For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਮਜਬੂਰੀ ’ਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ: ਮੋਦੀ

07:24 AM Sep 26, 2023 IST
ਕਾਂਗਰਸ ਵੱਲੋਂ ਮਜਬੂਰੀ ’ਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਭਾਜਪਾ ਦੇ ਸੂਬਾਈ ਪ੍ਰਧਾਨ ਵੀ ਡੀ ਸ਼ਰਮਾ। -ਫੋਟੋ: ਪੀਟੀਆਈ
Advertisement

ਭੋਪਾਲ, 25 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਨਵੇਂ ‘ਘਮੰਡੀਆ’ ਗੱਠਜੋੜ ਵਿਚਲੇ ਇਸ ਦੇ ਭਾਈਵਾਲਾਂ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੀ ‘ਜੱਕੋਤਕੀ’ ਵਿੱਚ ਤੇ ਮਜਬੂਰੀਵੱਸ ਹਮਾਇਤ ਕੀਤੀ, ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਸੀ। ਸ੍ਰੀ ਮੋਦੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ (ਕਾਂਗਰਸ ਤੇ ਹੋਰ ਭਾਈਵਾਲ) ਇਸ ਬਿੱਲ ਨੂੰ ਲੈ ਕੇ ਪਿੱਛਲ ਪੈਰੀਂ ਹੋ ਜਾਣਗੇ। ਉਨ੍ਹਾਂ ਰਾਹੁਲ ਗਾਂਧੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਮੂੰਹ ਵਿੱਚ ਚਾਂਦੀ ਦਾ ਚਮਚ ਲੈ ਕੇ ਜੰਮਣ ਵਾਲਿਆਂ ਲਈ ਗਰੀਬ ਦੀ ਜ਼ਿੰਦਗੀ ਐਡਵੈਂਚਰ ਸੈਰ-ਸਪਾਟੇ ਤੇ ਪਿਕਨਿਕ ਵਾਂਗ ਹੈ। ਪ੍ਰਧਾਨ ਮੰਤਰੀ ਇਥੇ ਭਾਜਪਾ ਵਰਕਰਾਂ ਦੇ ਵਿਸ਼ਾਲ ਇਕੱਠ ‘ਕਾਰਯਕਰਤਾ ਮਹਾਕੁੰਭ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਂਗਰਸ ਦੀ ਤੁਲਨਾ ‘ਜੰਗਾਲ ਲੱਗੇ ਲੋਹੇ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਦੇ ਆਗੂ ਨਹੀਂ ਬਲਕਿ ‘ਸ਼ਹਿਰੀ ਨਕਸਲੀ’ ਚਲਾ ਰਹੇ ਹਨ ਅਤੇ ਕਾਂਗਰਸ ਨੂੰ ਜੇਕਰ ਮੁੜ ਮੌਕਾ ਦਿੱਤਾ ਤਾਂ ਉਹ ਮੱਧ ਪ੍ਰਦੇਸ਼ ਨੂੰ ਵਾਪਸ ਬਿਮਾਰੂ ਵਰਗ ਵੱਲ ਧੱਕ ਦੇਵੇਗੀ।
ਜਨ ਸੰਘ ਦੇ ਸਹਿ-ਬਾਨੀ ਦੀਨਦਿਆਲ ਉਪਾਧਿਆਏ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਤੇ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾਵਾਂ’ ਦੇ ਰਸਮੀ ਸਮਾਪਨ ਲਈ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਤੇ ‘ਘਮੰਡੀਆ ਗੱਠਜੋੜ’ ਵਿਚਲੇ ਇਸ ਦੇ ਭਾਈਵਾਲਾਂ ਨੇ ਮਜਬੂਰੀ ਵੱਸ ਤੇ ਜੱਕੋਤਕੀ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ ਕੀਤੀ ਕਿਉਂਕਿ ਉਨ੍ਹਾਂ ਨੂੰ ਨਾਰੀ ਸ਼ਕਤੀ ਦੀ ਤਾਕਤ ਸਮਝ ਆ ਗਈ। ਬਿੱਲ ਸੰਸਦ ਵਿਚ ਪਾਸ ਹੋਇਆ ਕਿਉਂਕਿ ‘ਮੋਦੀ ਹੈ ਤੋ ਮੁਮਕਿਨ ਹੈ।’ ਮੋਦੀ ਦਾ ਮਤਲਬ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ ਹੈ।’’ ਉਨ੍ਹਾਂ ਕਾਂਗਰਸ ਤੇ ਇਸ ਦੇ ਭਾਈਵਾਲਾਂ ਨੂੰ ਸੱਤਾ ਵਿੱਚ ਰਹਿਣ ਮੌਕੇ ਇਹ ਬਿੱਲ ਪਾਸ ਨਾ ਕਰਨ ਲਈ ਭੰਡਿਆ। ਉਨ੍ਹਾਂ ਕਿਹਾ ਕਿ ਜੇ ਮੌਕਾ ਮਿਲੇ ਤਾਂ ਕਾਂਗਰਸ ਮਹਿਲਾਵਾਂ ਨੂੰ ਸੰਸਦ ਤੇ ਸੂਬਾਈ ਅਸੈਂਬਲੀਆਂ ਵਿਚ 33 ਫੀਸਦ ਰਾਖਵਾਂਕਰਨ ਬਿੱਲ ’ਤੇ ਯੂ-ਟਰਨ ਵੀ ਲੈ ਸਕਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਆਪਣੀ ਇੱਛਾ ਸ਼ਕਤੀ ਗੁਆ ਚੁੱਕੀ ਹੈ ਤੇ ਇਸ ਦੇ ਜ਼ਮੀਨੀ ਵਰਕਰ ਖਾਮੋਸ਼ ਹੋ ਗਏ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਪਹਿਲਾਂ (ਚੋਣਾਂ ਵਿੱਚ) ਤਬਾਹ ਹੋ ਗਈ ਤੇ ਮਗਰੋਂ ਇਸ ਦਾ ਦੀਵਾਲਾ ਨਿਕਲ ਗਿਆ। ਕਾਂਗਰਸ ਨੂੰ ਹੁਣ ਠੇਕੇ ’ਤੇ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੀਆਂ ਨੀਤੀਆਂ ਤੇ ਨਾਅਰਿਆਂ ਨੂੰ ਸਿੱਧਾ-ਪੁੱਠਾ ਕੀਤਾ ਜਾ ਰਿਹੈ। ਇਸ ਨੂੰ ਹੁਣ ਆਗੂ ਨਹੀਂ ਚਲਾ ਰਹੇ।’’ ਕਾਂਗਰਸ ਨੂੰ ਹੁਣ ਬਾਹਰੋਂ ਲੋਕ ਚਲਾ ਰਹੇ ਹਨ ਤੇ ਇਸ ਦਾ ਠੇਕਾ ‘ਸ਼ਹਿਰੀ ਨਕਸਲੀਆਂ’ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ ਮੱਧ ਪ੍ਰਦੇਸ਼ ਦਾ ਵਿਕਸਤ ਹੋਣਾ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡਿਜੀਟਲ ਅਦਾਇਗੀ ਦਾ ਵਿਰੋਧ ਕੀਤਾ, ਪਰ ਕੁੱਲ ਆਲਮ ਯੂਪੀਆਈ ਮੋਡ ਤੋਂ ਪ੍ਰਭਾਵਿਤ ਹੈ। ਇਸ ਦੌਰਾਨ ਜੈਪੁਰ ਵਿੱਚ ਇਕ ਵੱਖਰੀ ਰੈਲੀ ਮੌਕੇ ਮੋਦੀ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਰਾਜਸਥਾਨ ਦੇ ਨੌਜਵਾਨਾਂ ਦੇ ਪੰਜ ਅਹਿਮ ਸਾਲ ਬਰਬਾਦ ਕਰ ਦਿੱਤੇ। -ਪੀਟੀਆਈ

Advertisement

ਪ੍ਰਧਾਨ ਮੰਤਰੀ ਅੱਜ ਵੰਡਣਗੇ 51,000 ਨਿਯੁਕਤੀ ਪੱਤਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ 51000 ਨਿਯਕੁਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪੂਰੇ ਦੇਸ਼ ਵਿੱਚ 46 ਥਾਵਾਂ ’ਤੇ ‘ਰੁਜ਼ਗਾਰ ਮੇਲੇ’ ਲਾਏ ਜਾਣਗੇ। ਇਹ ਨਵੀਂ ਭਰਤੀ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿਚ ਕੀਤੀ ਗਈ ਹੈ, ਜਿਨ੍ਹਾਂ ਵਿਚ ਡਾਕ ਵਿਭਾਗ, ਇੰਡੀਅਨ ਆਡਿਟ ਤੇ ਅਕਾਊਂਟਸ ਵਿਭਾਗ, ਪਰਮਾਣੂ ਊਰਜਾ ਵਿਭਾਗ, ਮਾਲੀਆ ਵਿਭਾਗ, ਉੱਚ ਸਿੱਖਿਆ ਵਿਭਾਗ, ਰੱਖਿਆ ਮੰਤਰਾਲਾ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਆਦਿ ਸ਼ਾਮਲ ਹਨ। -ਪੀਟੀਆਈ

ਭਾਜਪਾ ਦੇ ਕਈ ਆਗੂ ਕਾਂਗਰਸ ’ਚ ਸ਼ਾਮਲ ਹੋਣ ਦੇ ਚਾਹਵਾਨ: ਦਿਗਵਿਜੈ

ਗਵਾਲੀਅਰ: ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਦੇ ਕਈ ਆਗੂ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਖਾਹਿਸ਼ਮੰਦ ਹਨ ਕਿਉਂਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਅਸੈਂਬਲੀ ਦੀਆਂ ਆਗਾਮੀ ਚੋਣਾਂ ਵਿੱਚ ਹੁਣ ਤੋਂ ਹੀ ਹਾਰ ਦਾ ਅਹਿਸਾਸ ਹੋਣ ਲੱਗਾ ਹੈ। ਸਿੰਘ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਉਹ ਭਾਜਪਾ ਸਰਕਾਰ, ਜੋ ਮੱਧ ਪ੍ਰਦੇਸ਼ ਵਿੱਚ ਪਿਛਲੇ 18 ਸਾਲਾਂ ਤੋਂ ਸੱਤਾ ਵਿੱਚ ਹੈ, ਤੇ ਇਸ ਦੇ ਮੰਤਰੀਆਂ ਦੇ ‘ਪਾਪਾਂ ਨੂੰ ਧੋ ਸਕਦੇ ਹਨ।’ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, ‘‘ਲੋਕ ਮੱਧ ਪ੍ਰਦੇਸ਼ ਦੀ ਸੱਤਾ ’ਚੋਂ ਭਾਜਪਾ ਨੂੰ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ। ਸੱਤਾਧਾਰੀ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਚੋਣਾਂ ਵਿੱਚ ਹਾਰ ਦਾ ਅਹਿਸਾਸ ਹੋਣ ਲੱਗਾ ਹੈ ਤੇ ਉਹ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਦਿਗਵਿਜੈ ਸਿੰਘ ਮਾਣਹਾਨੀ ਕੇਸ ਦੇ ਸਬੰਧ ਵਿੱਚ ਗਵਾਲੀਅਰ ਆਏ ਸਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×