ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹਾਲੀ ਜ਼ਿਲ੍ਹੇ ’ਚ ਸਹਿਕਾਰੀ ਸਭਾਵਾਂ ਨੂੰ ਗ਼ੈਰਮਿਆਰੀ ਖਾਦ ਦੀ ਸਪਲਾਈ

06:51 AM Jun 11, 2024 IST

* ਖੇਤੀ ਮਹਿਕਮੇ ਨੇ ਖਾਦ ਦੀ ਵਿਕਰੀ ਰੋਕੀ
* ਕੰਪਨੀ ਵੱਲੋਂ ਮਿਆਰੀ ਖਾਦ ਸਪਲਾਈ ਕੀਤੇ ਜਾਣ ਦਾ ਦਾਅਵਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੂਨ
ਚੋਣ ਜ਼ਾਬਤੇ ਦੌਰਾਨ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਈ ਡੀਏਪੀ ਖਾਦ ਦੇ ਨਮੂਨੇ ਫੇਲ੍ਹ ਹੋ ਗਏ ਹਨ। ਜ਼ਿਲ੍ਹਾ ਮੁਹਾਲੀ ’ਚ ਗ਼ੈਰਮਿਆਰੀ ਖਾਦ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਣ ’ਤੇ ਮੋਹਰ ਲੱਗ ਗਈ ਹੈ ਜਦਕਿ ਬਾਕੀ ਸੂਬੇ ਵਿਚ ਸਪਲਾਈ ਕੀਤੀ ਗਈ ਖਾਦ ਦੇ ਨਮੂਨੇ ਭਰਨ ਤੋਂ ਖੇਤੀ ਮਹਿਕਮੇ ਨੇ ਪਾਸਾ ਵੱਟ ਲਿਆ ਹੈ। ਜ਼ਿਲ੍ਹਾ ਰੋਪੜ ਵਿਚ ਵੀ ਇਸ ਮਾਮਲੇ ’ਤੇ ਰੌਲਾ ਪਿਆ ਹੋਇਆ ਹੈ ਜਿੱਥੇ ਨਮੂਨੇ ਭਰਨ ਦੇ ਰਾਹ ’ਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ।
ਭਲਕੇ ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਅਤੇ ਝੋਨੇ ਵਾਸਤੇ ਕਰੀਬ 1.25 ਲੱਖ ਮੀਟਰਿਕ ਟਨ ਡੀਏਪੀ ਦੀ ਲੋੜ ਹੈ ਜਦਕਿ 31 ਜੁਲਾਈ ਤੱਕ ਪੰਜਾਬ ਨੂੰ 16 ਲੱਖ ਮੀਟਰਿਕ ਟਨ ਯੂਰੀਆ ਖਾਦ ਦੀ ਲੋੜ ਹੈ। ਮਾਰਕਫੈੱਡ ਵੱਲੋਂ ਡੀਏਪੀ ਦੀ ਸਪਲਾਈ ਪੇਂਡੂ ਸਹਿਕਾਰੀ ਸਭਾਵਾਂ ਨੂੰ ਦਿੱਤੀ ਗਈ ਹੈ। ਕਰੀਬ 65 ਹਜ਼ਾਰ ਮੀਟਰਿਕ ਟਨ ਡੀਏਪੀ ਅਤੇ 3.25 ਲੱਖ ਮੀਟਰਿਕ ਟਨ ਯੂਰੀਆ ਖਾਦ ਸਹਿਕਾਰੀ ਸਭਾਵਾਂ ਨੂੰ ਸਪਲਾਈ ਹੋਈ ਹੈ। ਜ਼ਿਲ੍ਹਾ ਮੁਹਾਲੀ ਵਿੱਚ ਸਹਿਕਾਰੀ ਸਭਾਵਾਂ ਨੂੰ ਸਪਲਾਈ ਡੀਏਪੀ ਖਾਦ ਦੇ ਨਮੂਨੇ ਫੇਲ੍ਹ ਹੋ ਗਏ ਹਨ। ਮੱਧਿਆ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਵੱਲੋਂ ਜ਼ਿਲ੍ਹਾ ਮੁਹਾਲੀ ਵਿਚ ਡੀਏਪੀ ਖਾਦ ਸਪਲਾਈ ਕੀਤੀ ਗਈ ਸੀ। ਮੁਹਾਲੀ ਜ਼ਿਲ੍ਹੇ ਦੀ ਗੁੰਨੋਮਾਜਰਾ, ਖ਼ਿਜ਼ਰਾਬਾਦ, ਮੱਛਲੀ ਕਲਾਂ ਦੀ ਸਹਿਕਾਰੀ ਸਭਾ ਤੋਂ ਇਲਾਵਾ ਮੈੱਸਰਜ਼ ਸੋਤਲ ਮਲਟੀਪਰਪਜ਼ ਸੀਏਐੱਸਐੱਸ ਲਿਮਟਿਡ ਅਤੇ ਕੰਸਾਲਾ ਮਲਟੀਪਰਪਜ਼ ਐਗਰੀ ਸਰਵਿਸ ਸੁਸਾਇਟੀ ਲਿਮਟਿਡ ’ਚੋਂ ਡੀਏਪੀ ਖਾਦ ਦੇ ਨਮੂਨੇ ਭਰੇ ਗਏ ਸਨ ਜਿਨ੍ਹਾਂ ਦੀ ਟੈਸਟਿੰਗ ਲੁਧਿਆਣਾ ਤੇ ਫ਼ਰੀਦਕੋਟ ਦੀ ਸਰਕਾਰੀ ਲੈਬਾਰਟਰੀ ਵਿੱਚ ਹੋਈ ਹੈ। ਇਹ ਨਮੂਨੇ ਫੇਲ੍ਹ ਹੋ ਗਏ ਹਨ। ਡੀਏਪੀ ਵਿੱਚ ਫਾਸਫੋਰਸ ਦੇ ਤੱਤ ਜੋ 46 ਫ਼ੀਸਦ ਹੋਣੇ ਚਾਹੀਦੇ ਹਨ, ਉਹ 20.95 ਫ਼ੀਸਦ ਹੀ ਨਿਕਲੇ ਹਨ। ਮੱਧਿਆ ਭਾਰਤ ਐਗਰੋ ਪ੍ਰੋਡਕਟਸ ਕੰਪਨੀ ਨੇ ਮਾਰਕਫੈੱਡ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੰਪਨੀ ਵੱਲੋਂ ਜ਼ਿਲ੍ਹਾ ਰੋਪੜ ਵਿੱਚ ਕਿਸੇ ਤਰ੍ਹਾਂ ਦੀ ਗੈਰਮਿਆਰੀ ਡੀਏਪੀ ਖਾਦ ਦੀ ਸਪਲਾਈ ਨਹੀਂ ਕੀਤੀ ਗਈ ਹੈ। ਕੰਪਨੀ ਨੇ ਮੁਹਾਲੀ ਤੇ ਰੋਪੜ ਜ਼ਿਲ੍ਹੇ ’ਚ ਸਪਲਾਈ ਖਾਦ ਦੇ ਬੈਚ ਨੰਬਰ ਵੀ ਮਾਰਕਫੈੱਡ ਨੂੰ ਦੇ ਦਿੱਤੇ ਹਨ।
ਸੂਤਰ ਆਖਦੇ ਹਨ ਕਿ ਜ਼ਿਲ੍ਹਾ ਰੋਪੜ ਵਿੱਚ ਨਮੂਨੇ ਭਰਨ ਵਿੱਚ ਅੜਿੱਕਾ ਆਇਆ ਹੈ। ਦੇਖਿਆ ਜਾਵੇ ਤਾਂ ਇਸ ਕੰਪਨੀ ਵੱਲੋਂ ਸਪਲਾਈ ਖਾਦ ਦੇ ਨਮੂਨੇ ਸਮੁੱਚੇ ਪੰਜਾਬ ’ਚੋਂ ਭਰੇ ਜਾਣ ’ਤੇ ਬਾਕੀ ਮਾਮਲਾ ਵੀ ਬੇਪਰਦ ਹੋ ਸਕਦਾ ਹੈ। ਖੇਤੀ ਮਹਿਕਮੇ ਦੇ ਸੰਯੁਕਤ ਡਾਇਰੈਕਟਰ (ਖਾਦ) ਗੁਰਜੀਤ ਸਿੰਘ ਬਰਾੜ ਆਖਦੇ ਹਨ ਕਿ ਜ਼ਿਲ੍ਹਾ ਮੁਹਾਲੀ ਵਿਚ ਨਮੂਨੇ ਫੇਲ੍ਹ ਹੋੋਣ ਮਗਰੋਂ ਹੋਰਨਾਂ ਚਾਰ ਜ਼ਿਲ੍ਹਿਆਂ ’ਚੋਂ ਸੱਤ ਨਮੂਨੇ ਭਰੇ ਗਏ ਸਨ ਪਰ ਉਹ ਪਾਸ ਹੋ ਗਏ ਹਨ। ਪਾਸ ਹੋਏ ਨਮੂਨਿਆਂ ਵਾਲੀ ਖਾਦ ਦੀ ਵਿਕਰੀ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਜ਼ਿਲ੍ਹਾ ਮੁਹਾਲੀ ਵਿਚ ਪੰਜ ਸਹਿਕਾਰੀ ਸਭਾਵਾਂ ਆਦਿ ਨੂੰ 3100 ਗੱਟੇ ਡੀਏਪੀ ਸਪਲਾਈ ਕੀਤੀ ਗਈ ਸੀ। ਜ਼ਿਲ੍ਹਾ ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਖਾਦ ਦਾ ਇੱਕ ਨਮੂਨਾ ਭਰਿਆ ਗਿਆ ਸੀ ਜੋ ਕਿ ਸ਼ੱਕੀ ਜਾਪਿਆ, ਉਸ ਮਗਰੋਂ ਸੱਤ ਹੋਰ ਨਮੂਨੇ ਭਰੇ ਗਏ, ਜੋ ਫੇਲ੍ਹ ਹੋ ਗਏ ਹਨ।

ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ: ਡਾਇਰੈਕਟਰ

ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹਾ ਮੁਹਾਲੀ ਵਿਚ ਸਬੰਧਤ ਕੰਪਨੀ ਦੀ ਖਾਦ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ ਅਤੇ ਸਹਿਕਾਰੀ ਸਭਾਵਾਂ ਸਮੇਤ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਥਾਵਾਂ ਤੋਂ ਵੀ ਨਮੂਨੇ ਭਰੇ ਗਏ ਸਨ। ਡਾਇਰੈਕਟਰ ਨੇ ਕਿਹਾ ਕਿ ਇਕੱਲੇ ਮੁਹਾਲੀ ਜ਼ਿਲ੍ਹੇ ਹੀ ਨਮੂਨੇ ਫੇਲ੍ਹ ਹੋਏ ਹਨ।

Advertisement

Advertisement