ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਕੀ ਗੱਲ

11:54 AM Aug 31, 2024 IST

ਹਰੀ ਕ੍ਰਿਸ਼ਨ ਮਾਇਰ

ਚੰਦ ਦੀ ਮੋਟਰ ’ਤੇ ਫੁੱਲਾਂ ਅਤੇ ਫ਼ਲਾਂ ਦੇ ਕਿੰਨੇ ਹੀ ਦਰੱਖਤ ਖੜ੍ਹੇ ਸਨ। ਅੰਬ, ਜਾਮਣ, ਆੜੂ, ਸੰਗਤਰਾ, ਮਾਲਟਾ ਤੇ ਹੋਰ ਪਤਾ ਨਹੀਂ ਕਿੰਨੇ?
ਤਾਰਾਂ ’ਤੇ ਅੰਗੂਰਾਂ ਦੀਆਂ ਵੇਲਾਂ ਚੜ੍ਹੀਆਂ ਹੋਈਆਂ ਸਨ। ਕਦੇ ਕਦੇ ਮੀਤੂ ਆਪਣੇ ਆੜੀਆਂ ਨਾਲ ਚੰਦ ਦੀ ਮੋਟਰ ’ਤੇ ਨਹਾਉਣ ਵੀ ਚਲਾ ਜਾਂਦਾ ਸੀ। ਪਾਣੀ ਦੀ ਤੇਜ਼ ਧਾਰ ਥੱਲੇ ਸਿਰ ਰੱਖ ਕੇ ਉਸ ਨੂੰ ਅਜੀਬ ਜਿਹੀ ਖ਼ੁਸ਼ੀ ਦਾ ਅਹਿਸਾਸ ਹੁੰਦਾ। ਨਹਾਉਂਦੇ ਨਹਾਉਂਦੇ ਉਹ ਰੁੱਖਾਂ ’ਤੇ ਲਟਕਦੇ ਫ਼ਲਾਂ ਵੱਲ ਦੇਖਦਾ ਰਹਿੰਦਾ। ਉਹ ਸੋਚਦਾ ਕਿ ਕਿਹੜੇ ਰੁੱਖ ਤੋਂ ਕਿਹੜਾ ਫ਼ਲ ਥੋੜ੍ਹੀ ਕੋਸ਼ਿਸ਼ ਨਾਲ ਥੱਲੇ ਸੁੱਟਿਆ ਜਾ ਸਕਦਾ ਹੈ।
ਇੱਕ ਦਿਨ ਮੀਤੂ ਤੌਲੀਆ ਸਾਬਣ ਲੈ ਕੇ ’ਕੱਲਾ ਹੀ ਮੋਟਰ ’ਤੇ ਨਹਾਉਣ ਚਲਾ ਗਿਆ। ਨਹਾ ਕੇ ਘਰ ਵੱਲ ਪਰਤਦੇ ਹੋਇਆਂ ਉਸ ਨੇ ਦੇਖਿਆ ਕਿ ਵੇਲਾਂ ’ਤੇ ਅੰਗੂਰਾਂ ਦੇ ਗੁੱਛੇ ਲਟਕ ਰਹੇ ਸਨ। ਉਸ ਨੂੰ ਜਾਪਿਆ ਕਿ ਜਿਵੇਂ ਗੁੱਛੇ ਉਸ ਨੂੰ ਹਾਕਾਂ ਮਾਰ ਰਹੇ ਸਨ।
“ਨਹੀਂ, ਨਹੀਂ... ਚੋਰੀ ਨਹੀਂ ਕਰਨੀ ਮੈਂ।” ਉਸ ਦਾ ਇੱਕ ਮਨ ਕਹਿੰਦਾ।
“ਤੋੜ ਲੈ, ਇੱਕ ਗੁੱਛਾ ਜਨੌਰ ਵੀ ਤਾਂ ਖਾ ਹੀ ਜਾਂਦੇ ਨੇ” ਉਸ ਦਾ ਦੂਜਾ ਮਨ ਕਹਿੰਦਾ। ਪਹਿਲੇ ਮਨ ’ਤੇ ਦੂਜਾ ਮਨ ਭਾਰੂ ਹੋ ਗਿਆ। ਪੋਲੇ ਕਦਮੀਂ ਉਹ ਵੇਲ ਵੱਲ ਵਧਿਆ। ਉਤਾਂਹ ਨੂੰ ਬਾਂਹ ਕਰਕੇ ਉਸ ਨੇ ਅੰਗੂਰਾਂ ਦਾ ਇੱਕ ਗੁੱਛਾ ਤੋੜ ਲਿਆ ਤੇ ਤੌਲੀਏ ਵਿੱਚ ਲੁਕੋ ਲਿਆ। ਅੰਦਰੋ-ਅੰਦਰੀ ਉਹ ਆਪਣੀ ਪ੍ਰਾਪਤੀ ’ਤੇ ਖ਼ੁਸ਼ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਪੀਲੀ ਭਾਅ ਮਾਰਦੇ ਅੰਗੂਰ ਜ਼ਰੂਰ ਮਿੱਠੇ ਹੋਣਗੇ।
ਘਰ ਪਹੁੰਚਿਆ ਤਾਂ ਮੀਤੂ ਦੀ ਮਾਂ ਤਾਂ ਪਹਿਲਾਂ ਹੀ ਉਸ ਨੂੰ ਉਡੀਕ ਰਹੀ ਸੀ। ਉਸ ਦੇ ਕੱਛ ਵਿੱਚ ਦਿੱਤਾ ਤੌਲੀਆ ਦੇਖ ਕੇ ਮਾਂ ਬੋਲੀ, ‘‘ਕੋਈ ਧੋਤਾ ਤੌਲੀਆ ਲੈ ਜਾਂਦਾ, ਮੈਲ਼ਾ ਹੀ ਲੈ ਗਿਓਂ।” ਉਸ ਨੇ ਤੌਲੀਆ ਖਿੱਚ ਲਿਆ। ਤੌਲੀਆ ਖਿੱਚਣ ਦੀ ਦੇਰ ਸੀ, ਅੰਗੂਰਾਂ ਦਾ ਗੁੱਛਾ ਫਰਸ਼ ’ਤੇ ਡਿੱਗ ਪਿਆ। ਗੁੱਛੇ ਨਾਲੋਂ ਟੁੱਟੇ ਅੰਗੂਰ ਇੱਧਰ ਉੱਧਰ ਰੁੜ੍ਹਨ ਲੱਗੇ। ਮਾਂ ਕਦੇ ਅੰਗੂਰਾਂ ਵੱਲ ਦੇਖੇ ਕਦੇ ਮੀਤੂ ਵੱਲ।
“ਵੇ ਆਹ ਕਿੱਥੋਂ ਚੁੱਕ ਲਿਆਇਆ?” ਮਾਂ ਨੇ ਚੁੱਪੀ ਤੋੜੀ। ਮੀਤੂ ਚੁੱਪਚਾਪ ਖੜ੍ਹਾ ਸੀ। ਕੀ ਬੋਲਦਾ? ਮਾਂ ਨੇ ਉਸ ਨੂੰ ਬਾਹੋਂ ਫੜ ਕੇ ਹਲੂਣਦਿਆਂ ਕਿਹਾ, ‘‘ਤੇਰੇ ਮੂੰਹ ਵਿੱਚ ਘੁੰਗਣੀਆਂ ਪੈ ਗਈਆਂ। ਬੋਲ ਕਿੱਥੋਂ ਲਿਆਇਆਂ ਕੱਚੇ ਅੰਗੂਰਾਂ ਦਾ ਗੁੱਛਾ?”
“ਚੰਦ ਦੀ ਮੋਟਰ ਤੋਂ।” ਮੀਤੂ ਨੇ ਡਰਦੇ ਡਰਦੇ ਕਿਹਾ।
“ਖੂਨੀ ਚੰਦ ਦੀ ਮੋਟਰ ਤੋਂ?” ਮਾਂ ਨੂੰ ਸਾਰੀ ਗੱਲ ਸਮਝ ਆ ਗਈ ਸੀ।
“ਹਾਂ।” ਮੀਤੂ ਬੋਲਿਆ।
“ਪੁੱਛ ਕੇ ਤੋੜਿਆ ਕਿ ਚੋਰੀ ਤੋੜ ਕੇ ਲਿਆਇਆਂ?” ਮਾਂ ਨੇ ਮੀਤੂ ਨੂੰ ਪੁੱਛਿਆ।
“ਪੁੱਛ ਕੇ ਤੋੜਿਆ।” ਮੀਤੂ ਨੇ ਝੂਠੀ ਮੂਠੀ ਕਹਿ ਦਿੱਤਾ।
“ਚੰਦ ਨੇ ਆਪ ਤੋੜ ਕੇ ਦਿੱਤਾ ਹੋਣਾ। ਰਿਸ਼ਤੇਦਾਰ ਆ ਤੇਰਾ ਚੰਦ?” ਮਾਂ ਮੂੰਹ ਵਿੱਚ ਬੁੜਬੁੜਾਈ।
“ਚੱਲ ਫਿਰ ਮੁੜ ਚੱਲ ਪਿਛਾਂਹ ਨੂੰ, ਆਪਾਂ ਚੰਦ ਦੀ ਮੋਟਰ ’ਤੇ ਜਾਣਾ। ਦੋ ਚਾਰ ਗੁੱਛੇ ਹੋਰ ਲਿਆਉਣੇ ਨੇ।” ਮਾਂ ਨੇ ਮੀਤੂ ਨੂੰ ਕਿਹਾ।
“ਕੀ ਕਹਿਨੀ ਏਂ ਮਾਂ?” ਮੀਤੂ ਬੋਲਿਆ।
“ਚੰਦ ਨੇ ਕੀ ਕਹਿਣਾ। ਇੱਕ ਗੁੱਛਾ ਤੋੜ ਕੇ ਦੇ ਦਿੱਤਾ, ਉਹੋ ਜਿਹੇ ਹੋਰ ਗੁੱਛੇ ਤੋੜ ਕੇ ਦੇ ਦੇਵੇਗਾ।” ਮਾਂ ਨੇ ਦਲੀਲ ਦਿੱਤੀ।
“ਐਨੇ ਗੁੱਛੇ ਕੀ ਕਰਨੇ ਨੇ?” ਮੀਤੂ ਨੇ ਪੁੱਛਿਆ।
“ਫਿਰ ਇਹ ਗੁੱਛਾ ਵੀ ਕੀ ਕਰਨਾ ਹੈ?” ਮਾਂ ਨੇ ਪੁੱਛਿਆ। ਮੀਤੂ ਦਾ ਚਿਹਰਾ ਉਤਰ ਗਿਆ। ਉਹ ਡਰ ਨਾਲ ਕੰਬਣ ਲੱਗਾ। ਉਸ ਕੋਲੋਂ ਬੋਲ ਨਹੀਂ ਸੀ ਹੋ ਰਿਹਾ।
“ਕੋਈ ਡਰ ਹੈ, ਉੱਥੇ ਜਾਣ ਵਿੱਚ?” ਮਾਂ ਨੇ ਮੀਤੂ ਤੋਂ ਪੁੱਛਿਆ।
“ਮੈਂ ਨਹੀਂ ਜਾਣਾ ਮਾਂ।” ਮੀਤੂ ਮੁੱਕਰ ਗਿਆ।
“ਜਾਏਂਗਾ ਕਿਵੇਂ ਨਹੀਂ ਤੂੰ?’’ ਮਾਂ ਨੇ ਮੀਤੂ ਨੂੰ ਬਾਹੋਂ ਫੜ ਲਿਆ। ਘਰ ਦਾ ਬੂਹਾ ਟੱਪ ਕੇ, ਉਹ ਦੋਵੇਂ ਗਲੀ ਵਿੱਚ ਆ ਗਏ। ਮੀਤੂ ਜਾਣਦਾ ਸੀ ਕਿ ਉਸ ਦੀ ਮਾਂ ਜ਼ਿੱਦ ’ਤੇ ਆ ਗਈ ਤਾਂ ਚੰਦ ਦੀ ਮੋਟਰ ’ਤੇ ਜ਼ਰੂਰ ਜਾਵੇਗੀ। ਮੀਤੂ ਦਾ ਮੂੰਹ ਗੇਰੂ ਰੰਗਾ ਹੋ ਗਿਆ। ਬੁੱਲ੍ਹਾਂ ’ਤੇ ਸਿੱਕੜੀ ਜੰਮ ਗਈ। ਉਹ ਰੋਣਹਾਕਾ ਹੋ ਕੇ ਬੋਲਿਆ, ‘‘ਸੱਚ ਦੱਸਾਂ ਮਾਂ, ਕੁੱਟੇਂਗੀ ਤਾਂ ਨਹੀਂ?”
“ਹਾਂ ਦੱਸ।’’
“ਮੈਂ ਚੋਰੀਓਂ ਤੋੜਿਆ ਸੀ ਗੁੱਛਾ।”
“ਮੈਨੂੰ ਪਹਿਲਾਂ ਹੀ ਪਤਾ ਸੀ, ਵੇਲ ਨਾਲੋਂ ਕੱਚੇ ਅੰਗੂਰ ਕੌਣ ਕਿਸੇ ਨੂੰ ਤੋੜਨ ਦਿੰਦਾ? ਤੇਰੇ ਸੱਚ ਝੂਠ ਦਾ ਨਿਤਾਰਾ ਕਰਨਾ ਸੀ ਮੈਂ ਮੋਟਰ ’ਤੇ ਜਾ ਕੇ।” ਮਾਂ ਨੇ ਜੇਤੂ ਅੰਦਾਜ਼ ਵਿੱਚ ਕਿਹਾ। ਮੀਤੂ ਝੂਠਾ ਪੈ ਗਿਆ ਸੀ। ਉਹ ਚੁੱਪ ਚਾਪ ਖਲੋਤਾ ਰਿਹਾ।
ਮਾਂ ਬੋਲੀ, ‘‘ਮੀਤੂ! ਐਂ ਦੱਸ, ਤੂੰ ਅੰਗੂਰ ਕੀ ਕਰਨੇ ਸਨ?”
“ਕਣਕ ਦੀ ਬੋਰੀ ਵਿੱਚ ਦੱਬਣੇ ਸਨ।” ਮੀਤੂ ਬੋਲਿਆ।
“ਕਣਕ ਦੀ ਬੋਰੀ ’ਚ ਦੱਬ ਕੇ ਕਿੱਥੇ ਪੱਕਦੇ ਨੇ ਅੰਗੂਰ? ਪੰਜ ਸੱਤ ਦਿਨਾਂ ਵਿੱਚ ਕਾਲੇ ਪੈ ਜਾਂਦੇ ਨੇ। ਖਾਣ ਜੋਗੇ ਕਿੱਥੋਂ ਰਹਿਣੇ ਸੀ?”
“ਗੁਆਂਢੀਆਂ ਦਾ ਮੋਨੂ ਕਹਿੰਦਾ, ਉਸ ਦੇ ਅੰਗੂਰ ਪੱਕ ਗਏ ਸੀ।” ਮੀਤੂ ਨੇ ਕਿਹਾ।
“ਐਵੇਂ ਝੂਠ ਮਾਰਦਾ। ਪੁੱਛਾਂ ਉਹਦੀ ਮਾਂ ਨੂੰ?” ਮਾਂ ਗੁੱਸੇ ਵਿੱਚ ਬੋਲੀ।
“ਰਹਿਣ ਦੇ ਮਾਂ, ਮੇਰੇ ਨਾਲ ਮੋਨੂ ਲੜਾਈ ਕਰੇਗਾ। ਆਖੇਗਾ ਤੂੰ ਤਾਂ ਹਰ ਗੱਲ ਮਾਂ ਨੂੰ ਦੱਸ ਦਿੰਨਾ ਜਾ ਕੇ।” ਮੀਤੂ ਨੇ ਮਾਂ ਨੂੰ ਰੋਕਿਆ।
“ਚੋਰਾਂ ਦੀ ਟੋਲੀ ਤੋਂ ਬੁਰੀਆਂ ਆਦਤਾਂ ਸਿੱਖੀ ਜਾਂਦੈ, ਐਡੀ ਕੀ ਭੁੱਖ ਪਈ ਆ ਤੈਨੂੰ?” ਮਾਂ ਖਿਝ ਕੇ ਬੋਲੀ। ਮੀਤੂ ਨੂੰ ਪੂਰੀ ਆਸ ਸੀ ਕਿ ਸੱਚ ਬੋਲਣ ਕਰਕੇ ਉਸ ਦੀ ਮਾਂ ਉਸ ਨੂੰ ਬਖ਼ਸ਼ ਦੇਵੇਗੀ ਪਰ ਉਹ ਤਾਂ ਫ਼ੌਜੀਆਂ ਵਰਗੀ ਅਸੂਲਣ ਨਿਕਲੀ।
ਕਹਿੰਦੀ, ‘‘ਇੱਕ ਤਾਂ ਤੂੰ ਝੂਠ ਬੋਲਿਆ। ਫਿਰ ਤੂੰ ਚੋਰੀ ਕਰਕੇ ਆਇਆਂ, ਸਜ਼ਾ ਤਾਂ ਤੈਨੂੰ ਜ਼ਰੂਰ ਮਿਲੇਗੀ।”
“ਕਿਹੜੀ ਸਜ਼ਾ?” ਮੀਤੂ ਨੇ ਪੁੱਛਿਆ।
“ਅੰਗੂਰਾਂ ਦਾ ਗੁੱਛਾ ਚੰਦ ਨੂੰ ਵਾਪਸ ਮੋੜ ਕੇ ਆ। ਆਖੀਂ ਚੋਰੀ ਤੋੜ ਕੇ ਲੈ ਗਿਆ ਸੀ।” ਮਾਂ ਨੇ ਰੋਅਬ ਨਾਲ ਕਿਹਾ।
“ਉਹ ਗੁੱਸੇ ਹੋਵੇਗਾ। ਕੁੱਟਮਾਰ ਵੀ ਕਰ ਸਕਦਾ।” ਮੀਤੂ ਨੇ ਡਰ ਪ੍ਰਗਟਾਇਆ।
“ਤੂੰ ਗੁੱਛਾ ਤੋੜਿਆ, ਗੁੱਸੇ ਤਾਂ ਉਹ ਹੋਵੇਗਾ ਹੀ,ਹੋਰ ਕੀ ਖ਼ੁਸ਼ ਹੋਵੇਗਾ?” ਮਾਂ ਬੋਲੀ।
“ਉਹ ਖੂਨੀ ਕਿਉਂ ਹੈ ਮਾਂ?”
“ਜ਼ਮੀਨ ਦੇ ਝਗੜੇ ਵਿੱਚ ਉਸ ’ਤੇ ਕਤਲ ਦਾ ਦੋਸ਼ ਲੱਗ ਗਿਆ ਸੀ। ਕਈ ਸਾਲ ਜੇਲ੍ਹ ਵਿੱਚ ਰਿਹੈ।”
“ਹੈਂ...ਅ...ਅ, ਤਾਂ ਤੇ ਬੜਾ ਜ਼ਾਲਮ ਏ ਚੰਦ।”
“ਬਹੁਤੀਆਂ ਗੱਲਾਂ ਨਾ ਕਰ, ਜਾਹ ਗੁੱਛਾ ਚੰਦ ਨੂੰ ਦੇ ਕੇ ਆ।”
“ਮਾਂ ਮੈਂ ਨਹੀਂ ਜਾਣਾ, ਉਹ ਮੈਨੂੰ ਕੁੱਟੇਗਾ।”
“ਮਾਂ ਨਾਲ ਵੀ ਕੋਈ ਬੱਚਾ ਝੂਠ ਬੋਲਦਾ ਹੁੰਦੈ? ਤੂੰ ਮੇਰੇ ਨਾਲ ਵੀ ਝੂਠ ਬੋਲ ਗਿਆ।”
“ਨਹੀਂ ਬੋਲਦਾ ਅੱਗੇ ਤੋਂ, ਕੰਨਾਂ ਨੂੰ ਹੱਥ ਲਾਉਣੈਂ।” ਮੀਤੂ ਨੇ ਤੇਜ਼ੀ ਨਾਲ ਮਾਂ ਦੇ ਪੈਰੀਂ ਪੈਂਦਿਆਂ ਕਿਹਾ।
“ਤੇ ਚੋਰੀ?” ਮਾਂ ਬੋਲੀ।
“ਤੇਰੀ ਸਹੁੰ, ਮਾਂ ਅੱਜ ਤੋਂ ਮੈਂ ਕਦੀ ਕੋਈ ਚੀਜ਼ ਚੋਰੀ ਨਹੀਂ ਕਰਾਂਗਾ।” ਮੀਤੂ ਨੇ ਮਾਂ ਦੇ ਮੂੰਹ ਵੱਲ ਦੇਖਦਿਆਂ ਕਿਹਾ।
“ਪੱਕੀ ਗੱਲ ਹੈ ਕਿ ਕੱਚੀ?” ਮਾਂ ਨੇ ਮੀਤੂ ਤੋਂ ਪੁੱਛਿਆ।
“ਪੱਕੀ।’’
“ਸੋਚ ਲੈ।’’
“ਇੱਟ ਵਰਗੀ ਪੱਕੀ।’’ ਮੀਤੂ ਮਾਂ ਵੱਲ ਦੇਖ ਕੇ ਹੱਸ ਪਿਆ। ਮਾਂ ਨੇ ਮੀਤੂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ।

Advertisement

ਸੰਪਰਕ: 97806-67686

Advertisement
Advertisement