ਸੁਪਰੀਮ ਕੋਰਟ ਅਡਾਨੀ ਮਾਮਲੇ ਦੀ ਜਾਂਚ ਸੀਬੀਆਈ ਜਾਂ ਸਿਟ ਨੂੰ ਸੌਂਪੇ: ਕਾਂਗਰਸ
ਨਵੀਂ ਦਿੱਲੀ, 12 ਅਗਸਤ
ਹਿੰਡਨਬਰਗ ਰਿਸਰਚ ਵੱਲੋਂ ਮਾਰਕੀਟ ਰੈਗੂਲੇਟਰ ‘ਸੇਬੀ’ ਦੀ ਚੇਅਰਪਰਸਨ ਮਾਧਵੀ ਬੁਚ ’ਤੇ ਲਾਏ ਦੋਸ਼ਾਂ ਮਗਰੋਂ ਕਾਂਗਰਸ ਨੇ ਬੁਚ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਤਬਦੀਲ ਕੀਤੀ ਜਾਵੇ। ਪ੍ਰਮੁੱਖ ਵਿਰੋਧੀ ਪਾਰਟੀ ਨੇ ਜ਼ੋਰ ਕੇ ਆਖਿਆ ਕਿ ਇਸ ਮਾਮਲੇ ਦੀ ਵਿਆਪਕ ਜਾਂਚ ਲਈ ਫੌਰੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਸੱਦੀ ਜਾਵੇ। ਪਾਰਟੀ ਨੇ ਦਾਅਵਾ ਕੀਤਾ ਇਹ ‘ਮੋਡਾਨੀ ਮੈਗਾ ਸਕੈਮ’ ਹੈ, ਜਿਸ ਵਿਚ ‘ਨਾਨ-ਬਾਇਓਲੋਜੀਕਲ ਪੀਐੱਮ ਤੇ ਬਾਇਓਲੋਜੀਕਲ ਕਾਰੋਬਾਰੀ’ ਸ਼ਾਮਲ ਹਨ।
ਕਾਂਗਰਸ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਸੇਬੀ ਨੇ ਕਿਹਾ ਸੀ ਕਿ ਅਡਾਨੀ ਸਮੂਹ ਖਿਲਾਫ਼ ਲੱਗੇ ਦੋਸ਼ਾਂ ਦੀ ‘ਵਾਜਬ ਜਾਂਚ’ ਕੀਤੀ ਗਈ ਹੈ ਜਦੋਂਕਿ ਚੇਅਰਪਰਸਨ ਮਾਧਵੀ ਬੁਚ ਨੇ ਅਮਰੀਕੀ ਸ਼ਾਰਟ ਸੈੱਲਰ ਦੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ (ਬੁਚ ਜੋੜਾ) ਦੇ ਵਿੱਤੀ ਅਸਾਸੇ ਖੁੱਲ੍ਹੀ ਕਿਤਾਬ ਵਾਂਗ ਹਨ। ਮਾਧਵੀ ਨੇ ਦਾਅਵਾ ਕੀਤਾ ਸੀ ਕਿ ਸੇਬੀ ਦੀ ਚੇਅਰਪਰਸਨ ਹੋਣ ਦੇ ਨਾਤੇ ਉਨ੍ਹਾਂ ਮਾਮਲੇ ਦੀ ਜਾਂਚ ਦੌਰਾਨ ਖ਼ੁਦ ਨੂੰ ਇਸ ਤੋਂ ਦੂਰ ਰੱਖਿਆ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੌਰਾਨ 100 ਸੰਮਨ, 1100 ਪੱਤਰ ਤੇ ਈਮੇਲਾਂ ਜਾਰੀ ਕੀਤੀਆਂ ਤੇ 1200 ਸਫ਼ਿਆਂ ਵਾਲੇ ਤਿੰਨ ਸੌ ਦਸਤਾਵੇਜ਼ਾਂ ਦੀ ਪੜਚੋਲ ਕੀਤੀ, ਸਿਰਫ਼ ਇਹ ਦਿਖਾਉਣ ਲਈ ਕਿ ਉਹ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ, ‘‘ਇਹ ਪੂਰਾ ਅਮਲ ਬਹੁਤ ਥਕਾਉਣ ਵਾਲਾ ਰਿਹਾ ਹੋਵੇਗਾ, ਪਰ ਇਸ ਨੇ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਦਿੱਤਾ। ਕਾਰਵਾਈ ਮਾਇਨੇ ਰੱਖਦੀ ਹੈ, ਸਰਗਰਮੀਆਂ ਨਹੀਂ।’’ ਕਾਂਗਰਸ ਆਗੂ ਨੇ ਕਿਹਾ, ‘‘ਹਿੰਡਨਬਰਗ ਵੱਲੋਂ ਕੀਤੇ ਨਵੇਂ ਖੁਲਾਸਿਆਂ ਨੇ ਸੇਬੀ ਦੀ ਨੇਕ-ਨੀਅਤੀ ਤੇ ਅਡਾਨੀ ਮੈਗਾ ਸਕੈਮ ਦੀ ਜਾਂਚ ਕੀਤੇ ਜਾਣ ਬਾਰੇ ਪ੍ਰੇਸ਼ਾਨਕੁਨ ਸਵਾਲ ਖੜ੍ਹੇ ਕੀਤੇ ਹਨ।’’ ਰਮੇਸ਼ ਨੇ ਕਿਹਾ, ‘‘ਸੇਬੀ, ਜਿਸ ਨੂੰ ਭਰੋਸੇਯੋਗ ਆਲਮੀ ਵਿੱਤੀ ਮਾਰਕੀਟ ਰੈਗੂਲੇਟਰ ਮੰਨਿਆ ਜਾਂਦਾ ਹੈ, ਹੁਣ ਜਾਂਚ ਦੇ ਘੇਰੇ ਵਿਚ ਹੈ। ਇਹ ਬਹੁਤ ਹੈਰਾਨੀਜਨਕ ਹੈ ਕਿ ਸੇਬੀ ਚੇਅਰਪਰਸਨ ਤੇ ਉਨ੍ਹਾਂ ਦੇ ਪਤੀ ਨੇ ਉਸੇ ਅਸਪਸ਼ਟ ਬਰਮੁਡਾ ਤੇ ਮੌਰੀਸ਼ਸ ਅਧਾਰਿਤ ਔਫਸ਼ੋਰ ਫੰਡਾਂ ਵਿਚ ਨਿਵੇਸ਼ ਕੀਤਾ, ਜਿਸ ਵਿਚ ਵਿਨੋਦ ਅਡਾਨੀ ਤੇ ਉਨ੍ਹਾਂ ਦੇ ਨੇੜਲੇ ਸਹਾਇਕਾਂ ਚੈਂਗ ਚੁੰਗ-ਲਿੰਗ ਤੇ ਨਾਸਿਰ ਅਲੀ ਸ਼ਬਾਨ ਅਲੀ ਨੇ ਪੈਸਾ ਲਾਇਆ ਸੀ।’’ ਰਮੇਸ਼ ਨੇ ਕਿਹਾ ਕਿ ਇਹ ਫੰਡ ਬੁਚ ਦੇ ਇਕ ਨੇੜਲੇ ਦੋਸਤ ਤੇ ਅਡਾਨੀ ਐਂਟਰਪ੍ਰਾਈਜ਼ਿਜ਼ ਵਿਚ 31 ਮਈ 2017 ਤੱਕ ਸੁਤੰਤਰ ਡਾਇਰੈਕਟਰ ਰਹੇ ਅਨਿਲ ਅਹੂਜਾ ਵੱਲੋਂ ਮੈਨੇਜ ਕੀਤੇ ਜਾ ਰਹੇ ਸਨ। ਇਹ ਸੇਬੀ ਦੀ ਚੇਅਰਪਰਸਨ ਦਾ ਉਹੀ ਕਾਰਜਕਾਲ ਹੈ ਜਿਸ ਵਿਚ ਉਹ ਮਾਰਕੀਟ ਰੈਗੂਲੇਟਰ ਦੀ ਕੁਲਵਕਤੀ ਮੈਂਬਰ ਸੀ।
ਰਮੇਸ਼ ਨੇ ਦਾਅਵਾ ਕੀਤਾ ਕਿ ‘ਅਮ੍ਰਿਤ ਕਾਲ’ ਦੌਰਾਨ ਕੋਈ ਵੀ ਸੰਸਥਾ ਅਛੂਤੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ, ਜਿਸ ਕੋਲ ਸੰਵਿਧਾਨ ਤਹਿਤ ਅਧਿਕਾਰ ਹੈ, ਅਡਾਨੀ ਸਮੂਹ ਨਾਲ ਜੁੜੇ ਮਸਲੇ ਦੀ ਜਾਂਚ ਸੀਬੀਆਈ ਜਾਂ ਸਿਟ ਨੂੰ ਤਬਦੀਲ ਕਰੇ। ਉਨ੍ਹਾਂ ਜ਼ੋਰ ਦਿੱਤਾ ਕਿ ਸੇਬੀ ਦੀ ਅਖੰਡਤਾ ਤੇ ਦਿਆਨਦਾਰੀ ਦੀ ਬਹਾਲੀ ਲਈ ਸੇਬੀ ਚੇਅਰਪਰਸਨ ਨੂੰ ਘੱਟੋ-ਘੱਟ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਅਮਰੀਕਾ ਦੇ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਸੇਬੀ ਮੁਖੀ (ਮਾਧਵੀ ਪੁਰੀ ਬੁਚ) ਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਔਫਸ਼ੋਰ ਐਂਟਿਟੀਜ਼ ਵਿਚ ਕਥਿਤ 8.7 ਲੱਖ ਡਾਲਰ ਦੀ ਹਿੱਸੇਦਾਰੀ ਸੀ, ਜਿਸ ਕਰਕੇ ਮਾਰਕੀਟ ਰੈਗੂਲੇਟਰ ਵੱਲੋਂ 18 ਮਹੀਨਿਆਂ ਬਾਅਦ ਵੀ ਅਡਾਨੀ ਸਮੂਹ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਧਵੀ ਪੁਰੀ ਬੁਚ 2017 ਵਿਚ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੀ ਕੁੱਲਵਕਤੀ ਮੈਂਬਰ ਤੇ ਮਾਰਚ 2022 ਵਿਚ ਚੇਅਰਪਰਸਨ ਬਣੀ ਸੀ।
ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਜੇਪੀਸੀ ਜਾਂਚ ਦੀ ਮੰਗ ਸਵੀਕਾਰ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਪੂਰੇ ਦੇਸ਼ ਵਿਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਿੰਡਨਬਰਗ ਵੱਲੋਂ ਸੇਬੀ ਚੇਅਰਪਰਸਨ ਤੇ ਉਨ੍ਹਾਂ ਦੇ ਪਤੀ ’ਤੇ ਲਾਏ ਦੋਸ਼ ਬਹੁਤ ਗੰਭੀਰ ਹਨ। ਵੇਣੂਗੋਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿਚ ਸੁਣਾਇਆ ਫੈਸਲਾ ਸੇਬੀ ਦੀ ਰਿਪੋਰਟ ’ਤੇੇ ਅਧਾਰਿਤ ਸੀ, ਪਰ ਸੇਬੀ ਦੀ ਚੇਅਰਪਰਸਨ ਮਾਧਵੀ ਤੇ ਉਨ੍ਹਾਂ ਦੇ ਪਤੀ ਨੇ ਉਦੋਂ ਕੋਰਟ ਨੂੰ ਅਡਾਨੀ ਨਾਲ ਜੁੜੀਆਂ ਔਫਸ਼ੋਰ ਐਂਟਿਟੀਜ਼ ਵਿਚ ਆਪਣੇ ਨਿਵੇਸ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ‘ਇਹ ਉਹ ਸਥਿਤੀ ਹੈ, ਜਿੱਥੇ ਵਾੜ ਹੀ ਖੇਤ ਨੂੰ ਖਾ ਰਹੀ ਹੈ।’
ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ’ਤੇ ਕੋਰਟ ਦਾ ਰੁਖ਼ ਕਰਨ ਲਈ ਕਾਨੂੰਨੀ ਪਹਿਲੂ ’ਤੇ ਵਿਚਾਰ ਕਰੇਗੀ। ਉਧਰ ਐੱਨਸੀਪੀ (ਸ਼ਰਦ ਪਵਾਰ) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਹਿੰਡਨਬਰਗ ਵੱਲੋਂ ਸੇਬੀ ਚੇਅਰਪਰਸਨ ਮਾਧਵੀ ਬੁਚ ’ਤੇ ਲਾਏ ਦੋਸ਼ਾਂ ਬਾਰੇ ਸੰਸਦ ਵਿਚ ਚਰਚਾ ਕਰਵਾਉਣ ਦੀ ਮੰਗ ਕੀਤੀ ਹੈ। ਸੂਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਵਿਚ ਇਸ ਮੁੱਦੇ ’ਚ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਡੇਟਾ ਦੀ ਉਡੀਕ ਕਰਦੇ ਹਾਂ। ਮੌਜੂਦਾ ਸਮੇਂ (ਸਬੰਧਤਾਂ ਵੱਲੋਂ) ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ।’’ -ਪੀਟੀਆਈ
ਜੇਪੀਸੀ ਜਾਂਚ ਦੀ ਮੰਗ ਪਾਖੰਡ ਅਤੇ ਦਿਖਾਵਾ: ਭਾਜਪਾ
ਭਾਜਪਾ ਨੇ ਹਿੰਡਨਬਰਗ ਵੱਲੋਂ ਸੇਬੀ ਚੇਅਰਪਰਸਨ ਖਿਲਾਫ਼ ਲਾਏ ਦੋਸ਼ਾਂ ਦੀ ਜੇਪੀਸੀ ਜਾਂਚ ਦੀ ਮੰਗ ਰੱਦ ਕਰ ਦਿੱਤੀ ਹੈ। ਭਾਜਪਾ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਕਰਨ ਤੇ ਦੇਸ਼ ਵਿਚ ਨਿਵੇਸ਼ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਕੀਤੀ ਜਾ ਰਹੀ ਮੰਗ ਪਖੰਡ ਤੇ ਦਿਖਾਵਾ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਸ਼ੇਅਰ ਬਾਜ਼ਾਰ ਡੇਗਣਾ ਚਾਹੁੰਦੀ ਹੈ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜ਼ੋਰ ਦੇ ਕੇ ਆਖਿਆ ਕਿ ਸ਼ਾਰਟ-ਸੈਲਿੰਗ ਫਰਮ (ਹਿੰਡਨਬਰਗ) ਵੱਲੋਂ ਲਾਏ ਦੋਸ਼ ਤੇ ਵਿਰੋਧੀ ਧਿਰ ਵੱਲੋਂ ਮਾਰਕੀਟ ਰੈਗੂਲੇਟਰ ਦੀ ਕੀਤੀ ਨੁਕਤਾਚੀਨੀ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੂੰ ਆਲਮੀ ਪੱਧਰ ’ਤੇ ਸੁਰੱਖਿਅਤ, ਸਥਿਰ ਤੇ ਸੰਭਾਵਨਾਵਾਂ ਨਾਲ ਭਰੀ ਮਾਰਕੀਟ ਵਜੋਂ ਦੇਖਿਆ ਜਾਂਦਾ ਹੈ, ਪਰ ਕਾਂਗਰਸ ਪਾਰਟੀ ਇਹ ਤਸਵੀਰ ਪੇਸ਼ ਕਰਨਾ ਚਾਹੁੰਦੀ ਹੈ ਕਿ ਭਾਰਤ ਨਿਵੇਸ਼ ਲਈ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਅਰਥਚਾਰੇ ਨੂੰ ਢਾਹ ਲਾਉਣ ਲਈ ਵਿਦੇਸ਼ੀ ਐਂਟਿਟੀਜ਼ ਵੱਲੋਂ ਮੁਹੱਈਆ ਕੀਤੀਆਂ ‘ਚਿੱਟਾਂ’ ਦਾ ਸਹਾਰਾ ਲੈ ਰਹੀ ਹੈ। ਪ੍ਰਸਾਦ ਨੇ ਕਿਹਾ ਅਰਬਪਤੀ ਨਿਵੇਸ਼ਕ ਜੌਰਜ ਸੋਰੋਸ ਹਿੰਡਨਬਰਗ ਵਿਚ ਨਿਵੇਸ਼ਕ ਹੈ ਤੇ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਕੂੜ ਪ੍ਰਚਾਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਸ਼ੇਅਰ ਬਾਜ਼ਾਰ ਡਿੱਗ ਜਾਵੇ, ਜਿਸ ਨੇ ਸਾਰੇ ਛੋਟੇ ਨਿਵੇਸ਼ਕਾਂ ਨੂੰ ਨਿਵੇਸ਼ ਬਦਲੇ ਕਰੋੜਾਂ ਰੁਪਏ ਦਿੱਤੇ ਹਨ। ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ, ‘‘ਲੋਕ ਸਭਾ ਚੋਣਾਂ ਵਿਚ ਲੋਕਾਂ ਵੱਲੋਂ ਦੋ-ਟੁੱਕ ਜਵਾਬ ਮਿਲਣ ਮਗਰੋਂ ਕਾਂਗਰਸ, ਇਸ ਦੇ ਭਾਈਵਾਲਾਂ ਤੇ ਟੂਲਕਿੱਟ ਗਰੋਹ ਵਿਚਲੇ ਨੇੜਲੇ ਹਮਾਇਤੀਆਂ ਨੇ ਭਾਰਤ ਵਿਚ ਆਰਥਿਕ ਅਰਾਜਕਤਾ ਤੇ ਅਸਥਿਰਤਾ ਪੈਦਾ ਕਰਨ ਲਈ ਮਿਲ ਕੇ ਸਾਜ਼ਿਸ਼ ਘੜੀ ਹੈ।’’
ਪ੍ਰਸਾਦ ਨੇ ਕਿਹਾ, ‘‘ਰਾਹੁਲ ਗਾਂਧੀ ਤੇ ਉਨ੍ਹਾਂ ਦੇ ਟੂਲਕਿੱਟ ਦੋਸਤਾਂ ਨੇ ਭਾਰਤ ਲਈ ਨਫ਼ਰਤ ਪੈਦਾ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਸੇਬੀ ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਵਿੱਢੀ ਜਾਂਚ ਦੌਰਾਨ ਹਿੰਡਨਬਰਗ ਨੂੰ ਨੋਟਿਸ ਭੇਜਿਆ ਸੀ, ਪਰ ਅਮਰੀਕੀ ਸ਼ਾਰਟ ਸੈੱਲਰ ਨੇ ਇਸ ਦਾ ਕਦੇ ਜਵਾਬ ਨਹੀਂ ਦਿੱਤਾ, ਪਰ ਇਸ ਦੀ ਥਾਂ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁਚ ਉੱਤੇ ਹਮਲਾ ਕਰ ਦਿੱਤਾ। ਪ੍ਰਸਾਦ ਨੇ ਕਿਹਾ ਕਿ ਗਾਂਧੀ ਨੂੰ ਬੇਬੁਨਿਆਦ ਦੋਸ਼ ਲਾਉਣ ਦੀ ਆਦਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਾਂਗਰਸ ਦਾ ਪਰਦਾਫਾਸ਼ ਕਰੇਗੀ। -ਪੀਟੀਆਈ
ਅਡਾਨੀ ਗਰੁੱਪ ਦੇ ਸ਼ੇਅਰ ਤੇਜ਼ ਗਿਰਾਵਟ ਮਗਰੋਂ ਸੰਭਲੇ
ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਵੱਲੋਂ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ’ਤੇ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ’ਚ ਹਿੱਸੇਦਾਰੀ ਦੇ ਦੋਸ਼ ਲਾਏ ਜਾਣ ਮਗਰੋਂ ਅੱਜ ਸ਼ੇਅਰ ਬਾਜ਼ਾਰ ’ਚ ਅਡਾਨੀ ਦੀਆਂ 10 ’ਚੋਂ 8 ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਬਾਅਦ ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਕੁਝ ਹੱਦ ਤੱਕ ਸੰਭਲ ਗਏ। ਉਧਰ ਸ਼ੇਅਰ ਬਾਜ਼ਾਰ ’ਚ ਉਤਰਾਅ-ਚੜ੍ਹਾਅ ਨਜ਼ਰ ਆਇਆ। ਸੈਂਸੈਕਸ 56.99 ਅੰਕ ਡਿੱਗ ਕੇ 79,648.92 ’ਤੇ ਬੰਦ ਹੋਇਆ। ਇਕ ਵਾਰ ਗਿਰਾਵਟ 79,226.13 ਅੰਕਾਂ ’ਤੇ ਪਹੁੰਚ ਗਈ ਸੀ ਪਰ ਬਾਅਦ ’ਚ ਸੈਂਸੈਕਸ ਸੰਭਲਿਆ ਅਤੇ 80,106.18 ਅੰਕ ਛੂਹ ਕੇ ਹੇਠਾਂ ਆਇਆ। ਇਸੇ ਤਰ੍ਹਾਂ ਨਿਫਟੀ 20.50 ਅੰਕਾਂ ਦੀ ਗਿਰਾਵਟ ਨਾਲ 24,347 ’ਤੇ ਬੰਦ ਹੋਇਆ। ਅਡਾਨੀ ਵਿਲਮਰ ਦਾ ਸ਼ੇਅਰ 4.14 ਫ਼ੀਸਦ ਤੱਕ ਡਿੱਗਿਆ ਜਦਕਿ ਅਡਾਨੀ ਟੋਟਲ ਗੈਸ ਦੇ ਸ਼ੇਅਰ 3.88 ਫ਼ੀਸਦ, ਅਡਾਨੀ ਐਨਰਜੀ ਸੋਲਿਊਸ਼ਨਜ਼ 3.70, ਐੱਨਡੀਟੀਵੀ 3.08, ਅਡਾਨੀ ਪੋਰਟਸ 2.02, ਅਡਾਨੀ ਐਂਟਰਪ੍ਰਾਇਜ਼ਿਜ਼ 1.09, ਏਸੀਸੀ 0.97 ਅਤੇ ਅਡਾਨੀ ਪਾਵਰ 0.65 ਫ਼ੀਸਦ ਤੱਕ ਡਿੱਗੇ। ਉਂਜ ਗਰੁੱਪ ਦੀਆਂ ਦੋ ਕੰਪਨੀਆਂ ਅੰਬੂਜਾ ਸੀਮਿੰਟਸ (0.55 ਫ਼ੀਸਦ) ਅਤੇ ਅਡਾਨੀ ਗਰੀਨ ਐਨਰਜੀ (0.22 ਫ਼ੀਸਦ) ਦੇ ਸ਼ੇਅਰ ਚੜ੍ਹ ਕੇ ਬੰਦ ਹੋਏ। ਸ਼ੁਰੂਆਤੀ ਕਾਰੋਬਾਰ ’ਚ ਅਡਾਨੀ ਐਨਰਜੀ ਸੋਲਿਊਸ਼ਨਜ਼ ਦਾ ਸ਼ੇਅਰ 17 ਫ਼ੀਸਦ ਜਦਕਿ ਅਡਾਨੀ ਟੋਟਲ ਗੈਸ 13.39, ਐੱਨਡੀਟੀਵੀ 11 ਅਤੇ ਅਡਾਨੀ ਪਾਵਰ 10.94 ਫ਼ੀਸਦ ਤੱਕ ਡਿੱਗ ਗਏ ਸਨ। ਅਡਾਨੀ ਦੀਆਂ ਸਾਰੀਆਂ 10 ਕੰਪਨੀਆਂ ਦੀ ਬਾਜ਼ਾਰੀ ਕੀਮਤ 17 ਲੱਖ ਕਰੋੜ ਰੁਪਏ ਹੈ। -ਪੀਟੀਆਈ