‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਲੋਕ ਅਰਪਣ
ਬਲਬੀਰ ਮਾਧੋਪੁਰੀ
ਦਿੱਲੀ: ਕੈਨੇਡਾ ਵਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਗੀਤ ਦੇ ਸਮੁੱਚੇ ਸਾਹਿਤ ’ਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋ. ਜਸਪਾਲ ਕੌਰ ਨੇ ‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਨਾਂ ਦੀ ਆਲੋਚਨਾ ਪੁਸਤਕ ਦਾ ਸੰਪਾਦਨ ਕੀਤਾ ਹੈ। ਇਸ ਪੁਸਤਕ ਉਤੇ ਪੰਜਾਬੀ ਵਿਭਾਗ, ਲਕਸ਼ਮੀ ਬਾਈ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਸੰਵਾਦ ਰਚਾਇਆ ਗਿਆ। ਵਿਸ਼ਾ ਸੀ: ‘ਆਵਾਸ ਪਰਵਾਸ ਅਤੇ ਸਾਹਿਤ।’ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਨੇ ਕੀਤੀ।
ਪ੍ਰੋ. ਜਸਪਾਲ ਨੇ ਉਪਰੋਕਤ ਵਿਸ਼ੇ ਉਤੇ ਵਾਸ, ਆਵਾਸ, ਪਰਵਾਸ ਅਤੇ ਆਬਾਦ ਸ਼ਬਦਾਂ ਦੀ ਪਰਿਭਾਸ਼ਾ ਸਬੰਧੀ ਵਿਸਥਾਰ ਸਾਹਿਤ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਦੀ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਾਹਿਤਕਾਰਾਂ ਅਤੇ ਉਨ੍ਹਾਂ ਵੱਲੋਂ ਰਚੇ ਸਾਹਿਤ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸਿੱਧ ਕਵਿਤਰੀ, ਕਹਾਣੀਕਾਰ ਅਤੇ ਨਿਬੰਧਕਾਰ ਸੁਰਿੰਦਰ ਗੀਤ ਦੇ ਰਚੇ ਸਾਹਿਤ ਉਤੇ ਰਿਸਰਚ ਸਕਾਲਰਾਂ ਤੇ ਵਿਦਵਾਨਾਂ ਨੇ ਪੇਪਰ ਲਿਖੇ ਹਨ ਜਿਸ ਸਦਕਾ ਇਹ ਪੁਸਤਕ ਵਿਦਿਆਰਥਿਆਂ ਅਤੇ ਖੋਜਾਰਥੀਆਂ ਲਈ ਲਾਭਕਾਰੀ ਸਿੱਧ ਹੋਵੇਗੀ। ਪ੍ਰੋ. ਪ੍ਰਿਥਵੀ ਰਾਜ ਥਾਪਰ (ਦਿਆਲ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ) ਨੇ ਆਪਣੇ ਪੇਪਰ ਵਿੱਚ ਆਖਿਆ ਕਿ ਪੁਸਤਕ ਵਿਚਲੇ ਸਕਾਲਰਾਂ-ਆਲੋਚਕਾਂ ਨੇ ਸੁਰਿੰਦਰ ਗੀਤ ਦੇ ਸਾਹਿਤ ਅਤੇ ਆਪਣੇ ਡੂੰਘੇ ਅਧਿਐਨ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਸਾਰੇ ਆਲੋਚਕਾਂ ਦੇ ਇੱਕ-ਇੱਕ ਪੇਪਰ ਉਤੇ ਭਾਵਪੂਰਤ ਟਿੱਪਣੀਆਂ ਅਤੇ ਹਵਾਲਿਆਂ ਦਾ ਜ਼ਿਕਰ ਕੀਤਾ।
ਬਲਬੀਰ ਨੇ ‘ਸੁਰਿੰਦਰ ਗੀਤ: ਵਿਲੱਖਣ ਪਰਵਾਸੀ ਸਾਹਿਤਕਾਰ’ ਨਾਂ ਦਾ ਪੇਪਰ ਪੜ੍ਹਿਆ ਤੇ ਦੱਸਿਆ ਕਿ ਉਹ ਸਮਾਜਿਕ ਗ਼ੈਰ-ਬਰਾਬਰੀ ਦੇ ਪਾੜੇ ਤੇ ਪੁਆੜੇ ਪਾਉਣ ਵਾਲੀ ਜ਼ਿੰਮੇਦਾਰ ਧਿਰ ਨੂੰ ਆਪਣੇ ਕਾਵਿ-ਕੇਂਦਰ ਵਿੱਚ ਰੱਖ ਕੇ ਵੰਚਿਤ ਵਰਗ ਨਾਲ ਖੜ੍ਹਦੀ ਹੈ। ਉਸ ਦੀਆਂ ਕਹਾਣੀਆਂ ਜਾਤਪਾਤ, ਰੰਗ-ਭੇਤ, ਨਸਲਵਾਦ ਅਤੇ ਕੈਨੇਡਾ ਦੇ ਮੂਲ ਨਿਵਾਸੀਆਂ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਮਨੁੱਖ-ਮੁਖੀ ਸਰੋਕਾਰਾਂ ਨੂੰ ਪ੍ਰਗਟਾਉਂਦੀਆਂ ਹਨ।। ਡਾ. ਮਨੀਸ਼ਾ ਬਤਰਾ ਨੇ ਕਿਹਾ ਕਿ ਪ੍ਰੋ. ਜਸਪਾਲ ਕੌਰ ਵੱਲੋਂ ਸੰਪਾਦਤ ਇਸ ਪੁਸਤਕ ਵਿੱਚ ਸੁਰਿੰਦਰ ਗੀਤ ਸਾਹਿਤ ’ਤੇ ਆਲੋਚਨਾਂ ਪੇਪਰਾਂ ਨੂੰ ਦਿੱਤੀ ਤਰਤੀਬ ਬੜੀ ਸੁਚੱਜੀ ਤੇ ਸਲਾਹੁਣਯੋਗ ਹੈ। ਉਸ ਨੇ ਸੁਰਿੰਦਰ ਗੀਤ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਉਤੇ ਆਲੋਚਕਾਂ ਵੱਲੋਂ ਲਿਖੇ ਪੇਪਰਾਂ ਦੀ ਡੂੰਘੀ ਨੀਝ ਤੇ ਦ੍ਰਿਸ਼ਟੀ ਨੂੰ ਵਡਿਆਇਆ। ਪੁਸਤਕ ’ਚ ਸ਼ਾਮਲ ਤਿੰਨ ਸਕਾਲਰਾਂ ਨੇ ਵੀ ਇਸ ਪੁਸਤਕ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ। ਇਸ ਮੌਕੇ ‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਦਾ ਲੋਕ ਅਰਪਣ ਮੰਚ ’ਤੇ ਬੈਠੇ ਪ੍ਰੋ. ਮਨਜੀਤ ਸਿੰਘ, ਪ੍ਰੋ. ਜਸਪਾਲ ਕੌਰ, ਪ੍ਰੋ. ਪ੍ਰਿਥਵੀ ਰਾਜ, ਡਾ. ਮਨੀਸ਼ਾ ਬੱਤਰਾ, ਡਾ. ਨਿਰਮਲ ਸ਼ਾਹਿਦ, ਡਾ. ਸਵਰਨਜੀਤ ਕੌਰ ਆਦਿ ਨੇ ਮਿਲ ਕੇ ਕੀਤਾ।
ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਪ੍ਰੋ. ਮਨਜੀਤ ਸਿੰਘ ਨੇ ਪ੍ਰੋ. ਜਸਪਾਲ ਨੂੰ ਇਸ ਮਹੱਤਵਪੂਰਨ ਆਲੋਚਨਾ ਪੁਸਤਕ ਦੇ ਸੰਪਾਦਨ ਲਈ ਵਧਾਈ ਦਿੰਦਿਆਂ ਪਰਵਾਸੀ ਸਾਹਿਤ ਬਾਰੇ ਵਿਸ਼ਵ ਦੇ ਵਿਦਵਾਨਾਂ ਦੇ ਹਵਾਲੇ ਨਾਲ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਜਸਪਾਲ ਕੌਰ ਵੱਲੋਂ ਦਿੱਤੇ ਭਾਸ਼ਨ ਅਤੇ ਪੇਪਰ ਵਿਚਲੇ ਜ਼ਾਵੀਏ ਦਾ ਸਮਰਥਨ ਕੀਤਾ। ਉਨ੍ਹਾਂ ਨੇ ਖੋਜਾਰਥੀਆਂ ਨੂੰ ਭਵਿੱਖ ਦੇ ਵਧੀਆ ਆਲੋਚਕ ਹੋਣ ਦੀਆਂ ਸੰਭਾਵਨਾਵਾਂ ਬਾਰੇ ਹਾਂ-ਪੱਖੀ ਟਿੱਪਣੀਆਂ ਕੀਤੀਆਂ। ਡਾ. ਨਿਰਮਲ ਸ਼ਾਹਿਦ ਨੇ ਮੰਚ ਸੰਚਾਲਨ ਕਰਦਿਆਂ ਮੰਚ ਉਤੇ ਬੈਠੇ ਲੇਖਕਾਂ/ਆਲੋਚਕਾਂ ਸਬੰਧੀ ਢੁੱਕਵੀਂ ਜਾਣਕਾਰੀ ਮੁਹੱਈਆ ਕਰਵਾਈ।
ਇਸ ਗੋਸ਼ਟੀ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਹੋਰ ਬਹੁਤ ਸਾਰੇ ਸਾਹਿਤ ਰਸੀਏ ਹਾਜ਼ਰ ਸਨ।