ਸਨਅਤੀ ਸ਼ਹਿਰ ’ਚ ਧੁੱਪ ਖਿੜਨ ਨਾਲ ਠੰਢ ਤੋਂ ਰਾਹਤ
ਸਤਵਿੰਦਰ ਬਸਰਾ
ਲੁਧਿਆਣਾ, 14 ਜਨਵਰੀ
ਇਥੇ ਸਨਅਤੀ ਸ਼ਹਿਰ ’ਚ ਲਗਾਤਾਰ ਦੂਜੇ ਦਿਨ ਵੀ ਤਿੱਖੀ ਧੁੱਪ ਖਿੜਨ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਪੀਏਯੂ ਮੌਸਮ ਵਿਭਾਗ ਵੱਲੋਂ ਆਉਂਦੇ 24 ਘੰਟਿਆਂ ਵਿੱਚ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਬੀਤੇ ਦਿਨ ਲੋਹੜੀ ਮੌਕੇ ਨਿੱਕਲੀ ਤਿੱਖੀ ਧੁੱਪ ਤੋਂ ਬਾਅਦ ਅੱਜ ਵੀ ਸਵੇਰ ਸਮੇਂ ਤੋਂ ਸ਼ਾਮ ਤੱਕ ਧੁੱਪ ਨਿਕਲੀ ਰਹੀ। ਇਸ ਧੁੱਪ ਕਾਰਨ ਪਿਛਲੇ ਕਈ ਦਿਨਾਂ ਤੋਂ ਠੰਢ ਨਾਲ ਕੰਬ ਰਹੇ ਲੁਧਿਆਣਵੀਆਂ ਨੂੰ ਵੱਡੀ ਰਾਹਤ ਮਿਲੀ ਹੈ। ਲੋਕ ਸਰਦੀਆਂ ਦੀ ਇਸ ਧੁੱਪ ਦਾ ਨਿੱਘ ਲੈਣ ਲਈ ਘਰਾਂ ਦੀਆਂ ਛੱਤਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਟਹਿਲਦੇ ਰਹੇ। ਪਿਛਲੇ ਦੋ ਦਿਨਾਂ ਤੋਂ ਇਸ ਨਿਕਲ ਰਹੀ ਧੁੱਪ ਨੇ ਤਾਪਮਾਨ ਵਿੱਚ ਵੀ ਵਾਧਾ ਕਰ ਦਿੱਤਾ ਹੈ। ਦੁਪਹਿਰ ਸਮੇਂ ਤਾਂ ਕਈ ਨੌਜਵਾਨ ਗਰਮ ਕੱਪੜਿਆਂ ਦੀ ਥਾਂ ਟੀ-ਸ਼ਰਟਾਂ ਹੀ ਪਾ ਕੇ ਘੁੰਮਦੇ ਦੇਖੇ ਗਏ। ਜੇ ਪੀਏਯੂ ਦੇ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ’ਤੇ ਝਾਤੀ ਮਾਰੀਏ ਤਾਂ ਅੱਜ ਦਿਨ ਸਮੇਂ ਦਾ ਤਾਪਮਾਨ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ 14-15 ਡਿਗਰੀ ਸੈਲਸੀਅਸ ਤੋਂ ਵਧ ਕੇ 19 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਰਾਤ ਸਮੇਂ ਦਾ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੇ ਨਾਲ ਨਾਲ ਸੀਤ ਲਹਿਰ ਚੱਲ ਸਕਦੀ ਹੈ। ਅੱਜ ਸਵੇਰ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 94 ਫੀਸਦੀ ਦਰਜ ਕੀਤੀ ਗਈ ਜੋ ਸਾਰਾ ਦਿਨ ਧੁੱਪ ਰਹਿਣ ਕਰਕੇ ਸ਼ਾਮ 46 ਫੀਸਦੀ ਹੀ ਰਹਿ ਗਈ। ਦੂਜੇ ਪਾਸੇ ਇਸ ਧੁੱਪ ਨੇ ਪਿਛਲੇ ਦਿਨਾਂ ਦੌਰਾਨ ਮੀਂਹ ਨਾਲ ਹੋਏ ਚਿੱਕੜ ਨੂੰ ਵੀ ਸੁਕਾ ਦਿੱਤਾ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਆਉਂਦੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਧੁੱਪ ਨਿਕਲਦੀ ਰਹੀ ਤਾਂ ਇਸ ਮਹੀਨੇ ਦੇ ਅਖੀਰ ਤੱਕ ਹੀ ਗਰਮੀਆਂ ਵਾਲੇ ਕੱਪੜੇ ਕੱਢਣੇ ਪੈ ਜਾਣੇ ਹਨ।