ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਪਿਊਟਰ ਅਧਿਆਪਕਾਂ ਦੀ ਹਮਾਇਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਸਤੰਬਰ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਕੇ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ 25ਵੇਂ ਦਿਨ ਵੀ ਜਾਰੀ ਰਹੀ। ਅੱਜ ਕੰਪਿਊਟਰ ਅਧਿਆਪਕ ਰਣਜੀਤ ਕੌਰ ਰੋਪੜ ਅਤੇ ਪ੍ਰਦੀਪ ਸਿੰਘ ਬਰਨਾਲਾ ਭੁੱਖ ਹੜਤਾਲ ’ਤੇ ਬੈਠੇ ਜਦੋਂ ਕਿ ਪੱਕੇ ਮੋਰਚੇ ਵਿਚ ਅੱਜ ਵੱਖ-ਵੱਖ ਸਟੇਸ਼ਨਾਂ ਤੋਂ ਕੰਪਿਊਟਰ ਅਧਿਆਪਕਾਂ ਨੇ ਸ਼ਾਮਲ ਹੋ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਆਵਾਜ਼ ਬੁਲੰਦ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਤੇ ਹੋਰ ਅਕਾਲੀ ਆਗੂ ਅੱਜ ਭੁੱਖ ਹੜਤਾਲੀ ਕੈਂਪ ਵਿਚ ਪੁੱਜੇ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਹੱਕੀ ਤੇ ਜਾਇਜ਼ ਕਰਾਰ ਦਿੰਦਿਆਂ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ 2011 ਦੇ ਰੈਗੂਲਰ ਆਰਡਰਾਂ ਮੁਤਾਬਕ ਸਰਕਾਰ ਨੂੰ ਬਣਦੇ ਹੱਕ ਤੇ ਲਾਭ ਦੇਣ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਕੇ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸ਼ੇਰ ਸਿੰਘ ਬਾਲੇਵਾਲ, ਜਤਿੰਦਰ ਸਿੰਘ ਵਿੱਕੀ ਆਦਿ ਵੀ ਸ਼ਾਮਲ ਸਨ।
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਪਰਮਵੀਰ ਸਿੰਘ ਪੰਮੀ ਨੇ ਕਿਹਾ ਕਿ ਪਿਛਲੇ 25 ਦਿਨਾਂ ਤੋਂ ਕੰਪਿਊਟਰ ਅਧਿਆਪਕ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੋਣਾਂ ਸਮੇਂ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਕਰਾਉਣ ਲਈ ਹੀ ਸੰਘਰਸ਼ ਦੇ ਰਾਹ ’ਤੇ ਹਨ। ਉਨ੍ਹਾਂ ਦੱਸਿਆ ਕਿ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਲਈ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਸੂਬਾ ਪੱਧਰੀ ਮਹਾਂ ਰੈਲੀ ਕੀਤੀ ਜਾਵੇਗੀ ਜਿਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਕੰਪਿਊਟਰਾਂ ਅਧਿਆਪਕਾਂ ਵਿਚ ਪੂਰਾ ਉਤਸ਼ਾਹ ਹੈ। ਇਸ ਮੌਕੇ ਜੋਨੀ ਸਿੰਗਲਾ ਬਠਿੰਡਾ, ਗੁਰਬਖ਼ਸ਼ ਲਾਲ, ਪ੍ਰਦੀਪ ਮਲੂਕਾ, ਨਰਦੀਪ ਸ਼ਰਮਾ ਤੇ ਰਾਜਵੰਤ ਕੌਰ ਆਦਿ ਸ਼ਾਮਲ ਸਨ।