ਕਾਂਗਰਸ ਪਾਰਟੀ ਵੱਲੋਂ ਆਟੋ ਤੇ ਟੈਕਸੀ ਚਾਲਕਾਂ ਦੀ ਹਮਾਇਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਦਿੱਲੀ ਕਾਂਗਰਸ ਆਟੋ ਟੈਕਸੀ ਡਰਾਈਵਰਾਂ ਨਾਲ ਬੇਇਨਸਾਫੀ ਨਹੀਂ ਹੋਣ ਦੇਵੇਗੀ। ਆਲ ਦਿੱਲੀ ਆਟੋ ਟੈਕਸੀ ਟਰਾਂਸਪੋਰਟ ਕਾਂਗਰਸ ਯੂਨੀਅਨ ਦੇ ਵਫ਼ਦ ਨੇ ਆਪਣੇ ਰੁਜ਼ਗਾਰ ਨੂੰ ਸੰਕਟ ਤੋਂ ਬਚਾਉਣ ਲਈ ਸੂਬਾ ਕਾਂਗਰਸ ਦਫ਼ਤਰ ਵਿੱਚ ਸੂਬਾ ਪ੍ਰਧਾਨ ਦੇਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਆਟੋ ਟੈਕਸੀ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦਿੰਦਿਆਂ ਸ੍ਰੀ ਯਾਦਵ ਨੇ ਕਿਹਾ, ‘‘ਕਾਂਗਰਸ ਤੁਹਾਡੇ ਸੰਘਰਸ਼ ਵਿੱਚ ਤੁਹਾਡੇ ਨਾਲ ਖੜ੍ਹੀ ਹੈ ਅਤੇ ਕਾਂਗਰਸ ਦਾ ਹਰ ਸਿਪਾਹੀ ਆਟੋ ਟੈਕਸੀ ਡਰਾਈਵਰਾਂ ਦੀ ਲੜਾਈ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ।’’ ਸ੍ਰੀ ਯਾਦਵ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀਆਂ ਸ਼ੋਸ਼ਣਕਾਰੀ ਨੀਤੀਆਂ ਅਤੇ ਕਾਨੂੰਨਾਂ ਕਾਰਨ ਦਿੱਲੀ ਦੇ ਆਟੋ ਟੈਕਸੀ ਚਾਲਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਉਦਾਸੀਨਤਾ ਕਾਰਨ ਇਨ੍ਹਾਂ ਗਰੀਬ ਲੋਕਾਂ ਦਾ ਰੁਜ਼ਗਾਰ ਖ਼ਤਰੇ ਵਿੱਚ ਹੈ। ਸ੍ਰੀ ਯਾਦਵ ਨੇ ਕਿਹਾ ਕਿ 2014 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਆਟੋ ਟੈਕਸੀ ਡਰਾਈਵਰਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੇਜਰੀਵਾਲ ਸਰਕਾਰ 10 ਸਾਲਾਂ ਤੋਂ ਆਟੋ ਟੈਕਸੀ ਡਰਾਈਵਰਾਂ ਨੂੰ ਗੁੰਮਰਾਹ ਕਰ ਰਹੀ ਹੈ।