵੇਂ ਟੀਮਾਂ ਦਰਮਿਆਨ ਮੈਚ ਕਾਫੀ ਸੰਘਰਸ਼ਪੂਰਨ ਰਿਹਾ। ਖੇਡ ਦੇ 49ਵੇਂ ਮਿੰਟ ਵਿੱਚ ਪੰਜਾਬ ਪੁਲੀਸ ਵੱਲੋਂ ਓਲੰਪੀਅਨ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਇਸ ਪੂਲ ਵਿੱਚ ਸ਼ਾਮਲ ਤਿੰਨ ਟੀਮਾਂ ਪੰਜਾਬ ਪੁਲੀਸ, ਭਾਰਤ ਪੈਟਰੋਲੀਅਮ, ਰੇਲ ਕੋਚ ਫੈਕਟਰੀ ਕੋਲ ਦੋ-ਦੋ ਲੀਗ ਮੈਚਾਂ ਤੋਂ ਬਾਅਦ ਦੋ-ਦੋ ਅੰਕ ਸਨ। ਭਾਰਤ ਪੈਟਰੋਲੀਅਮ ਅਤੇ ਰੇਲ ਕੋਚ ਫੈਕਟਰੀ ਦੀ ਗੋਲ ਔਸਤ ਬਰਾਬਰ ਰਹੀ, ਜਿਸ ਕਰਕੇ ਦੋਵਾਂ ਟੀਮਾਂ ਦਰਮਿਆਨ ਸ਼ੂਟਆਊਟ ਰਾਹੀਂ ਫੈਸਲਾ ਕਰਨਾ ਪਿਆ। ਭਾਰਤ ਪੈਟਰੋਲੀਅਮ ਦੀ ਟੀਮ ਇਹ ਮੁਕਾਬਲਾ 3-0 ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ।