For the best experience, open
https://m.punjabitribuneonline.com
on your mobile browser.
Advertisement

’84 ਸਿੱਖ ਕਤਲੇਆਮ ਲਈ ਪੀੜਤਾਂ ਤੋਂ ਮੁਆਫ਼ੀ ਮੰਗੇ ਸੁਪਰੀਮ ਕੋਰਟ: ਫੂਲਕਾ

08:01 AM Nov 03, 2024 IST
’84 ਸਿੱਖ ਕਤਲੇਆਮ ਲਈ ਪੀੜਤਾਂ ਤੋਂ ਮੁਆਫ਼ੀ ਮੰਗੇ ਸੁਪਰੀਮ ਕੋਰਟ  ਫੂਲਕਾ
ਦਿੱਲੀ ’ਚ ਪੀੜਤਾ ਦਰਸ਼ਨ ਕੌਰ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਵਕੀਲ ਐੱਚਐੱਸ ਫੂਲਕਾ। -ਫੋਟੋ: ਏਐੱਨਆਈ
Advertisement

ਸਤਿਆ ਪ੍ਰਕਾਸ਼
ਨਵੀਂ ਦਿੱਲੀ, 2 ਨਵੰਬਰ
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਮੰਗ ਕੀਤੀ ਹੈ ਕਿ ਕੌਮੀ ਰਾਜਧਾਨੀ ’ਚ ਸਿੱਖ ਕਤਲੇਆਮ ਪ੍ਰਤੀ ਅੱਖਾਂ ਬੰਦ ਕਰਕੇ ਰੱਖਣ ਲਈ ਸੁਪਰੀਮ ਕੋਰਟ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਫੂਲਕਾ ਨੇ ਕਿਹਾ ਕਿ ਸੁਪਰੀਮ ਕੋਰਟ 33 ਸਾਲਾਂ ਮਗਰੋਂ ਹਰਕਤ ’ਚ ਆਈ, ਜਦੋਂ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਹੁਕਮ ਦਿੱਤੇ, ਜਿਸ ਮਗਰੋਂ ਕਈ ਕੇਸ ਦੁਬਾਰਾ ਤੋਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੀ ਜਾਂਚ ਲਈ ਕਈ ਕਮਿਸ਼ਨ ਬਣਾਏ ਪਰ ਪੀੜਤ ਹਾਲੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ ਕਿਉਂਕਿ ਕਈ ਮੁਲਜ਼ਮਾਂ ਨੂੰ ਨਿਆਂ ਦੇ ਘੇਰੇ ਹੇਠ ਲਿਆਉਣਾ ਬਾਕੀ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਨੂੰ ਹੱਤਿਆ ਮਗਰੋਂ ਦਿੱਲੀ ’ਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਕਰੀਬ 3 ਹਜ਼ਾਰ ਵਿਅਕਤੀ ਮਾਰੇ ਗਏ ਸਨ। ਦਿੱਲੀ ਹਾਈ ਕੋਰਟ ਨੇ 17 ਦਸੰਬਰ, 2018 ਨੂੰ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਦਿੱਲੀ ਦੀ ਅਦਾਲਤ ਨੇ 13 ਸਤੰਬਰ ਨੂੰ ਇਕ ਹੋਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਟਾਈਟਲਰ ’ਤੇ ਪੁਲ ਬੰਗਸ਼ ਇਲਾਕੇ ’ਚ ਤਿੰਨ ਸਿੱਖਾਂ ਦੀ ਹੱਤਿਆ ਲਈ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਟਾਈਟਲਰ ਨੇ ਦੋਸ਼ਾਂ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਉਸ ਦੀ ਪਟੀਸ਼ਨ ’ਤੇ 29 ਨਵੰਬਰ ਨੂੰ ਸੁਣਵਾਈ ਹੋਵੇਗੀ।

Advertisement

ਕਤਲੇਆਮ ਬਾਰੇ 12 ਲਘੂ ਫ਼ਿਲਮਾਂ ਰਿਲੀਜ਼

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ ਸਿੱਖ ਕਤਲੇਆਮ ਬਾਰੇ ਬਣਾਈਆਂ ਗਈਆਂ 12 ਲਘੂ ਫ਼ਿਲਮਾਂ ਅੱਜ ਪ੍ਰੈੱਸ ਕਲੱਬ ਆਫ਼ ਇੰਡੀਆ ਵਿੱਚ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਫ਼ਿਲਮਾਂ ਦਾ ਉਪਰਾਲਾ ਸਿੱਖ ਕਤਲੇਆਮ ਲਈ 40 ਸਾਲਾਂ ਤੋਂ ਕਾਨੂੰਨੀ ਸੰਘਰਸ਼ ਕਰਦੇ ਆ ਰਹੇ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਵੱਲੋਂ ਕੀਤਾ ਗਿਆ ਹੈ। ਕਤਲੇਆਮ ਦੀ 40ਵੀਂ ਬਰਸੀ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਫੂਲਕਾ ਨਾਲ ਸਿੱਖ ਕਤਲੇਆਮ ਦੇ ਪੀੜਤ ਵੀ ਮੌਜੂਦ ਸਨ। ਫ਼ਿਲਮਾਂ ਰਾਹੀਂ ਸਿੱਖ ਕਤਲੇਆਮ ਨਾਲ ਜੁੜੇ ਇਤਿਹਾਸ ਨੂੰ ਡਿਜੀਟਲ ਕਰਨ ਦਾ ਇਹ ਉਪਰਾਲਾ ਹੈ। ਕਤਲੇਆਮ ਬਾਰੇ ਬਣਾਏ ਵੀਡੀਓ ਕੁੱਲ 20 ਲੜੀਆਂ ਵਿੱਚ ਪੇਸ਼ ਕੀਤੇ ਜਾਣਗੇ, ਜਿਨ੍ਹਾਂ ’ਚ 12 ਅੱਜ ਜਾਰੀ ਕੀਤੇ ਗਏ। ਬਾਕੀ 8 ਲੜੀਵਾਰ 9 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਲਘੂ ਫ਼ਿਲਮਾਂ ਵਿੱਚ ਸਿੱਖਾਂ ਨਾਲ ਵਿਸ਼ਵਾਸਘਾਤ, ਸਭ ਤੋਂ ਭਿਆਨਕ ਸਿੱਖ ਕਤਲੇਆਮ, ਕਮਲਨਾਥ ਵੱਲੋਂ ਰਕਾਬਗੰਜ ’ਤੇ ਹਮਲਾ, ਸਿਵਲ ਸੁਸਾਇਟੀ ਦੀ ਭੂਮਿਕਾ, ਰਾਮ ਵਿਲਾਸ ਪਾਸਵਾਨ ਦਾ ਸਿੱਖਾਂ ਨੂੰ ਬਚਾਉਣ ਬਦਲੇ ਫੂਕਿਆ ਗਿਆ ਘਰ, ਕਮਿਸ਼ਨ ਦਰ ਕਮਿਸ਼ਨ-ਕੋਈ ਇਨਸਾਫ਼ ਨਹੀਂ, ਐੱਚਐੱਸ ਫੂਲਕਾ ਦੀ ਕਤਲੇਆਮ ਬਾਰੇ ਨਿੱਜੀ ਸਟੋਰੀ ਸਮੇਤ ਨਾਨਾਵਤੀ ਕਮਿਸ਼ਨ, ਐੱਚਕੇ ਐੱਲ ਭਗਤ ਦੀ ਗ੍ਰਿਫ਼ਤਾਰੀ, 1984 ਵਿਉਂਤਬੰਦ ਹਿੰਸਾ ਵਰਗੇ ਕਈ ਮੁੱਦੇ ਉਭਾਰੇ ਗਏ ਹਨ।

Advertisement

Advertisement
Author Image

Advertisement