ਸਹਾਇਤਾ
ਸਆਦਤ ਹਸਨ ਮੰਟੋ
ਚਾਲੀ ਪੰਜਾਹ ਲੱਠਮਾਰ ਆਦਮੀਆਂ ਦਾ ਗਰੋਹ ਲੁੱਟਮਾਰ ਕਰਨ ਲਈ ਇੱਕ ਮਕਾਨ ਵੱਲ ਜਾ ਰਿਹਾ ਸੀ। ਅਚਾਨਕ ਹੀ ਉਸ ਭੀੜ ਨੂੰ ਚੀਰਦਾ ਹੋਇਆ ਅੱਧਖੜ ਉਮਰ ਦਾ ਪਤਲਾ ਜਿਹਾ ਆਦਮੀ ਬਾਹਰ ਆਇਆ। ਉਸ ਨੇ ਦੰਗਾਕਾਰੀਆਂ ਨੂੰ ਲੀਡਰ ਦੀ ਤਰ੍ਹਾਂ ਭਾਸ਼ਨ ਦਿੱਤਾ:
‘‘ਭਰਾਵੋ, ਇਸ ਮਕਾਨ ਵਿੱਚ ਬਹੁਤ ਕੀਮਤੀ ਸਾਮਾਨ ਹੈ। ਬਹੁਤ ਦੌਲਤ ਵੀ ਹੈ। ਆਓ, ਆਪਾਂ ਸਾਰੇ ਮਿਲ ਕੇ ਇਸ ’ਤੇ ਕਬਜ਼ਾ ਕਰੀਏ। ਇਹ ਲੁੱਟਮਾਰ ਦਾ ਕੀਮਤੀ ਸਾਮਾਨ ਆਪਸ ਵਿੱਚ ਵੰਡ ਲਵਾਂਗੇ।’’
ਉਨ੍ਹਾਂ ਹਵਾ ਵਿੱਚ ਲਾਠੀਆਂ ਲਹਿਰਾਈਆਂ, ਮੁੱਠੀਆਂ ਬੰਦ ਕਰ ਕੇ ਬੁਲੰਦ ਨਾਅਰੇ ਵੀ ਲਗਾਏ।
ਸਾਰਾ ਗਰੋਹ ਉਸ ਕਮਜ਼ੋਰ ਅੱਧਖੜ ਉਮਰ ਦੇ ਆਦਮੀ ਦੀ ਅਗਵਾਈ ਹੇਠ ਮਕਾਨ ਵੱਲ ਵਧਣ ਲੱਗਾ। ਮਕਾਨ ਅੰਦਰ ਬੇਸ਼ੁਮਾਰ ਦੌਲਤ ਸੀ। ਮਕਾਨ ਦੇ ਦਰਵਾਜ਼ੇ ਕੋਲ ਜਾ ਕੇ ਉਸ ਕਮਜ਼ੋਰ ਆਦਮੀ ਨੇ ਲੁਟੇਰਿਆਂ ਨੂੰ ਫਿਰ ਭਾਸ਼ਨ ਦਿੱਤਾ: ‘‘ਇਸ ਮਕਾਨ ਵਿੱਚ ਜਿੰਨਾ ਵੀ ਕੀਮਤੀ ਸਾਮਾਨ ਹੈ, ਉਹ ਤੁਹਾਡਾ ਹੀ ਹੈ ਪਰ ਕਿਸੇ ਨੇ ਸੀਨਾਜ਼ੋਰੀ ਨਹੀਂ ਕਰਨੀ... ਆਪਸ ਵਿੱਚ ਨਹੀਂ ਲੜਨਾ... ਆਓ।’’
ਇੱਕ ਬੋਲਿਆ ‘‘ਦਰਵਾਜ਼ੇ ’ਤੇ ਤਾਲਾ ਹੈ।’’
ਦੂਸਰੇ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਤੋੜ ਦੋ’’।
ਤੋੜ ਦੋ... ਤੋੜ ਦੋ।
ਉਨ੍ਹਾਂ ਹਵਾ ਵਿੱਚ ਲਾਠੀਆਂ ਘੁੰਮਾਈਆਂ, ਕਈਆਂ ਨੇ ਜੋਸ਼ ਵਿੱਚ ਮੁੱਠੀਆਂ ਬੰਦ ਕਰ ਕੇ ਹਵਾ ਵਿੱਚ ਨਾਅਰੇ ਲਾਏ। ਪਤਲੇ ਜਿਹੇ ਆਦਮੀ ਨੇ ਹੱਥ ਦੇ ਇਸ਼ਾਰੇ ਨਾਲ ਦਰਵਾਜ਼ਾ ਤੋੜਨ ਵਾਲਿਆਂ ਨੂੰ ਰੋਕਿਆ ਅਤੇ ਮੁਸਕਰਾ ਕੇ ਕਿਹਾ, ‘‘ਭਰਾਵੋ ਠਹਿਰੋ, ਮੈਂ ਇਸ ਨੂੰ ਚਾਬੀ ਨਾਲ ਖੋਲ੍ਹਦਾ ਹਾਂ।’’
ਇਹ ਕਹਿ ਕੇ ਉਸ ਨੇ ਜੇਬ੍ਹ ਵਿੱਚੋਂ ਚਾਬੀਆਂ ਦਾ ਗੁੱਛਾ ਕੱਢਿਆ ਅਤੇ ਇੱਕ ਚੁਣੀ ਹੋਈ ਚਾਬੀ ਤਾਲੇ ਵਿੱਚ ਪਾਈ, ਦਰਵਾਜ਼ਾ ਖੋਲ੍ਹ ਦਿੱਤਾ। ਟਾਹਲੀ ਦਾ ਮਜ਼ਬੂਤ ਦਰਵਾਜਾ ਚੀਕਦਾ ਹੋਇਆ ਖੁੱਲ੍ਹ ਗਿਆ। ਉਹ ਹਜੂਮ ਤੇਜ਼ੀ ਨਾਲ ਅੰਦਰ ਦਾਖ਼ਲ ਹੋਇਆ। ਉਸ ਕਮਜ਼ੋਰ ਆਦਮੀ ਨੇ ਆਪਣੀ ਕਮੀਜ਼ ਦੇ ਪੱਲੇ ਨਾਲ ਆਪਣਾ ਗਰਮੀ ਨਾਲ ਭਿੱਜਿਆ ਮੱਥਾ ਸਾਫ਼ ਕੀਤਾ।
‘‘ਬਈ! ਆਰਾਮ, ਆਰਾਮ ਨਾਲ, ਜੋ ਕੁਝ ਵੀ ਇਸ ਮਕਾਨ ਵਿੱਚ ਹੈ, ਸਾਰਾ ਕੁਝ ਤੁਹਾਡਾ ਹੀ ਹੈ। ਫਿਰ ਅਫਰਾ-ਤਫਰੀ ਦੀ ਲੋੜ ਹੀ ਨਹੀਂ।’’
ਹਜੂਮ ਵਿੱਚ ਇਕਦਮ ਜੋਸ਼ ਭਰ ਗਿਆ। ਦੰਗਾਈ ਇੱਕ ਇੱਕ ਕਰ ਕੇ ਮਕਾਨ ਅੰਦਰ ਦਾਖਲ ਹੋਣ ਲੱਗ ਪਏ। ਜਦੋਂ ਚੀਜ਼ਾਂ ਦੀ ਲੁੱਟ ਸ਼ੁਰੂ ਹੋਈ ਤਾਂ ਹੱਲਾ ਜਿਹਾ ਮੱਚ ਗਿਆ। ਦੰਗਾਕਾਰੀ ਬੇਰਹਿਮੀ ਨਾਲ ਚੀਜ਼ਾਂ ਨੂੰ ਲੁੱਟਣ ਲੱਗੇ । ਉਸ ਪਤਲੇ ਤੇ ਕਮਜ਼ੋਰ ਆਦਮੀ ਨੇ ਇਹ ਨਜ਼ਾਰਾ ਦੁੱਖ ਨਾਲ ਦੇਖਿਆ। ਭਰੀ ਹੋਈ ਆਵਾਜ਼ ਨਾਲ ਲੁਟੇਰਿਆਂ ਨੂੰ ਕਿਹਾ, ‘‘ਭਰਾਵੋ, ਹੌਲੀ, ਹੌਲੀ... ਆਪਸ ਵਿੱਚ ਲੜਨ ਝਗੜਨ ਦੀ ਕੋਈ ਲੋੜ ਨਹੀਂ। ਜ਼ੋਰ-ਅਜ਼ਮਾਈ ਦੀ ਕੋਈ ਲੋੜ ਨਹੀਂ। ਸਬਰ ਤੇ ਸੰਜਮ ਤੋਂ ਕੰਮ ਲਵੋ, ਜੇਕਰ ਕਿਸੇ ਨੂੰ ਜ਼ਿਆਦਾ ਕੀਮਤੀ ਸਾਮਾਨ ਮਿਲ ਗਿਆ ਤਾਂ ਈਰਖਾਲੂ ਨਾ ਬਣੋ, ਇੰਨਾ ਵੱਡਾ ਮਕਾਨ ਹੈ, ਆਪਣੇ ਲਈ ਕੋਈ ਹੋਰ ਚੀਜ਼ ਲੱਭ ਲਵੋ। ਪਰ ਇਸ ਤਰ੍ਹਾਂ ਵਹਿਸ਼ੀ ਨਾ ਬਣੋ... ਮਾਰ ਧਾੜ ਕਰੋਗੇ ਤਾਂ ਚੀਜ਼ਾਂ ਟੁੱਟ ਜਾਣਗੀਆਂ। ਇਸ ਵਿੱਚ ਨੁਕਸਾਨ ਤਾਂ ਤੁਹਾਡਾ ਹੀ ਹੈ।’’
ਦੇਖੋ ਬਈ ਇਹ ਰੇਡੀਓ ਹੈ... ਆਰਾਮ ਨਾਲ ਚੁੱਕੋ, ਕਿਤੇ ਟੁੱਟ ਨਾ ਜਾਵੇ, ਇਹ ਤਾਰ ਵੀ ਨਾਲ ਲੈ ਜਾਓ। ਤਹਿ ਕਰ ਲਵੋ... ਇਸ ਤਰ੍ਹਾਂ ਨਾਲ ਤਹਿ ਕਰ ਲਉ ਅਤੇ ਚੁੱਕਦੇ ਜਾਓ। ਇਹ ਤਰਪਾਈ ਅਖ਼ਰੋਟ ਦੀ ਲੱਕੜੀ ਦੀ ਹੈ... ਹਾਥੀ ਦੰਦ ਦੀ ਪਿਚਕਾਰੀ ਹੈ। ਬੜੀ ਨਾਜ਼ੁਕ ਹੈ, ਹਾਂ, ਹੁਣ ਠੀਕ ਹੈ।’’
‘‘ਨਹੀਂ, ਨਹੀਂ ਇੱਥੇ ਨਾ ਪੀਓ, ਬਹਿਕ ਜਾਓਗੇ... ਇਸ ਨੂੰ ਘਰ ਲੈ ਜਾਓ।’’
‘‘ਠਹਿਰੋ, ਠਹਿਰੋ, ਮੈਨੂੰ ਮੇਨ ਸਵਿੱਚ ਬੰਦ ਕਰ ਲੈਣ ਦਿਓ, ਇਸ ਤਰ੍ਹਾਂ ਨਾ ਹੋਵੇ ਕਿ ਕਰੰਟ ਦਾ ਝਟਕਾ ਲੱਗ ਜਾਵੇ।’’
ਇੰਨੇ ਨੂੰ ਇੱਕ ਕੋਨੇ ਵਿੱਚੋਂ ਭਾਰੀ ਆਵਾਜ਼ ਆਉਣ ਲੱਗੀ। ਚਾਰ ਲੁਟੇਰੇ ਇੱਕ ਰੇਸ਼ਮੀ ਕੱਪੜੇ ਦੇ ਥਾਨ ’ਤੇ ਜੋਰ-ਅਜ਼ਮਾਈ ਕਰ ਰਹੇ ਸਨ। ਉਹ ਕਮਜ਼ੋਰ ਆਦਮੀ ਤੇਜ਼ੀ ਨਾਲ ਉਨ੍ਹਾਂ ਵੱਲ ਗਿਆ ਅਤੇ ਝਿੜਕਣ ਵਾਲੇ ਲਹਿਜੇ ਵਿੱਚ ਉਨ੍ਹਾਂ ਨੂੰ ਕਹਿਣ ਲੱਗਿਆ, ‘‘ਤੁਸੀਂ ਕਿੰਨੇ ਬੇਸਮਝ ਹੋ। ਇਹ ਲੀਰ-ਲੀਰ ਹੋ ਜਾਏਗਾ। ਬਹੁਤ ਕੀਮਤੀ ਕੱਪੜਾ ਹੈ। ਘਰ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਹਨ। ਗਜ਼ ਹੋਵੇਗਾ, ਤਲਾਸ਼ ਕਰੋ ਅਤੇ ਮਿਣ ਕੇ ਕੱਪੜਾ ਆਪਸ ਵਿੱਚ ਵੰਡ ਲਵੋ।’’ ਅਚਾਨਕ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ‘ਬਊਂ-ਊਂ-ਊਂ’ ਤੇ ਚਮਕੀਲੀਆਂ ਖ਼ੌਫ਼ਨਾਕ ਅੱਖਾਂ ਵਾਲਾ ਗੱਦੀ ਕੁੱਤਾ ਜ਼ੋਰ ਨਾਲ ਅੰਦਰ ਝਪਟਦਾ ਆ ਗਿਆ ਅਤੇ ਬਿਨਾਂ ਦੇਰੀ ਉਸ ਨੇ ਦੋ ਤਿੰਨ ਲੁਟੇਰੇ ਝੰਜੋੜ ਦਿੱਤੇ। ਕਮਜ਼ੋਰ ਪਤਲਾ ਆਦਮੀ ਜ਼ੋਰ ਨਾਲ ਚੀਕਿਆ, ‘‘ਟਾਈਗਰ, ਟਾਈਗਰ’’
ਟਾਈਗਰ ਨੇ ਆਪਣੇ ਖ਼ੌਫ਼ਨਾਕ ਮੂੰਹ ਵਿੱਚ ਇੱਕ ਲੁਟੇਰੇ ਦਾ ਗਲ ਫੜਿਆ ਹੋਇਆ ਸੀ। ਪੂਛ ਹਿਲਾਉਂਦਾ ਹੋਇਆ ਨੀਵੀਂ ਪਾਈ ਉਹ ਕਮਜ਼ੋਰ ਪਤਲੇ ਆਦਮੀ ਵੱਲ ਵਧਿਆ। ਕੁੱਤੇ ਦੇ ਆਉਂਦੇ ਹੀ ਸਾਰੇ ਲੁਟੇਰੇ ਦੌੜ ਗਏ ਸੀ। ਸਿਰਫ਼ ਇੱਕ ਬਾਕੀ ਸੀ ਜਿਸ ਦਾ ਗਲ ਟਾਈਗਰ ਨੇ ਫੜਿਆ ਹੋਇਆ ਸੀ। ਉਸ ਲੁਟੇਰੇ ਨੇ ਕਮਜ਼ੋਰ ਪਤਲੇ ਆਦਮੀ ਤੋਂ ਪੁੱਛਿਆ, ‘‘ਤੂੰ ਕੌਣ ਹੈ?’’
ਕਮਜ਼ੋਰ ਪਤਲਾ ਆਦਮੀ ਮੁਸਕਰਾਉਂਦਾ ਹੋਇਆ ਬੋਲਿਆ, ‘‘ਇਸ ਘਰ ਦਾ ਮਾਲਕ... ਦੇਖੋ ਦੇਖੋ... ਤੁਹਾਡੇ ਹੱਥ ਕੰਬ ਰਹੇ ਹਨ ਕਿਤੇ ਕੱਚ ਦਾ ਮਰਤਬਾਨ ਹੱਥਾਂ ਵਿੱਚੋਂ ਡਿੱਗ ਨਾ ਜਾਵੇ।’’
- ਅਨੁਵਾਦ: ਪ੍ਰੋ. ਸੁਖਜਿੰਦਰ ਸਿੰਘ ਗਿੱਲ
ਸੰਪਰਕ: 98722-01833