ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਰਕਾਰੀ ਅਤੇ ਜ਼ਿੰਦਾਦਿਲੀ ਦਾ ਮੁਜੱਸਮਾ ਸਨ ਸੁਰਜਨ ਜ਼ੀਰਵੀ

11:52 AM Oct 29, 2023 IST

ਜਤਿੰਦਰ ਪਨੂੰ

ਯਾਦਾਂ ਦਾ ਸਰਮਾਇਆ

ਇਸ ਹਫ਼ਤੇ ਦਾ ਆਮ ਦਿਨਾਂ ਵਰਗਾ ਇੱਕ ਦਿਨ ਸੀ, ਜਦੋਂ ਮੈਨੂੰ ਪੰਜਾਬੋਂ ਬਾਹਰ ਬੈਠੇ ਨੂੰ ਅਚਾਨਕ ਸੁਨੇਹਾ ਮਿਲਿਆ ਕਿ ਸੁਰਜਨ ਜ਼ੀਰਵੀ ਜੀ ਦੁਨੀਆ ਤੋਂ ਚਲੇ ਗਏ। ਇਸ ਪਿੱਛੋਂ ਅੱਗੜ-ਪਿੱਛੜ ਕਈ ਸੁਨੇਹੇ ਆਏ ਤੇ ਸ਼ਬਦਾਂ ਦੇ ਥੋੜ੍ਹੇ ਜਿਹੇ ਫਰਕ ਨਾਲ ਸੁਨੇਹਾ ਇਹੀ ਸੀ ਕਿ ਜ਼ੀਰਵੀ ਜੀ ਦੁਨੀਆ ਤੋਂ ਚਲੇ ਗਏ। ਮੇਰਾ ਚੇਤਾ ਮੈਨੂੰ ਸਾਲ 1976 ਦੌਰਾਨ ਜਲੰਧਰ ਦੇ ਇੱਕ ਕਾਲਜ ਦੀ ਗਰਾਊਂਡ ਵਿੱਚ ਲੈ ਗਿਆ, ਜਿੱਥੇ ਉੱਭਰਦੀ ਉਮਰ ਦੇ ਮੇਰੇ ਵਰਗੇ ਵਾਲੰਟੀਅਰ ਟੋਲੀਆਂ ਬੰਨ੍ਹ ਕੇ ਗੱਪਾਂ ਮਾਰ ਰਹੇ ਸਨ ਤੇ ਅਚਾਨਕ ਰੌਲਾ ਪੈ ਗਿਆ: ਜ਼ੀਰਵੀ ਜੀ ਆ ਗਏ। ਮੈਨੂੰ ਕੋਈ ਪਤਾ ਨਹੀਂ ਸੀ ਕਿ ਜ਼ੀਰਵੀ ਜੀ ਕੌਣ ਹਨ ਅਤੇ ਉਨ੍ਹਾਂ ਦੇ ਆਉਂਦੇ ਸਾਰ ਹਰ ਕੋਈ ਉਨ੍ਹਾਂ ਵੱਲ ਕਿਉਂ ਤੁਰ ਪਿਆ ਸੀ। ਐਨਕਾਂ ਵਾਲਾ ਸਰਦਾਰ ਜਿੰਨਾ ਚਿਰ ਓਥੇ ਰਿਹਾ, ਹਾਸਾ-ਮਜ਼ਾਕ ਵੀ ਚੱਲ ਪਿਆ, ਖਬਰਾਂ ਦੀ ਚਰਚਾ ਵੀ ਦੁਆਬੇ ਤੋਂ ਦੁਨੀਆ ਤੱਕ ਦੀ ਹੋਈ ਗਈ ਤੇ ਵਿੱਚ-ਵਿਚਾਲੇ ਜ਼ੀਰਵੀ ਜੀ ਦੀ ਕੋਈ ਨਾ ਕੋਈ ਇਹੋ ਜਿਹੀ ਗੱਲ ਸੁਣਦੀ ਰਹੀ, ਜਿਸ ਨਾਲ ਹਰ ਕਿਸੇ ਦਾ ਹਾਸਾ ਨਿਕਲਦਾ ਸੀ, ਸਿਰਫ਼ ਜ਼ੀਰਵੀ ਜੀ ਨਹੀਂ ਸਨ ਹੱਸਦੇ, ਉਹ ਓਨੇ ਚਿਰ ਵਿੱਚ ਕੋਈ ਅਗਲੀ ਗੱਲ ਸੋਚ ਲੈਂਦੇ ਸਨ। ਜ਼ੀਰਵੀ ਜੀ ਨਾਲ ਇਹ ਪਹਿਲੀ ਮਿਲਣੀ ਸੀ, ਜਦੋਂ ਹਰ ਪਾਸਿਉਂ ਆਵਾਜ਼ਾਂ ਆਈ ਜਾਂਦੀਆਂ ਸਨ, ਜ਼ੀਰਵੀ ਜੀ ਆ ਗਏ ਅਤੇ ਫਿਰ ਬੀਤੇ ਹਫ਼ਤੇ ਦਾ ਉਹ ਦਿਨ ਆ ਗਿਆ, ਜਦੋਂ ਅੱਗੜ-ਪਿੱਛੜ ਇਹ ਸੰਦੇਸ਼ ਆ ਰਹੇ ਸਨ ਕਿ ਜ਼ੀਰਵੀ ਜੀ ਚਲੇ ਗਏ। ਅੱਧੀ ਸਦੀ ਦੇ ਨੇੜੇ ਦਾ ਇਹ ਸਮਾਂ ਸਾਡੇ ਦੋਵਾਂ ਦੀ ਇੱਕ ਇਹੋ ਜਿਹੀ ਸਾਂਝ ਬਣੀ ਰਹੀ ਸੀ, ਜਿਹੜੀ ਸ਼ਬਦਾਂ ਵਿੱਚ ਬਿਆਨ ਕਰਨੀ ਮੁਸ਼ਕਲ ਹੈ।
ਬਾਹਰੋਂ ਹੱਸਮੁੱਖ ਅਤੇ ਅੰਦਰੋਂ ਗਹਿਰ-ਗੰਭੀਰ ਚਿੰਤਕ ਸਨ ਸੁਰਜਨ ਜ਼ੀਰਵੀ। ਉਹ ਸਮਾਜ ਦੀਆਂ ਸਮੱਸਿਆਵਾਂ ਨੂੰ ਤਿਰਛੀ ਅੱਖ ਨਾਲ ਵੇਖਣ ਤੇ ਬਿਆਨਣ ਵਾਲੇ ਬੁੱਧੀਜੀਵੀ ਸਨ। ਪੱਤਰਕਾਰੀ ਵਿੱਚ ਉਨ੍ਹਾਂ ਦਾ ਇੱਕ ਆਪਣਾ ਥਾਂ ਸੀ, ਜਿਹੜਾ ਸਿਰਫ਼ ਉਨ੍ਹਾਂ ਦਾ ਸੀ, ਕਿਸੇ ਹੋਰ ਦੇ ਹਿੱਸੇ ਨਾ ਆ ਸਕਿਆ ਅਤੇ ਨਾ ਹੀ ਕਦੀ ਆ ਸਕੇਗਾ। ਪੱਤਰਕਾਰ ਹੋਣ ਦੇ ਨਾਲ ਉਹ ਪੱਤਰਕਾਰਾਂ ਦੇ ਰਾਹ-ਦਸੇਰਾ ਵੀ ਸਨ। ਪੂਰਾਂ ਦੇ ਪੂਰ ਉਨ੍ਹਾਂ ਦੀ ਛਾਵੇਂ ਪੱਤਰਕਾਰੀ ਖੇਤਰ ਵਿੱਚ ਪ੍ਰਵਾਨ ਚੜ੍ਹੇ ਸਨ।
ਸੰਸਾਰ ਰਾਜਨੀਤੀ ਵਿੱਚ ਇੱਕ ਮੌਕਾ ਏਦਾਂ ਦਾ ਆਇਆ, ਜਦੋਂ ਇਰਾਨ ਦੀ ਇਸਲਾਮੀ ਕ੍ਰਾਂਤੀ ਆਈ ਵੇਖ ਕੇ ਕਈ ਦੇਸ਼ਾਂ ਵਿੱਚੋਂ ਇੱਕ ਜਾਂ ਦੂਸਰੇ ਧਰਮ ਦੇ ਰਾਜ ਦੀਆਂ ਸੁਰਾਂ ਉੱਠ ਪਈਆਂ ਸਨ। ਓਦੋਂ ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਸੈਮੀਨਾਰ ਦੇ ਸਰੋਤਿਆਂ ਵਿੱਚ ਸਾਡੇ ਵਰਗੇ ਵੀ ਸਨ। ਬੁਲਾਰੇ ਅੱਕੀਂ-ਪਲਾਹੀ ਹੱਥ ਮਾਰਦੇ ਤੇ ਲੀਡਰੀ ਝਾੜ ਛੱਡਣ ਤੋਂ ਵੱਧ ਕੁਝ ਪੱਲੇ ਨਹੀਂ ਸਨ ਪਾ ਰਹੇ। ਫਿਰ ਜ਼ੀਰਵੀ ਜੀ ਬੋਲਣ ਉੱਠੇ ਤਾਂ ਚੁੱਪ ਛਾ ਗਈ। ਉਨ੍ਹਾਂ ਨੇ ਇਸਰਾਈਲ ਦੇਸ਼ ਬਣਨ ਦੀ ਕਹਾਣੀ ਤੋਂ ਸ਼ੁਰੂ ਕਰ ਕੇ ਵੱਖ-ਵੱਖ ਦੇਸ਼ਾਂ ਵਿੱਚ ਧਰਮ ਦੇ ਨਾਂਅ ਉੱਤੇ ਚੱਲਦੀਆਂ ਲਹਿਰਾਂ ਦੀ ਕਾਮਯਾਬੀ ਅਤੇ ਨਾਕਾਮੀ ਦੇ ਤਜਰਬੇ ਏਦਾਂ ਪੇਸ਼ ਕਰ ਦਿੱਤੇ ਕਿ ਉਸ ਪਿੱਛੋਂ ਆਇਆ ਹਰ ਬੁਲਾਰਾ ਗੱਲ ਸ਼ੁਰੂ ਕਰਨ ਸਮੇਂ ਕਹਿੰਦਾ ਸੀ, ਜਿਹੜੀ ਗੱਲ ਜ਼ੀਰਵੀ ਜੀ ਨੇ ਕਹੀ ਹੈ, ਉਸ ਮਗਰੋਂ ਕੁਝ ਕਹਿਣ ਲਈ ਨਹੀਂ ਬਚਿਆ। ਮੈਂ ਉਸ ਸੈਮੀਨਾਰ ਤੋਂ ਬਾਅਦ ਉਚੇਚਾ ਉਨ੍ਹਾਂ ਕੋਲ ਇਸ ਲਈ ਗਿਆ ਸਾਂ ਕਿ ਇਸਰਾਈਲ ਦੇ ਬਣਨ ਅਤੇ ਦੁਨੀਆ ਉੱਤੇ ਉਸ ਵਰਤਾਰੇ ਦੇ ਅਸਰ ਬਾਰੇ ਸਮਝ ਸਕਾਂ।
ਕੁਝ ਵਕਤ ਲੰਘਿਆ ਤੇ ਮੈਨੂੰ ਪੰਜਾਬ ਕਿਸਾਨ ਸਭਾ ਦੀ ਸੂਬਾਈ ਟੀਮ ਦਾ ਹਿੱਸਾ ਬਣਾ ਦਿੱਤਾ ਗਿਆ। ਉਸ ਵੇਲੇ ਵੀ ਜ਼ੀਰਵੀ ਜੀ ਕੋਲ ਮੈਂ ਇਹ ਜਾਨਣ ਲਈ ਗਿਆ ਸਾਂ ਕਿ ਪੁੱਤ ਭਾਵੇਂ ਮੈਂ ਕਿਸਾਨ ਦਾ ਹਾਂ, ਖੇਤੀ ਦੀਆਂ ਲੋੜਾਂ ਅਤੇ ਕਿਸਾਨਾਂ ਦੇ ਭਵਿੱਖ ਬਾਰੇ ਬਹੁਤਾ ਨਹੀਂ ਜਾਣਦਾ। ਉਨ੍ਹਾਂ ਨੇ ਪੰਜਾਬ ਦੀ ਧਰਤੀ ਹੇਠ ਸੁੱਕਦੇ ਜਾ ਰਹੇ ਪਾਣੀਆਂ ਦੀ ਉਹ ਕਹਾਣੀ ਉਸ ਵੇਲੇ ਮੇਰੇ ਪੱਲੇ ਪਾ ਦਿੱਤੀ, ਜਿਹੜੀ ਉਸ ਤੋਂ ਚਾਲੀ ਸਾਲ ਬਾਅਦ ਵੀ ਅੱਜ ਤੱਕ ਬਹੁਤੇ ਸਿਆਸੀ ਆਗੂ ਨਹੀਂ ਸੋਚ ਸਕੇ। ਜ਼ੀਰਵੀ ਜੀ ਖ਼ੁਦ ਕਿਸਾਨ ਨਹੀਂ ਸਨ, ਪਰ ਉਹ ਜ਼ਮੀਨੀ ਮਾਮਲਿਆਂ, ਕਿਸਾਨੀ ਸੰਘਰਸ਼ਾਂ ਅਤੇ ਪੌਣ-ਪਾਣੀ ਵਿੱਚ ਆ ਰਹੀ ਤਬਦੀਲੀ ਬਾਰੇ ਕਿਸੇ ਵੀ ਹੋਰ ਨਾਲੋਂ ਵੱਧ ਨੀਝ ਨਾਲ ਵੇਖਣ ਵਾਲੇ ਸਨ। ਉਨ੍ਹਾਂ ਇਹ ਵੀ ਸਮਝਾਉਣ ਦਾ ਯਤਨ ਕੀਤਾ ਕਿ ਕਿਸਾਨਾਂ ਦੇ ਆਗੂ ਫਸਲਾਂ ਦੇ ਵੱਧ ਭਾਅ ਮੰਗਣ ਤੋਂ ਵੱਧ ਕੁਝ ਨਹੀਂ ਕਰ ਰਹੇ ਅਤੇ ਭਾਅ ਵੀ ਅਗੇਤਾ ਨਹੀਂ ਦੱਸਦੇ, ਬਲਕਿ ਲਾਹੇਵੰਦ ਭਾਅ ਮੰਗਦੇ ਹਨ, ਤਾਂ ਕਿ ਸਰਕਾਰ ਜਿੰਨਾ ਵੀ ਐਲਾਨ ਕਰੇ, ਉਸ ਪਿੱਛੋਂ ਇਹ ਕਹਿ ਕੇ ਇਹ ਲਾਹੇਵੰਦ ਨਹੀਂ, ਓਦੋਂ ਕੁਝ ਹੋਰ ਵਧਾ ਕੇ ਮੰਗਣ ਦਾ ਰਾਹ ਖੁੱਲ੍ਹਾ ਰਹਿ ਸਕੇ। ਉਨ੍ਹਾਂ ਦਾ ਖਿਆਲ ਸੀ ਕਿ ਕਿਸਾਨੀ ਦੀ ਲੋੜ ਹੈ ਕਿ ਇਸ ਦੇ ਆਗੂ ਆਪਣੀ ਗੱਲ ਅਗੇਤੀ ਠੋਕ ਕੇ ਕਹਿਣ ਅਤੇ ਸਰਕਾਰ ਓਨਾ ਭਾਅ ਦੇ ਦੇਵੇ ਤਾਂ ਕਹਿ ਸਕਣ ਕਿ ਇਹ ਮੰਗ ਅਸੀਂ ਰੱਖੀ ਸੀ।
ਉਨ੍ਹੀਂ ਦਿਨੀਂ ਮੈਂ ਕਾਂਗਰਸ ਦੇ ਵਿਰੋਧ ਵਿੱਚ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੁੰਦਾ ਸਾਂ। ਇੱਕ ਦਿਨ ਜ਼ੀਰਵੀ ਜੀ ਨੇ ਹੱਸ ਕੇ ਕਿਹਾ: ਜਿਹੜੇ ਕਾਂਗਰਸ ਦੇ ਪਿੱਛੇ ਲਾਈਨਾਂ ਬੰਨ੍ਹੀ ਖੜ੍ਹੇ ਨੇ, ਉਨ੍ਹਾਂ ਨੂੰ ਪਤਾ ਨਹੀਂ ਕਿ ਉਸ ਨਾਲ ਵਫ਼ਾ ਕਿਉਂ ਕਰੀ ਜਾਂਦੇ ਹਨ, ਏਦਾਂ ਹੀ ਕਾਂਗਰਸ ਦਾ ਵਿਰੋਧ ਕਰਨ ਵਾਲੇ ਨਹੀਂ ਜਾਣਦੇ ਕਿ ਵਿਰੋਧ ਕਾਹਦਾ ਹੈ! ਜ਼ੀਰਵੀ ਜੀ ਦਾ ਖਿਆਲ ਸੀ ਕਿ ਭਾਰਤੀ ਲੋਕਾਂ ਅਤੇ ਪੰਜਾਬੀਆਂ ਵਿੱਚ ਵੀ ਇਹ ਇੱਕ ਸੁਭਾਅ ਪੱਕਾ ਹੋ ਚੁੱਕਾ ਹੈ ਕਿ ਜਿਸ ਦੇ ਵਿਰੁੱਧ ਹਨ, ਬੱਸ ਵਿਰੁੱਧ ਹੀ ਹਨ, ਵਿਚਲਾ ਕਾਰਨ ਨਹੀਂ ਦੱਸ ਸਕਦੇ ਤੇ ਜਿਹੜੇ ਵਫ਼ਾ ਕਰਦੇ ਹਨ, ਸਿਰਫ਼ ਵਫ਼ਾ ਕਰਨ ਦਾ ਕੰਮ ਕਰਦੇ ਹਨ, ਵਫ਼ਾਦਾਰੀ ਬਾਰੇ ਦਲੀਲਬਾਜ਼ੀ ਕਰਨ ਨੂੰ ਤਿਆਰ ਨਹੀਂ ਹੋ ਸਕਦੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਉਸ ਯੁੱਗ ਵਿੱਚ ਨਹੀਂ ਰਹਿੰਦੇ, ਜਦੋਂ ਰਾਜੇ ਨੂੰ ਪਰਜਾ ਦਾ ਪਿਤਾ ਅਤੇ ਲੀਡਰ ਨੂੰ ਰੱਬੀ ਰਹਬਿਰ ਸਮਝਿਆ ਜਾਂਦਾ ਸੀ, ਅੱਜ ਜਿਸ ਲੀਡਰ ਦਾ ਪੈਂਤੜਾ ਚੰਗਾ ਲੱਗਦਾ ਹੈ, ਭਲਕ ਨੂੰ ਉਹੀ ਆਗੂ ਆਪਣੀ ਤੇ ਆਪਣੀ ਔਲਾਦ ਜਾਂ ਪਾਰਟੀ ਦੀ ਲੋੜ ਲਈ ਪੈਂਤੜੇ ਤੋਂ ਥਿੜਕ ਜਾਵੇ ਤਾਂ ਅੰਨ੍ਹੇ-ਵਾਹ ਪਿੱਛੇ ਨਹੀਂ ਲੱਗੇ ਜਾਣਾ ਚਾਹੀਦਾ, ਮੋਢਿਆਂ ਉੱਤੇ ਲੱਗੇ ਸਿਰ ਨਾਲ ਸੋਚ ਲਈਏ ਤਾਂ ਅੱਗੇ ਦਾ ਰਸਤਾ ਸੁੱਝ ਸਕਦਾ ਹੈ। ਏਦਾਂ ਦੇ ਹੋਰ ਵੀ ਕਈ ਮੌਕੇ ਆਉਂਦੇ ਰਹੇ ਤੇ ਅਸੀਂ ਉਨ੍ਹਾਂ ਤੋਂ ਸਿੱਖਦੇ ਰਹੇ।
ਅਚਾਨਕ ਇੱਕ ਮੌਕਾ ਆਇਆ, ਜਦੋਂ ਮੈਨੂੰ ਅਖਬਾਰ ਦੇ ਦਫਤਰ ਦਾ ਅੰਗ ਬਣਨਾ ਪੈ ਗਿਆ। ਸੁਰਜਨ ਜ਼ੀਰਵੀ ਜੀ ਨੂੰ ਭਾਰਤ ਛੱਡ ਕੇ ਕੈਨੇਡਾ ਗਿਆਂ ਨੂੰ ਦੋ ਸਾਲ ਤੋਂ ਕੁਝ ਵੱਧ ਹੋ ਚੁੱਕੇ ਸਨ। ਮੈਂ ਦਫ਼ਤਰੀ ਕਲਚਰ ਨੂੰ ਜਾਨਣ ਦੇ ਪੱਖੋਂ ਕਾਫ਼ੀ ਮੁਸ਼ਕਲ ਮਹਿਸੂਸ ਕਰਦਾ ਸਾਂ। ਦਫ਼ਤਰ ਵਿੱਚ ਹਰ ਕੋਈ ਕਹਿ ਦੇਂਦਾ ਸੀ, ਅੱਜ ਜ਼ੀਰਵੀ ਜੀ ਹੁੰਦੇ ਤਾਂ ਤੈਨੂੰ ਜਾਨਣ ਦੀ ਔਖ ਨਹੀਂ ਸੀ ਹੋਣੀ। ਇਸੇ ਖਿੱਚੋਤਾਣ ਵਿੱਚ ਮੈਂ ਇੱਕ ਦਿਨ ਜ਼ੀਰਵੀ ਜੀ ਨੂੰ ਚਿੱਠੀ ਲਿਖੀ, ‘‘ਮੇਰੇ ਵਰਗਾ ਫੀਲਡ ਦਾ ਕੰਮ ਕਰਨ ਵਾਲਾ ਬੰਦਾ, ਜਿਸ ਨੂੰ ਐਡੀਟਰੀ ਤਾਂ ਇਕ ਪਾਸੇ ਰਹੀ, ਦਫ਼ਤਰ ਵਿੱਚ ਬੈਠਣ ਦਾ ਸਲੀਕਾ ਵੀ ਨਹੀਂ ਆਉਂਦਾ, ਆਪਣੇ ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰਦਾ ਹੈ। ਸਚਮੁੱਚ ਚਾਰ ਮਹੀਨੇ ਲਾ ਕੇ ਦਫ਼ਤਰ ਨੂੰ ਦਫ਼ਤਰ ਨਹੀਂ ਸਮਝ ਸਕਿਆ। ਤਰੰਗ ਵਿੱਚ ਆ ਕੇ ਮੇਜ਼ ’ਤੇ ਤਬਲਾ ਵੀ ਵਜਾ ਲੈਂਦਾ ਹਾਂ ਅਤੇ ਕਦੇ-ਕਦਾਈਂ ਕੋਈ ਤੁਕ ਮੂੰਹ ਅੱਗੇ ਆ ਜਾਵੇ ਤਾਂ ਗਾਉਣ ਵੀ ਲੱਗ ਪੈਂਦਾ ਹਾਂ। ਸਾਰੇ ਹੱਸ ਪੈਂਦੇ ਹਨ, ਪਰ ਟੋਕਦਾ ਕੋਈ ਵੀ ਨਹੀਂ। ਕਾਸ਼! ਤੁਸੀਂ ਹੁੰਦੇ, ਮੈਨੂੰ ਟੋਕ ਕੇ ਟਿਕਾਣੇ ਸਿਰ ਰੱਖਦੇ। ਮੈਂ ਇਸ ਸੀਟ ਦੇ ਲਿਹਾਜ਼ ਨਾਲ ਆਪਣੇ ਆਪ ਨੂੰ ਬੌਣਾ ਜਿਹਾ ਮਹਿਸੂਸ ਕਰਦਾ ਹਾਂ। ਜੇ ਕਦੇ ਤੁਸੀਂ ਆ ਸਕੋ, ਏਥੇ ਖੜਾਵਾਂ ਤਾਂ ਨਹੀਂ ਰੱਖੀਆਂ, ਪਰ ਮੈਨੂੰ ਖੜਾਵਾਂ ਵਾਂਗ ਹੀ ਸੀਟ ’ਤੇ ਸਮਝੋ।’’ ਅਗਲੇ ਹਫ਼ਤੇ ਉਨ੍ਹਾਂ ਦੀ ਚਿੱਠੀ ਆ ਗਈ, ‘‘ਨਵਾਂ ਜ਼ਮਾਨਾ ਦੇ ਐਡੀਟੋਰੀਅਲ ਦਫ਼ਤਰ ਦੀ ਇਹ ਖੂਬੀ ਹੈ ਕਿ ਇਹ ਦਫ਼ਤਰ ਹੋ ਕੇ ਵੀ ਦਫ਼ਤਰ ਨਹੀਂ ਲੱਗਦਾ ਅਤੇ ਜੇ ਮੇਰੇ ਹੁੰਦਿਆਂ ਤੂੰ ਮਸਤੀ ਵਿੱਚ ਆ ਕੇ ਗਾਉਣ ਜਾਂ ਤਬਲਾ ਵਜਾਉਣ ਲੱਗਦਾ ਤਾਂ ਟੋਕਣਾ ਮੈਂ ਵੀ ਨਹੀਂ ਸੀ ਸਗੋਂ ਤੇਰੇ ਨਾਲ ਰਲ ਜਾਇਆ ਕਰਨਾ ਸੀ। ਘੱਟੋ-ਘੱਟ ਆਪਣੇ ਹੋਣ ਸਮੇਂ ਮੈਂ ਟੋਕਾ-ਟਾਕੀ ਵਾਲਾ ਰਿਵਾਜ ਨਹੀਂ ਸੀ ਪੈਣ ਦਿੱਤਾ।’’ ਚਿੱਠੀ ਵਿੱਚ ਕਈ ਗੱਲਾਂ ਉਨ੍ਹਾਂ ਨੇ ਮਜ਼ਾਕੀਆ ਲਹਿਜੇ ਵਿੱਚ ਮੇਰੇ ਫਰਜ਼ਾਂ ਅਤੇ ਮੁਸ਼ਕਲ ਹਾਲਾਤ ਨਾਲ ਸਿੱਝਣ ਬਾਰੇ ਵੀ ਸੌਖ ਨਾਲ ਲਿਖ ਦਿੱਤੀਆਂ, ਜਿਹੜੀਆਂ ਚਿਰਾਂ ਤੱਕ ਮੇਰੇ ਕੰਮ ਆਉਂਦੀਆਂ ਰਹੀਆਂ ਅਤੇ ਅੱਜ ਵੀ ਆਉਂਦੀਆਂ ਹਨ।
ਨਿੱਜੀ ਸੰਬੰਧਾਂ ਦੀ ਗੱਲ ਛੱਡਾਂ ਤਾਂ ਪੰਜਾਬ ਤੋਂ ਦਿੱਲੀ ਤੱਕ ਜਿਸ ਕਿਸੇ ਮੀਡੀਆ ਅਦਾਰੇ ਵਿੱਚ ਜਾਣ ਦਾ ਮੌਕਾ ਨਸੀਬ ਹੋਇਆ, ਹਰ ਥਾਂ ਕੁਝ ਨਾ ਕੁਝ ਲੋਕ ਇਹੋ ਜਿਹੇ ਮਿਲ ਗਏ, ਜਿਹੜੇ ਜ਼ੀਰਵੀ ਜੀ ਕੋਲੋਂ ਸਿੱਖ ਕੇ ਗਏ ਸਨ। ਪੰਕਜ ਪਚੌਰੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਮੀਡੀਆ ਐਡਵਾਈਜ਼ਰ ਬਣਨ ਤੋਂ ਪਹਿਲਾਂ ਜਦੋਂ ਐੱਨ ਡੀ ਟੀ ਵੀ ਵਿੱਚ ਸੀ, ਮੈਂ ਉਸ ਨੂੰ ਮਿਲਣ ਗਿਆ ਤਾਂ ਉਸ ਦਾ ਸੁਨੇਹਾ ਮਿਲਿਆ ਕਿ ਟਰੈਫਿਕ ਜਾਮ ਵਿੱਚ ਫਸਿਆ ਹੈ, ਛੇਤੀ ਹੀ ਆਉਣ ਵਾਲਾ ਹੈ। ਮੈਂ ਸੋਚਿਆ ਕਿ ਬਾਹਰ ਖੜ੍ਹਾ ਉਡੀਕ ਲਵਾਂਗਾ, ਪਰ ਪਿੱਛੋਂ ਆਵਾਜ਼ ਆਈ, ਤੁਸੀਂ ਜਤਿੰਦਰ ਪਨੂੰ ਤਾਂ ਨਹੀਂ! ਮੈਂ ਪਿੱਛੇ ਵੱਲ ਝਾਕਿਆ ਤਾਂ ਇੱਕ ਨੌਜਵਾਨ ਖੜਾ ਸੀ, ਮੈਂ ਹਾਂ ਕਹੀ ਅਤੇ ਪੁੱਛਿਆ ਕਿ ਉਹ ਕਿਵੇਂ ਜਾਣਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪਾਪਾ ਜਾਣਦੇ ਹਨ ਅਤੇ ਇਸ ਲਈ ਜਾਣਦੇ ਹਨ ਕਿ ਉਹ ਨਵਾਂ ਜ਼ਮਾਨਾ ਵਿੱਚ ਸੁਰਜਨ ਜ਼ੀਰਵੀ ਜੀ ਨਾਲ ਕੰਮ ਕਰਦੇ ਰਹੇ ਹਨ। ਦਿੱਲੀ ਦਾ ਇੱਕ ਪੱਤਰਕਾਰ ਇੱਕ ਵਾਰ ਸਟੇਟਸਮੈਨ ਦੇ ਸੰਪਾਦਕ ਨੂੰ ਮਿਲਣ ਲੈ ਗਿਆ। ਸੰਪਾਦਕ ਓਥੇ ਕੁਮਾਰ ਨਾਂਅ ਦੇ ਕੋਈ ਸੱਜਣ ਸਨ, ਮੈਂ ਨਹੀਂ ਸਾਂ ਜਾਣਦਾ। ਉਨ੍ਹਾਂ ਦਾ ਸਹਾਇਕ ਸੰਪਾਦਕ ਆਇਆ ਤਾਂ ਜਾਣ-ਪਛਾਣ ਕਰਾਉਂਦੇ ਸਾਰ ਹੀ ਉਸ ਨੇ ਕਿਹਾ: ਨਵਾਂ ਜ਼ਮਾਨਾ ਤੋਂ ਆਏ ਹੋ ਨਾ! ਅੰਗਰੇਜ਼ੀ ਅਖਬਾਰ ਦੇ ਦਫ਼ਤਰ ਵਿੱਚ ਇਹ ਗੱਲ ਸੁਣ ਕੇ ਹੈਰਾਨੀ ਨਾਲ ਮੈਂ ਕੁਝ ਪੁੱਛਣ ਹੀ ਲੱਗਾ ਸਾਂ ਕਿ ਉਸ ਨੇ ਕਹਿ ਦਿੱਤਾ, ਮੈਂ ਜਦੋਂ ਜਰਨਲਿਜ਼ਮ ਦਾ ਸਟੂਡੈਂਟ ਸੀ, ਓਥੇ ਜ਼ੀਰਵੀ ਜੀ ਕੋਲ ਜਾਂਦਾ ਹੁੰਦਾ ਸਾਂ, ਉਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸੀ। ਕਈ ਸਾਲ ਬਾਅਦ ਕੈਨੇਡਾ ਵਿੱਚ ਪਹਿਲੀ ਵਾਰ ਜਾਣ ਦਾ ਮੌਕਾ ਮਿਲਿਆ ਤਾਂ ਓਥੋਂ ਦੇ ਪੱਤਰਕਾਰਾਂ ਵਿੱਚੋਂ ਜ਼ੀਰਵੀ ਜੀ ਨੂੰ ਆਪਣਾ ਪੱਤਰਕਾਰੀ ਦਾ ਉਸਤਾਦ ਮੰਨਣ ਵਾਲੇ ਕਿੰਨੇ ਸਨ, ਗਿਣਾ ਸਕਣੇ ਔਖੇ ਹਨ। ਸਾਡੇ ਪਿਆਰੇ ਮਿੱਤਰ ਅਤੇ ਜ਼ੀਰਵੀ ਜੀ ਦੇ ਬਹੁਤ ਨੇੜੇ ਰਹਿਣ ਦਾ ਨਿੱਘ ਮਾਨਣ ਵਾਲੇ ਇਕਬਾਲ ਮਾਹਲ ਹੁਰਾਂ ਨੇ ਜ਼ੀਰਵੀ ਜੀ ਬਾਰੇ ਜਦੋਂ ਕਿਤਾਬ ਲਿਖੀ ਤਾਂ ਜ਼ੀਰਵੀ ਦੇ ਅਕਸ ਦੀਆਂ ਕਿਰਨਾਂ ਦਾ ਖਿਲਾਰਾ ਹੋਰ ਵੱਡਾ ਦਿਸਣ ਲੱਗ ਪਿਆ। ਪੱਤਰਕਾਰਾਂ ਦੀ ਇੱਕ ਪੂਰੀ ਪੀੜ੍ਹੀ ਆਪੋ-ਆਪਣੇ ਹਿਸਾਬ ਨਾਲ ਜਿਸ ਮਹਾਨ ਹਸਤੀ ਨੂੰ ਆਪਣਾ ਉਸਤਾਦ, ਸਾਥੀ ਜਾਂ ਮਿੱਤਰ ਦੱਸਦੀ ਹੈ, ਉਨ੍ਹਾਂ ਵਿੱਚੋਂ ਇੱਕ ਨਾਂਅ ਨੌਨਿਹਾਲ ਸਿੰਘ ਦਾ ਸੀ ਤੇ ਦੂਸਰਾ ਉਨ੍ਹਾਂ ਦੇ ਵੱਡੇ ਭਰਾ ਹਰਦਿਆਲ ਸਿੰਘ ਦਾ। ਜੇ ਤੀਸਰਾ ਨਾਂਅ ਇਸ ਸ਼੍ਰੇਣੀ ਵਿੱਚ ਗਿਣਿਆ ਜਾ ਸਕਦਾ ਹੈ ਤਾਂ ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਵੱਸਦੇ ਰਵਿੰਦਰ ਜੀ ਹਨ, ਜਿਹੜੇ ਕਾਫ਼ੀ ਬਜ਼ੁਰਗ ਹੋਣ ਦੇ ਬਾਵਜੂਦ ਜ਼ੀਰਵੀ ਜੀ ਵਾਂਗ ਅੱਜ ਵੀ ਮੇਰੇ ਵਰਗਿਆਂ ਲਈ ਰਾਹ-ਦਿਖਾਵਾ ਬਣਨ ਲਈ ਤਿਆਰ ਰਹਿੰਦੇ ਹਨ। ਜਿਸ ਕਿਸੇ ਨੂੰ ਇਨ੍ਹਾਂ ਦੀ ਚੌਕੜੀ ਵਿੱਚ ਕਦੀ ਬਹਿਣ-ਵਿਚਰਨ ਲਈ ਮੌਕਾ ਮਿਲਿਆ ਹੈ, ਉਸ ਨੂੰ ਉਹ ਘੜੀ ਉਮਰ ਭਰ ਨਹੀਂ ਭੁੱਲਣੀ, ਜਿਸ ਵਿੱਚ ਹਾਸਾ-ਠੱਠਾ ਵੀ ਹੁੰਦਾ ਸੀ, ਪਰ ਪੰਜਾਬ ਤੋਂ ਸ਼ੁਰੂ ਕਰ ਕੇ ਅਮਰੀਕਾ, ਬਰਤਾਨੀਆ ਅਤੇ ਰੂਸ ਤੱਕ ਦੀ ਰਾਜਨੀਤੀ ਤੇ ਮਾਰਕਸੀ ਫਲਸਫੇ ਤੋਂ ਲੈ ਕੇ ਇਤਿਹਾਸਕ ਲਿਖਤਾਂ ਦੇ ਮੁੱਢ ਤੱਕ ਜਾਣ ਵਾਲੀ ਫਿਰਕਾਪ੍ਰਸਤੀ ਦੇ ਲਾਗ ਦੀ ਗੰਭੀਰ ਚਰਚਾ ਵੀ ਹੋ ਜਾਂਦੀ ਸੀ। ਵੇਖਣ ਨੂੰ ਮਹਿਫਲ ਜਿਹੀ ਵਾਲੇ ਮਾਹੌਲ ਵਿੱਚ ਵੀ ਏਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਸੀ, ਜਿੰਨਾ ਕਿਸੇ ਯੂਨੀਵਰਸਿਟੀ ਦੀ ਬਾਕਾਇਦਾ ਕਲਾਸ ਵਿੱਚ ਸਿੱਖਣ ਦੇ ਲਈ ਸ਼ਾਇਦ ਹੀ ਮਿਲਦਾ ਹੋਵੇ। ਸਭ ਤੋਂ ਵੱਡੀ ਗੱਲ ਕਿ ਉਨ੍ਹਾਂ ਵਿੱਚ ਅੜੇ-ਥੁੜੇ ਉਸ ਮਨੁੱਖ ਲਈ ਭਾਵਨਾਵਾਂ ਤੇ ਕੁਝ ਕਰਨ ਦੀ ਤਾਂਘ ਏਨੀ ਜ਼ਿਆਦਾ ਸੀ, ਜਿੰਨੀ ਸਮਾਜ ਨੂੰ ਸਮਰਪਤ ਕਿਸੇ ਵੀ ਹੋਰ ਮਨੁੱਖਵਾਦੀ ਵਰਕਰ ਕੋਲ ਸ਼ਾਇਦ ਨਾ ਹੋਵੇ। ਅੱਜ ਜਦੋਂ ਜ਼ੀਰਵੀ ਜੀ ਨਹੀਂ ਰਹੇ, ਅਤੇ ਇਹ ਗੱਲ ਮੰਨ ਲੈਣੀ ਔਖੀ ਜਾਪਦੀ ਹੈ ਕਿ ਉਹ ਨਹੀਂ ਰਹੇ, ਓਦੋਂ ਉਨ੍ਹਾਂ ਦੀਆਂ ਗੱਲਾਂ ਦਾ ਏਡਾ ਚੱਕਰ ਘੁੰਮੀ ਜਾਂਦਾ ਹੈ ਕਿ ਉਸ ਵਿੱਚੋਂ ਕੋਈ ਗੱਲ ਕਰਨੀ ਤੇ ਕੋਈ ਛੱਡਣ ਲਈ ਚੁਣਨੀ ਬਹੁਤ ਔਖੀ ਹੈ। ਉਨ੍ਹਾਂ ਦੀ ਹਰ ਗੱਲ ਹੀ ਖਾਸ ਹੋਇਆ ਕਰਦੀ ਸੀ। ਸੁਰਜਨ ਜ਼ੀਰਵੀ ਸਿਰਫ਼ ਸੁਰਜਨ ਜ਼ੀਰਵੀ ਸੀ, ਉਨ੍ਹਾਂ ਦੇ ਨਾਲ ਕਿਸੇ ਹੋਰ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਏਸੇ ਲਈ ਉਨ੍ਹਾਂ ਦੀ ਗੱਲ ਮੁਕਾਉਣ ਲਈ ਯੋਗ ਸ਼ਬਦ ਨਹੀਂ ਅਹੁੜਦੇ, ਤੇ ਇਹ ਅਹੁੜਨ ਵੀ ਕਿਸ ਤਰ੍ਹਾਂ, ਜਦੋਂ ਮਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਰਿਹਾ ਕਿ ਜ਼ਿੰਦਗੀ ਦੇ ਅੰਤ ਤੀਕ ਜ਼ਿੰਦਾਦਿਲੀ ਦਾ ਮੁਜੱਸਮਾ ਬਣ ਕੇ ਨਿਭਣ ਵਾਲਾ ਉਹ ਮਹਾਂ-ਮਨੁੱਖ ਦੁਨੀਆ ਉੱਤੇ ਨਹੀਂ ਰਿਹਾ। ਅਲਵਿਦਾ ਜ਼ੀਰਵੀ ਜੀ।
ਸੰਪਰਕ: 98140-68455

Advertisement

Advertisement