ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਫਰਵਰੀ
ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਇਕੱਠ ਸੱਦ ਕੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਕਨਵੈਨਸ਼ਨ ਨਿਊਜਰਸੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਵਿਖੇ ਹੋਈ। ਸਮਾਗਮ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਅਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ’ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਝ ਮਤੇ ਵੀ ਪਾਸ ਕੀਤੇ ਗਏ। ਸਮਾਗਮ ਨੂੰ ਏਜੀਪੀਸੀ ਦੇ ਡਾਕਟਰ ਪ੍ਰਿਤਪਾਲ ਸਿੰਘ , ਸਿਖ ਕੌਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਰਾਜਭਿੰਦਰ ਸਿੰਘ ਬਦੇਸ਼ਾਂ, ਦਵਿੰਦਰ ਸਿੰਘ ਦਿਓ, ਨਰਿੰਦਰ ਸਿੰਘ, ਰਜਿੰਦਰ ਸਿੰਘ ,ਬਲਵਿੰਦਰ ਸਿੰਘ ਚੱਠਾ, ਧਰਮ ਸਿੰਘ ,ਬਲਜਿੰਦਰ ਸਿੰਘ ,ਪ੍ਰਿਤਪਾਲ ਸਿੰਘ ਖਾਲਸਾ ,ਜਸਬੀਰ ਸਿੰਘ , ਡਾ ਬਖਸ਼ੀਸ਼ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਸੰਬੋਧਨ ਕੀਤਾ ਗਿਆ। ਡਾ ਪ੍ਰਿਤਪਾਲ ਸਿੰਘ ਅਤੇ ਹਿੰਮਤ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਆਖਿਆ ਕਿ 23 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ 50 ਫੀਸਦੀ ਖਰਚਾ ਸਹਿਤ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ , ਇਸ ਸਬੰਧੀ ਕਿਸਾਨਾਂ ’ਤੇ ਦਰਜ ਕੇਸ ਖਤਮ ਕੀਤੇ ਜਾਣ। ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਨੂੰ ਵਪਾਰ ਲਈ ਖੋਲ੍ਹਿਆ ਜਾਵੇ, ਜਿਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਤੇ ਕਾਰੋਬਾਰੀਆਂ ਨੂੰ ਲਾਭ ਹੋਵੇਗਾ।