For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਦਮਦਾਰ ਆਵਾਜ਼ ਸੁਰਿੰਦਰ ਛਿੰਦਾ

08:49 AM Jul 15, 2023 IST
ਪੰਜਾਬ ਦੀ ਦਮਦਾਰ ਆਵਾਜ਼ ਸੁਰਿੰਦਰ ਛਿੰਦਾ
Advertisement

ਸਰੂਪ ਸਿੰਘ

ਸੁਰਿੰਦਰ ਛਿੰਦਾ ਪੰਜਾਬੀ ਸੰਗੀਤਕ ਖੇਤਰ ਵਿੱਚ ਉਹ ਨਾਂ ਹੈ ਜੋ ਪਿਛਲੇ ਚਾਰ ਦਹਾਕਿਆਂ ਤੋਂ ਵੀ ਉੱਪਰ ਗਾਇਕੀ ਦੇ ਮੈਦਾਨ ਵਿੱਚ ਅੱਜ ਵੀ ਹਿੱਕ ਤਾਣ ਗਾਉਂਦਾ ਨਜ਼ਰ ਆਉਂਦਾ ਹੈ। ਜੇਕਰ ਉਸ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਲੋਕ ਰੰਗ, ਸੱਭਿਆਚਾਰਕ, ਲੋਕ ਗਾਥਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੇ ਰੰਗ ’ਚ ਚੁਲਬੁਲੇ ਦੋਗਾਣਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਉਹ ਆਪਣੇ ਸਮਕਾਲੀ ਗਾਇਕ ਮੁਹੰਮਦ ਸਦੀਕ, ਕੁਲਦੀਪ ਮਾਣਕ, ਕਰਤਾਰ ਰਮਲਾ, ਕਰਨੈਲ ਗਿੱਲ, ਦੀਦਾਰ ਸੰਧੂ, ਜਸਵੰਤ ਸੰਦੀਲਾ, ਕੇ ਦੀਪ, ਜਗਮੋਹਨ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਤੇ ਹਾਕਮ ਬਖਤੜੀ ਵਾਲਾ ਵਰਗੇ ਅਨੇਕਾਂ ਹੀ ਹੋਰ ਕਲਾਕਾਰਾਂ ਵਿੱਚੋਂ ਸਿਰਕੱਢਵਾਂ ਗਵੱਈਆ ਹੈ। ਖੁੱਲ੍ਹੇ ਡੁੱਲ੍ਹੇ ਸਰੀਰ ਵਾਲਾ ਸੁਰਿੰਦਰ ਛਿੰਦਾ ਜਦੋਂ ਚੌੜੀ ਛਾਤੀ ਤਾਣ ਸਟੇਜ ’ਤੇ ਆਪਣੀਆਂ ਸੁਰ ਕਲਾਵਾਂ ਨੂੰ ਛੇੜਦਾ ਹੈ ਤਾਂ ਉਹ ਪੰਡਾਲ ’ਚ ਬੈਠੇ ਸਰੋਤਿਆਂ ਨੂੰ ਹੀ ਨਹੀਂ ਬਲਕਿ ਵਗਦੀਆਂ ਹਵਾਵਾਂ ਨੂੰ ਵੀ ਰੁਮਕਣ ਲਾ ਦਿੰਦਾ ਹੈ।
ਇਸ ਗਾਇਕੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛੋਟੀ ਅਯਾਲੀ ਦੇ ਰਹਿਣ ਵਾਲੇ ਮਿਸਤਰੀ ਬਚਨ ਰਾਮ ਤੇ ਮਾਤਾ ਵਿਦਿਆਵਤੀ ਦੇ ਘਰ ਹੋਇਆ। ਪਰਿਵਾਰਕ ਰਿਸ਼ਤਿਆਂ ’ਚੋਂ ਮਿਲੀ ਸੰਗੀਤ ਦੀ ਗੁੜ੍ਹਤੀ ਨੇ ਅੱਖਾਂ ਖੋਲ੍ਹਦਿਆਂ ਹੀ ਸੁਰਿੰਦਰ ਪਾਲ ਧਾਮੀ ਅੰਦਰ ਸੰਗੀਤ ਦਾ ਅਜਿਹਾ ਬੀਜ ਬੋਇਆ ਜੋ ਉਮਰ ਦੇ ਪੜਾਅ ਨਾਲ ਅੰਦਰੋਂ ਅੰਦਰੀਂ ਜਵਾਨ ਹੋਣ ਲੱਗਾ। ਆਪਣੇ ਸ਼ੌਕ ਦੀ ਪੂਰਤੀ ਲਈ ਉਸ ਨੇ ਸੰਗੀਤ ਜਗਤ ਦੇ ਉਸਤਾਦ ਮੰਨੇ ਜਾਣ ਵਾਲੇ ਜਸਵੰਤ ਭੰਵਰਾ ਨੂੰ ਆਪਣਾ ਮੁਰਸ਼ਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਿੱਖਿਆ। ਲੰਮੀ ਮਿਹਨਤ ਤੋਂ ਬਾਅਦ ਜਦੋਂ ਉਸਤਾਦ ਰੂਪੀ ਮਾਲੀ ਨੂੰ ਆਪਣੇ ਬੂਟੇ ’ਤੇ ਸੰਗੀਤਕ ਕਲਾਵਾਂ ਦਾ ਬੂਰ ਨਜ਼ਰ ਆਉਣ ਲੱਗਾ ਤਾਂ ਉਸ ਨੂੰ ਆਪਣੇ ਆਸ਼ੀਰਵਾਦ ਦਾ ਪਾਣੀ ਪਾ ਵਿਸ਼ਾਲ ਰੁੱਖ ਬਣਨ ਲਈ ਸੰਗੀਤ ਦੇ ਵਿਹੜੇ ਲਗਾ ਦਿੱਤਾ।
ਸੰਗੀਤ ਦੇ ਸੰਘਣੇ ਰੁੱਖਾਂ ’ਚ ਪੁੰਗਰਦਾ ਗਾਇਕੀ ਦਾ ਇਹ ਬੂਟਾ ਆਪਣੀ ਮਿਹਨਤ ਦੀ ਹਵਾ ਨਾਲ ਕਲਾ ਦੀ ਮਿੱਠੀ ਮਿੱਠੀ ਮਹਿਕ ਖਿਡਾਉਣ ਲੱਗਾ। ਸਮੇਂ ਦੇ ਨਾਲ ਸੰਗੀਤ ਦਾ ਇਹ ਬੂਟਾ ਆਸਾਂ ਦੀ ਜ਼ਮੀਨ ਵਿੱਚ ਆਪਣੀ ਕਾਮਯਾਬੀ ਦੀਆਂ ਜੜ੍ਹਾਂ ਨੂੰ ਮਿਹਨਤ ਦੇ ਹੱਲ ਨਾਲ ਹੋਰ ਡੂੰਘਾਈ ਵਿੱਚ ਲਾਉਂਦਾ ਗਿਆ ਤੇ ਆਖ਼ਰਕਾਰ ਸੰਗੀਤ ਦੇ ਪਿੜ ਵਿੱਚੋਂ ਸ਼ਬਦ ਅਤੇ ਆਵਾਜ਼ ਦੇ ਸੁਮੇਲ ਨਾਲ ‘ਉੱਚਾ ਬੁਰਜ ਲਾਹੌਰ ਦਾ’ ਨਾਂ ਦੀ ਅਜਿਹੀ ਹਨੇਰੀ ਆਈ ਜਿਸ ਨੇ ਗਾਇਕੀ ਦੇ ਸੰਘਣੇ ਰੁੱਖਾਂ ਦੀਆਂ ਜੜ੍ਹਾਂ ਤੱਕ ਹਿਲਾ ਦਿੱਤੀਆਂ। ਬਸ ਉਸ ਤੋਂ ਬਾਅਦ ਸੁਰਿੰਦਰ ਛਿੰਦਾ ਨਾਂ ਦਾ ਇਹ ਵਾਵਰੋਲਾ ਸੰਗੀਤ ਦੇ ਖੇਤਰ ਵਿੱਚ ਗਾਇਕੀ ਦਾ ਤੂਫ਼ਾਨ ਬਣ ਵੱਡੀ ਤੋਂ ਵੱਡੀ ਸੰਗੀਤਕ ਚਟਾਨ ਨੂੰ ਹਿਲਾਉਣ ਦੀ ਸਮਰੱਥਾ ਰੱਖਣ ਲੱਗਾ।
ਜੇਕਰ ਸੁਰਿੰਦਰ ਛਿੰਦੇ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਮਿਸਾਲ ਕਾਇਮ ਕੀਤੀ। ਉਸ ਦੇ ਦਰਜਨਾਂ ਹਿੱਟ ਗੀਤਾਂ ਨੇ ਮੱਲੋ ਮੱਲੀ ਉਸ ਨੂੰ ਸਿਰਮੌਰ ਗਾਇਕ ਦਾ ਖਿਤਾਬ ਦਿਵਾ ਦਿੱਤਾ। ਜਿਵੇਂ ਕਿ ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਪੁੱਤ ਜੱਟਾਂ ਦੇ’, ‘ਰੱਖ ਲਏ ਕਲੀਂਡਰ ਯਾਰਾਂ’, ‘ਦੋ ਊਠਾਂ ਵਾਲੇ’, ‘ਤਾਰਾ ਰਾਣੀ’, ‘ਇਹ ਮਿੱਤ ਕਿਸੇ ਦਾ ਨਾ’, ‘ਨੈਣਾਂ ਦੇ ਵਣਜਾਰੇ’, ‘ਜਿਊਣਾ ਮੌੜ’, ‘ਤੀਆਂ ਲੌਂਗੋਵਾਲ ਦੀਆਂ’, ‘ਜੱਗਾ ਜੱਟ’, ‘ਮੈਂ ਨਾ ਅੰਗਰੇਜ਼ੀ ਜਾਣਦੀ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’, ‘ਗੱਲਾਂ ਸੋਹਣੇ ਯਾਰ ਦੀਆਂ’, ‘ਬਾਬਿਆਂ ਦੇ ਚੱਲ ਚੱਲੀਏ’, ‘ਜੰਨ ਚੜ੍ਹੀ ਅਮਲੀ ਦੀ’ ਅਤੇ ‘ਮੁੰਡੇ ਕਹਿਣ ਮਿਸ ਇੰਡੀਆ’ ਵਰਗੇ ਅਨੇਕਾਂ ਹੋਰ ਗੀਤ।
ਸੁਰਿੰਦਰ ਛਿੰਦਾ ਉਨ੍ਹਾਂ ਸਮਿਆਂ ਦਾ ਪੁਰਾਤਨ ਗਾਇਕ ਹੈ ਜਦੋਂ ਰਿਕਾਰਡ ਦਾ ਯੁੱਗ ਸੱਭਿਆਚਾਰ ਦੀ ਹਿੱਕ ’ਤੇ ਧਾਂਕ ਜਮਾਈ ਬੈਠਾ ਸੀ। ਉਹ ਆਪਣੇ ਸਮਕਾਲੀ ਗਾਇਕਾਂ ਦੇ ਨਾਲ ਅੱਜ ਵੀ ਪੰਜਾਬੀਅਤ ਦਾ ਝੰਡਾ ਚੁੱਕ ਮੋਹਰੀ ਤੁਰਿਆ ਆ ਰਿਹਾ ਹੈ। ਉਸ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਫਿਲਮਾਂ ਵਿੱਚ ਵੀ ਆਪਣਾ ਧੜੱਲੇਦਾਰ ਅਭਨਿੈ ਨਿਭਾ ਕੇ ਆਪਣੀ ਅਦਾਕਾਰੀ ਦੀ ਵੱਖਰੀ ਛਾਪ ਛੱਡੀ ਹੈ। ਜਿਵੇ ਕਿ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੌੜ’, ‘ਬਗਾਵਤ’, ‘ਹੰਕਾਰ’, ‘ਚੜ੍ਹਦਾ ਸੂਰਜ’, ‘ਟਰੱਕ ਡਰਾਈਵਰ’, ‘ਜੱਟ ਪੰਜਾਬ ਦਾ’ ਅਤੇ ‘ਜੱਟ ਯੋਧੇ’ ਵਰਗੀਆਂ ਹੋਰ ਫਿਲਮਾਂ ਦੇ ਨਾਂ ਸ਼ਾਮਲ ਹਨ।
ਹਰ ਪੱਖ ਤੋਂ ਕਾਮਯਾਬੀ ਹਾਸਲ ਕਰਨ ਵਾਲਾ ਸੁਰਿੰਦਰ ਛਿੰਦਾ ਰਿਕਾਰਡਾਂ ਦੇ ਯੁੱਗ ਤੋਂ ਲੈ ਕੇ ਅੱਜ ਸਿੰਗਲ ਟ੍ਰੈਕ ਦੇ ਦੌਰ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਰਿਹਾ ਹੈ। ਉਸ ਦੇ ਨਵੇਂ ਚਰਿੱਤਰ ਗੀਤ ਉਸ ਦੀ ਦਮਦਾਰ ਆਵਾਜ਼ ਦੀ ਗਵਾਹੀ ਭਰਦੇ ਹਨ। ਉਹ ਪੰਜਾਬੀ ਗਾਇਕੀ ਦਾ ਉਹ ਸੁਨਹਿਰੀ ਦੌਰ ਹੈ ਜੋ ਪੁਰਾਤਨ ਸਮੇਂ ਦੀਆਂ ਨਾਮਵਰ ਦੇਵ ਥਰੀਕਿਆਂ ਵਾਲਾ, ਜੱਗਾ ਗਿੱਲ ਨੱਥੋ ਹੇੜੀ ਵਾਲਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਹਾਕਮ ਬਖ਼ਤੜੀ ਵਾਲਾ, ਸੇਵਾ ਨੌਰਥ, ਸਨਮੁੱਖ ਆਜ਼ਾਦ, ਕਰਨੈਲ ਸਿਵੀਆਂ, ਅਮਰੀਕ ਤਲਵੰਡੀ, ਬਚਨ ਬੇਦਿਲ ਕਲਮਾਂ ਤੋਂ ਲੈ ਕੇ ਅਜੋਕੇ ਦੌਰ ਵਿੱਚ ਵੀ ਨਵੀਆਂ ਕਲਮਾਂ ਭੱਟੀ ਬੜੀ ਵਾਲਾ, ਕਾਲਾ ਸੰਘਿਆਂ ਵਾਲਾ, ਜਸਵੀਰ ਗੁਣਾਚੌਰੀਆ, ਬਿੱਟੂ ਦੌਲਤਪੁਰੀਆ ਨੂੰ ਗਾਉਣ ਦਾ ਮਾਣ ਹਾਸਲ ਕਰ ਰਿਹਾ ਹੈ।
ਪੰਜਾਬੀ ਗਾਇਕੀ ਦਾ ਇਹ ਸ਼ਾਹ ਅਸਵਾਰ ਗਾਇਕ ਅੱਜ ਵੀ ਸੰਗੀਤ ਦੇ ਬਦਲਵੇਂ ਦੌਰ ਵਿੱਚ ਸੱਭਿਆਚਾਰ ਦੇ ਮੈਦਾਨ ਵਿੱਚ ਡਟ ਕੇ ਪੰਜਾਬੀਅਤ ਦੇ ਝੰਡੇ ਨੂੰ ਬੁਲੰਦ ਕਰ ਰਿਹਾ ਹੈ। ਸ਼ਾਲਾ! ਉਹ ਆਪਣੀ ਆਵਾਜ਼ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਆਪਣੇ ਗੀਤਾਂ ਜਿੰਨੀ ਲੰਬੀ ਉਮਰ ਮਾਣੇ।
ਸੰਪਰਕ: 99886-27880

Advertisement

Advertisement
Advertisement
Tags :
Author Image

joginder kumar

View all posts

Advertisement