ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿੰਦਗੀ ਦੀ ਧੜਕਣ ਹੈ ਧੁੱਪ

09:11 AM Jan 07, 2024 IST

ਮਨਮੋਹਨ ਸਿੰਘ ਦਾਊਂ

Advertisement

ਰੂਹ ਦਾ ਖੇੜਾ

ਸੂਰਜ ਦੀ ਜਾਈ ਧੁੱਪ ਜ਼ਿੰਦਗੀ ਦੀ ਧੜਕਣ ਹੈ। ਜੀਵਨ ਦਾਤੀ ਹੈ। ਸੂਰਜ ਉਦੈ ਹੁੰਦੇ ਹੀ ਧੁੱਪ ਲਿਸ਼ਕਾਰੇ ਮਾਰਨ ਲੱਗ ਪੈਂਦੀ ਹੈ। ਅਸਲ ਵਿੱਚ ਧੁੱਪ ਜਾਗਣ ਵੇਲੇ ਦਾ ਨਾਂ ਹੈ। ਤਦੇ ਤਾਂ ਮਾਵਾਂ ਆਪਣੇ ਲਾਡਲਿਆਂ ਨੂੰ ਸਵੇਰ ਵੇਲੇ ਜਗਾਉਂਦੀਆਂ ਕਹਿੰਦੀਆਂ ਨੇ : ਬੀਬਾ ਉੱਠ, ਹੁਣ ਤਾਂ ਧੁੱਪ ਵੀ ਚੜ੍ਹ ਆਈ ਐ।
ਸਿਆਲ ਦੀ ਨਿੱਘੀ ਧੁੱਪ ਕਿਸ ਨੂੰ ਪਿਆਰੀ ਨਹੀਂ ਲੱਗਦੀ। ਆਓ ਧੁੱਪੇ ਬੈਠੀਏ, ਨਿੱਘ ਮਾਣੀਏ। ਚੰਗਾ-ਚੰਗਾ ਲੱਗਦਾ ਹੈ। ਧੁੱਪ ਸ਼ਬਦ ਦੀ ਜੇਕਰ ਮਹਿਮਾ ਜਾਣੀਏ ਤਾਂ ਆਪਣੀ ਮਾਂ-ਬੋਲੀ ਪੰਜਾਬੀ ਦੀ ਸ਼ਬਦ ਵਿਭਿੰਨਤਾ ਤੇ ਭਾਸ਼ਾ ਦੇ ਗੁਣਾਂ ਦੀ ਜਾਣਕਾਰੀ ਬੜੀ ਦਿਲਚਸਪ ਹੈ। ਅੰਗਰੇਜ਼ੀ ਵਿੱਚ ਸੂਰਜ ਲਈ ਸ਼ਬਦ ‘ਸਨ’ (Sun) ਹੈ ਅਤੇ ਧੁੱਪ ਲਈ ਵੀ ‘ਸਨ’ (Sun) ਸ਼ਬਦ ਹੀ ਵਰਤਿਆ ਜਾਂਦਾ ਹੈ ਜਿਵੇਂ The sun is rising, let us sit in the sun. ਅੰਗਰੇਜ਼ ਲੋਕ ਬੀਚ ਕੰਢੇ ਧੁੱਪ ਸੇਕ ਕੇ ਬੜਾ ਆਨੰਦ ਮਾਣਦੇ ਹਨ ਜਿਸ ਨੂੰ ਉਹ ਸਨ ਬਾਥ (Sun Bath) ਕਹਿੰਦੇ ਹਨ। ਪੰਜਾਬੀ ਭਾਸ਼ਾ ਵਿੱਚ ਧੁੱਪ, ਧੁੱਪਾਂ, ਧੁੱਪੜੀ, ਧੁੱਪੇ ਤੇ ਧੁੱਪਿਆਲਾ ਵੱਖੋ-ਵੱਖ ਪ੍ਰਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹਨ। ਡਾ. ਹਰਿਭਜਨ ਸਿੰਘ ਦੀ ਕਵਿਤਾ ਯਾਦ ਆਉਣ ਡੱਗਦੀ ਹੈ। ਉਹ ਲਿਖਦਾ ਹੈ:
ਮਿਲੀਏ ਤਾਂ ਮਿਲੀਏ ਕਿਹੜੀ ਥਾਵੇਂ
ਨਾ ਅਸੀਂ ਧੁੱਪੇ, ਨਾ ਅਸੀਂ ਛਾਵੇਂ।
ਧੁੱਪ ਨੂੰ ਯਾਦ ਕਰਦਿਆਂ ਬਚਪਨ ਦੇ ਸਕੂਲੀ ਦਿਨ ਯਾਦ ਆਉਣ ਲੱਗਦੇ ਹਨ ਜਦੋਂ ਗਿੱਲੀ ਫੱਟੀ ਦੀ ਗਾਜਣੀ ਸੁਕਾਉਣ ਲਈ ‘ਸੁੱਕ ਸੁੱਕ ਫੱਟੀਏ’ ਦਾ ਗੀਤ ਬੁੱਲ੍ਹੀਆਂ ’ਚੋਂ ਆਪਮੁਹਾਰੇ ਨਿਕਲਦਾ ਸੀ: “ਸੁੱਕ ਸੁੱਕ ਫੱਟੀਏ, ਧੁੱਪੇ ਤੈਨੂੰ ਰੱਖੀਏ’’; “ਸੂਰਜਾ, ਸੂਰਜਾ ਫੱਟੀ ਸੁਕਾ, ਨਹੀਂ ਸਕਾਉਣੀ ਤਾਂ ਗੰਗਾ ਜਾ।”
ਸਰਦੀਆਂ ਵਿੱਚ ਧੁੱਪਿਆਲਾ ਦਿਨ ਪੰਜਾਬੀ ਜੀਵਨ ਨੂੰ ਕਾਰਜਸ਼ੀਲਤਾ ਪ੍ਰਦਾਨ ਕਰਦਾ ਹੈ। ਧੁੱਪੇ-ਧੁੱਪੇ ਕੰਮ ਕਰ ਲੈਣ ਦਾ ਆਹਰ ਚੰਗਾ ਲੱਗਦਾ ਹੈ। ਧੁੱਪੇ ਫ਼ਸਲਾਂ ਦੀ ਗੋਡੀ ਕਰਨ ਦੀ ਕਾਹਲ ਹੁੰਦੀ ਹੈ। ਧੁੱਪੇ ਕੱਪੜੇ ਸੁਕਾਉਣ ਦਾ ਲਾਹਾ ਸੁਆਣੀਆਂ ਨੂੰ ਲੱਗਿਆ ਰਹਿੰਦਾ ਹੈ। ਆਚਾਰ-ਚੱਟਣੀ ਦੇ ਮਰਤਬਾਨਾਂ ਨੂੰ ਧੁੱਪੇ ਰੱਖਣਾ ਸੂਝ ਦਾ ਕੰਮ ਲੱਗਦਾ ਹੈ। ਅੱਜ ਤਾਂ ਧੁੱਪ ਖਿੜਵੀਂ ਹੈ, ਚੰਗਾ ਹੋਵੇ ਰਜਾਈਆਂ, ਤਲਾਈਆਂ, ਕੰਬਲਾਂ ਨੂੰ ਧੁੱਪੇ ਸੁਕਾ ਲਈਏ।
ਕਹਿੰਦੇ ਨੇ ਇੱਕ ਵਾਰ ਸਿਕੰਦਰ-ਏ-ਆਜ਼ਮ ਘੋੜੇ ’ਤੇ ਸਵਾਰ ਹੋ ਕੇ ਆਪਣੇ ਸੈਨਿਕਾਂ ਨਾਲ ਇੱਕ ਪਿੰਡ ਕੋਲੋਂ ਲੰਘਿਆ ਜਾ ਰਿਹਾ ਸੀ। ਰਸਤੇ ਵਿੱਚ ਇੱਕ ਬੁੱਢਾ ਅੰਨ੍ਹਾ ਫ਼ਕੀਰ ਧੁੱਪ ਸੇਕ ਰਿਹਾ ਸੀ। ਸਿਕੰਦਰ ਬਾਦਸ਼ਾਹ ਦਾ ਘੋੜਾ ਖੜੋਣ ਨਾਲ ਫ਼ਕੀਰ ’ਤੇ ਛਾਂ ਹੋ ਗਈ। ਉਸ ਫ਼ਕੀਰ ਦੇ ਪ੍ਰਵਚਨ ਸਿਕੰਦਰ ਨੂੰ ਅਚੰਭਤ ਕਰ ਗਏ ਜਦੋਂ ਉਸ ਨੇ ਕਿਹਾ, “ਐ ਮਹਾਰਾਜ, ਮੈਂ ਤਾਂ ਤੈਥੋਂ ਕੁਝ ਨਹੀਂ ਮੰਗਦਾ। ਮੈਨੂੰ ਤਾਂ ਧੁੱਪ ਚਾਹੀਦੀ ਹੈ, ਉਹ ਵੀ ਤੂੰ ਰੋਕ ਲਈ। ਧੁੱਪ ਤਾਂ ਕੁਦਰਤ ਦੀ ਦਾਤ ਹੈ। ਸੂਰਜ ਸਭ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਦੇਂਦਾ ਹੈ।” ਇਹ ਸੁਣ ਕੇ ਸਿਕੰਦਰ ਪਸੀਜਿਆ ਗਿਆ। ਉਸ ਫ਼ਕੀਰ ’ਤੇ ਰਹਿਮਤ ਕਰ ਅੱਗੇ ਟੁਰਦਾ ਹੋਇਆ।
ਧੁੱਪ ਦਾ ਗੁਸੈਲਾ ਸੁਭਾਅ ਤ੍ਰੇਲੀਆਂ ਲਿਆ ਦਿੰਦਾ ਹੈ। ਤਾਂਬੇ ਵਰਗੀ ਧੁੱਪ ਚੀਜ਼ਾਂ ਨੂੰ ਤਪਣ ਲਾ ਦਿੰਦੀ ਹੈ। ਕਹਿੰਦੇ ਨੇ ਭਾਦੋਂ ਮਹੀਨੇ ਦੀ ਕੰਡੇ ਕੱਢ ਧੁੱਪ ਤੋਂ ਦੁਖੀ ਹੋਇਆ ਜੱਟ ਖੇਤੀਬਾੜੀ ਛੱਡ ਕੇ ਸਾਧ ਹੋ ਗਿਆ ਸੀ, ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਮਸ਼ੀਨੀ ਖੇਤੀ ਨੇ ਕਿਸਾਨੀ ਜੀਵਨ ਸ਼ੈਲੀ ਹੀ ਬਦਲ ਕੇ ਰੱਖ ਦਿੱਤੀ ਹੈ। ਬਿਜਲੀ ਦੀਆਂ ਸਹੂਲਤਾਂ ਥਾਂ-ਥਾਂ ਉਪਲਬਧ ਹੋ ਗਈਆਂ ਹਨ।
ਕੋਈ ਸਮਾਂ ਸੀ ਜਦੋਂ ਪਿੰਡ ਦੀਆਂ ਸੁਆਣੀਆਂ ਭਾਦੋਂ ਮਹੀਨੇ ਰਲ-ਮਿਲ ਕੇ ਧੁੱਪੇ ਸੇਵੀਆਂ ਵੱਟਣ ਦੀ ਖ਼ੁਸ਼ੀ ਲੈਂਦੀਆਂ ਸਨ। ਧੁੱਪ ਦਾ ਲਾਹਾ ਲੈਣ ਲਈ ਉਹ ਇੱਕ ਦੂਜੇ ਦਾ ਹੱਥ ਵਟਾਉਂਦੀਆਂ ਸਨ। ਧੁੱਪੇ ਸੁਕਦੀਆਂ ਸੇਵੀਆਂ ਦਾ ਨਜ਼ਾਰਾ ਪੇਂਡੂ ਔਰਤਾਂ ਦੀ ਕਲਾ, ਕੰਮ, ਸੁਹਜ ਤੇ ਸਾਂਝ ਚਿੱਤਰ-ਪ੍ਰਦਰਸ਼ਨੀ ਵਰਗਾ ਮਨਮੋਹਕ ਹੁੰਦਾ ਸੀ।
ਕਈ ਵੇਰ ਜੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਤਾਂ ਧੁੱਪੇ ਖੜ੍ਹਾ ਕਰ ਦਿੱਤਾ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਚੇਤੇ ਕਰ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਤੱਤੀ ਤਵੀ ’ਤੇ ਬੈਠਣਾ, ਸੀਸ ’ਤੇ ਤੱਤੀ ਰੇਤ ਸਹਿਣ ਕਰਨਾ- ਜ਼ੁਲਮ ਅਤੇ ਸ਼ਾਂਤੀ ਦੀ ਇਤਿਹਾਸਕ ਮਿਸਾਲ ਲਾਸਾਨੀ ਹੈ। ਭਾਣਾ ਮਿੱਠਾ ਕਰ ਕੇ ਮੰਨਣ ਦੀ ਅਜਿਹੀ ਉਦਾਹਰਣ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ। ਧੰਨ ਹੈ ਸਿਦਕ ਜੋ ਅੱਗ, ਧੁੱਪ ਤੇ ਜ਼ੁਲਮ ਅੱਗੇ ਨਾ ਹਾਰਿਆ।
ਜੇਕਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਲੋਕ-ਗੀਤਾਂ ਵੱਲ ਝਾਤ ਮਾਰੀਏ ਤਾਂ ਕਿੰਨੇ ਹੀ ਗੀਤ ਸਾਡੀ ਸਿਮਰਤੀ ’ਚ ਆ ਵਸਦੇ ਹਨ। ਕਿਰਤ ਤੇ ਹੁਸਨ ਦੀ ਗੱਲ ਕਰਦਾ ਇੱਕ ਗੀਤ ਯਾਦ ਆ ਜਾਂਦਾ ਹੈ:
ਰੰਗ ਚੋਅ ਕੇ ਪਰਾਤ ਵਿੱਚ ਪੈ ਗਿਆ
ਧੁੱਪੇ ਤੂੰ ਪਕਾਈਆਂ ਰੋਟੀਆਂ।
ਜੇਕਰ ਪ੍ਰਕਿਰਤੀ ਦੀ ਗੱਲ ਕਰੀਏ ਤਾਂ ਫੁੱਲਾਂ ਦੀ ਧੁੱਪ ਨਾਲ ਸਾਂਝ ਤੇ ਦੋਸਤੀ ਬੜੀ ਗੂੜ੍ਹੀ ਹੈ। ਕਈ ਫੁੱਲ ਤਾਂ ਖਿੜਦੇ ਹੀ ਧੁੱਪ ਵੇਲੇ ਹਨ। ਸੂਰਜਮੁਖੀ ਫੁੱਲ ਦਾ ਨਾਂ ਹੀ ਇਸੇ ਕਾਰਨ ਪਿਆ। ਦੁਪਹਿਰ-ਖਿੜੀ (ਧੁੱਪ-ਖਿੜੀ) ਦਾ ਫੁੱਲ ਤਾਂ ਖਿੜਦਾ ਹੀ ਧੁੱਪ ਦਾ ਜੋਬਨ ਲੈ ਕੇ ਹੈ। ਦੂਸਰੇ ਪਾਸੇ ਕਈ ਪੌਦਿਆਂ ਨੂੰ ਗਰਮੀ ਦੀ ਰੁੱਤੇ ਧੁੱਪ ਤੋਂ ਬਚਾਉਣ ਲਈ ਛਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਕਈ ਪੌਦਿਆਂ ਦੇ ਪੱਤੇ ਧੁੱਪ ਨਾਲ ਖਿੜ ਉੱਠਦੇ ਹਨ।
ਐਤਵਾਰ ਦਾ ਦਿਨ ਜੇਕਰ ਸਰਦੀਆਂ ਵਿੱਚ ਧੁੱਪ ਵਾਲਾ ਹੋਵੇ ਤਾਂ ਕੱਪੜੇ ਧੋ ਕੇ ਸੁਕਾਉਣ ਦਾ ਲਾਹਾ ਤੇ ਧੁੱਪ ਸੇਕਣ ਦਾ ਆਨੰਦ ਖ਼ੂਬ ਲਾਭਕਾਰੀ ਹੋ ਜਾਂਦਾ ਹੈ। ਚਿੱਟੇ ਕੱਪੜੇ ਜਿੰਨੇ ਧੁੱਪ ਵਿੱਚ ਨਿਖਰਦੇ ਹਨ ਉਤਨੇ ਛਾਂ ਵਿੱਚ ਨਹੀਂ। ਵਿਗਿਆਨ ਦੀਆਂ ਸਹੂਲਤਾਂ ਨਿਆਰੀਆਂ ਤੇ ਅਲੋਕਾਰੀ ਹੋ ਗਈਆਂ ਹਨ, ਪਰ ਉਹ ਵੀ ਸਮਾਂ ਸੀ ਜਦੋਂ ਬਨੇਰੇ ’ਤੇ ਆਈ ਧੁੱਪ ਵੇਖ ਕੇ ਕੰਮ ਕਰਨ ਦਾ ਸਮਾਂ ਆਂਕਿਆ ਜਾਂਦਾ ਸੀ। ਪਿੰਡਾਂ ਦੀਆਂ ਚਰਾਦਾਂ ਵਿੱਚ ਪਸ਼ੂ ਚਾਰਦੇ ਪਾਲੀ ਆਪਣੀ ਸੋਟੀ ਨਾਲ ਧੁੱਪ ਨਾਪ ਕੇ ਸਮੇਂ ਦਾ ਅੰਦਾਜ਼ਾ ਲਾ ਲੈਂਦੇ ਸਨ। ਕੜਕਦੀ ਧੁੱਪ, ਕੰਡੇ ਕੱਢਦੀ ਧੁੱਪ, ਮਿੱਠੀ-ਮਿੱਠੀ ਧੁੱਪ, ਕੋਸੀ-ਕੋਸੀ ਧੁੱਪ, ਨਿੱਘੀ-ਨਿੱਘੀ ਧੁੱਪ, ਚਿਲਕਵੀਂ ਧੁੱਪ, ਕੋਰੀ ਧੁੱਪ, ਤਾਂਬੇ ਰੰਗੀ ਧੁੱਪ, ਹੱਸਦੀ-ਹੱਸਦੀ ਧੁੱਪ, ਧੁੱਪਾਂ ਵਰਗਾ ਚਿੱਟਾ ਦਿਨ ਆਦਿ ਕਿੰਨੇ ਹੀ ਵੱਖਰੇ-ਵੱਖਰੇ ਅਰਥ ਰੱਖਦੇ ਹਨ। ਕਿਸੇ ਮੁਟਿਆਰ ਦੇ ਹੁਸਨ ਦੀ ਤਾਰੀਫ਼ ਕਰਦਿਆਂ ‘ਧੁੱਪ ਵਾਂਗ ਨਿੱਖਰੀ ਫਿਰਦੀ ਹੈ’ ਕਹਿ ਕੇ ਖ਼ੁਸ਼ੀ ਮਾਣੀ ਜਾਂਦੀ ਹੈ।
ਬਰਸਾਤ ਦੇ ਦਿਨਾਂ ਵਿੱਚ ਝੜੀਆਂ ਲਗਦੀਆਂ ਹਨ ਤਾਂ ਧੁੱਪ ਦੀ ਉਡੀਕ ਹੋਣ ਲੱਗਦੀ ਹੈ। ਸੂਰਜ ਦੀ ਸ਼ਕਤੀ ਦਾ ਗੁਣ-ਗਾਇਨ ਹੋਣ ਲੱਗਦਾ ਹੈ। ਉਦੋਂ ਧੁੱਪ ਕਲਿਆਣਕਾਰੀ ਲੱਗਦੀ ਹੈ। ਸਰਦੀਆਂ ’ਚ ਲਗਾਤਾਰ ਧੁੰਦ ਤੋਂ ਲੋਕੀਂ ਉਕਤਾ ਜਾਂਦੇ ਹਨ। ਠਰੂੰ-ਠਰੂੰ ਕਰਦੇ ਲੋਕ ਧੁੱਪ ਨੂੰ ਤਰਸ ਜਾਂਦੇ ਹਨ। ਧੁੰਦਲੇ-ਧੁੰਦਲੇ ਵਾਤਾਵਰਨ ਨੂੰ ਧੁੱਪ ਦੀਆਂ ਕਿਰਨਾਂ ਖਿੰਡ-ਪੁੰਡ ਕਰ ਦਿੰਦੀਆਂ ਹਨ। ਕਾਇਨਾਤ ਖਿੜ ਉੱਠਦੀ ਹੈ। ਲੋਕ-ਜੀਵਨ ਵਿੱਚ ਤੇਜ਼ੀ ਆ ਜਾਂਦੀ ਹੈ। ਧੁੱਪ ਦੀ ਕਾਤਰ ਨਾਲ ਘਰ ਜਾਗ ਉੱਠਦਾ ਹੈ। ਜੀਵਨ ਗਤੀਸ਼ੀਲ ਹੋ ਜਾਂਦਾ ਹੈ। ਰੁੱਖ, ਬੂਟੇ, ਫੁੱਲ, ਜੀਵ, ਜੰਤੂ, ਪੰਛੀ, ਜਾਨਵਰ ਆਦਿ ਮੁੜ ਨਰੋਏ-ਨਰੋਏ ਜਾਪਣ ਲੱਗਦੇ ਹਨ। ਧੁੱਪ ਦਾ ਕ੍ਰਿਸ਼ਮਾ ਨਵੀਂ ਹਰਕਤ ਤੇ ਬਰਕਤ ਕਰ ਦਿੰਦਾ ਹੈ। ਆਲਾ-ਦੁਆਲਾ ਪਿਆਰਾ-ਪਿਆਰਾ ਲੱਗਣ ਲੱਗ ਜਾਂਦਾ ਹੈ। ਖ਼ੂਨ ਖੌਲਣ ਲੱਗਦਾ ਹੈ। ਚਿਹਰਿਆਂ ’ਤੇ ਨੂਰ ਆ ਜਾਂਦਾ ਹੈ। ਬਲਿਹਾਰੇ ਜਾਈਏ ਕੁਦਰਤ ਦੀ ਇਸ ਅਨੂਠੀ ਦਾਤ ਤੋਂ ਜੋ ਸਾਨੂੰ ਹੁਸਨ, ਜੋਬਨ, ਖੇੜਾ ਤੇ ਜੀਵਨ ਪ੍ਰਦਾਨ ਕਰਦੀ ਹੈ। ਅਸਲ ਵਿੱਚ ਜੀਵਨ ਹੈ ਹੀ ਧੁੱਪ-ਛਾਂ ਦਾ ਸਫ਼ਰ। ਤੁਰਦੇ ਰਹੀਏ। ਧੁੱਪ ਵਾਂਗ ਖਿੜਨਾ, ਫੁੱਲਾਂ ਵਾਂਗ ਹੱਸਣਾ ਤੇ ਦਰਿਆ ਵਾਂਗ ਵੱਗਣਾ ਹੀ ਜ਼ਿੰਦਗੀ ਦਾ ਹੁਸਨ ਤੇ ਖ਼ੁਸ਼ਹਾਲੀ ਹੈ। ਰੂਸੀ ਕਵੀ ਅੰਨਾ ਅਖਮਾਤੋਵਾ ਦੀ ਕਵਿਤਾ ‘ਬੱਚੇ ਤੇ ਗੀਤ ਮੈਨੂੰ ਮੋਂਹਦੇ ਨੇ’ ਬੜੀ ਪਿਆਰੀ ਗੱਲ ਕਹਿੰਦੀ ਹੈ:
ਧੁੱਪ ਬਿਨਾਂ ਨਾ ਜੀਂਵਦੀ ਕਦੇ ਕਿਸੇ ਦੀ ਦੇਹ,
ਗੀਤ ਬਿਨਾਂ ਨਾ ਲੱਥਦੀ ਅੰਤਰ ਮਨ ਦੀ ਤੇਹ।
ਸੰਪਰਕ: 98151-23900

Advertisement
Advertisement