ਸਨੀ ਲਿਓਨੀ ਵੱਲੋਂ ਕਰਨਾਟਕ ’ਚ ਨਵੀਂ ਫ਼ਿਲਮ ਦੀ ਸ਼ੂਟਿੰਗ
ਮੁੰਬਈ: ਫ਼ਿਲਮ ‘ਕੋਟੇਸ਼ਨ ਗੈਂਗ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਅਦਾਕਾਰਾ ਸਨੀ ਲਿਓਨੀ ਇਸ ਸਮੇਂ ਕਰਨਾਟਕ ਵਿੱਚ ਆਪਣੇ ਅਗਲੇ ਪ੍ਰਾਜੈਕਟ ਲਈ ਸ਼ੂਟਿੰਗ ਕਰ ਰਹੀ ਹੈ। ਉਸ ਨੇ ਹਾਲ ਹੀ ’ਚ ਇੱਕ ਛੋਟੇ ਜਿਹੇ ਪਿੰਡ ਕਬਾਲੀ ਦੇ ਇੱਕ ਸਥਾਨਕ ਸਕੂਲ ਦਾ ਦੌਰਾ ਕੀਤਾ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇੱਕ ਵੀਡੀਓ ਰਾਹੀਂ ਪਤਾ ਲੱਗਦਾ ਹੈ ਕਿ ਅਦਾਕਾਰਾ ਸਨੀ ਲਿਓਨੀ ਦੇ ਸਕੂਲ ਪਹੁੰਚਣ ’ਤੇ ਵਿਦਿਆਰਥੀ ਉਸ ਨੂੰ ਦੇਖ ਕੇ ਕਿਵੇਂ ਝੂਮ ਉੱਠਦੇ ਹਨ। ਇਸ ਵੀਡੀਓ ਵਿੱਚ ਉਹ ਵੱਖ-ਵੱਖ ਜਮਾਤਾਂ ’ਚ ਜਾਂਦੀ, ਗੇਮਾਂ ਖੇਡਦੀ ਤੇ ਵਿਦਿਆਰਥੀਆਂ ਨਾਲ ਤਸਵੀਰਾਂ ਲੈਂਦੀ ਦੇਖੀ ਜਾ ਸਕਦੀ ਹੈ। ਅਦਾਕਾਰਾ ਸਨੀ ਲਿਓਨੀ ਦੀ ਫ਼ਿਲਮ ‘ਕੋਟੇਸ਼ਨ ਗੈਂਗ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਉਹ ‘ਦਿ ਫੈਮਲੀ ਮੈਨ’ ਤੋਂ ਮਕਬੂਲ ਹੋਏ ਪ੍ਰਿਆਮਨੀ ਅਤੇ ਜ਼ੈਕੀ ਸ਼ਰਾਫ਼ ਨਾਲ ਨਜ਼ਰ ਆਵੇਗੀ। ਉਹ ਇਸ ਫ਼ਿਲਮ ਵਿੱਚ ਇੱਕ ਪੇਂਡੂ ਮਾਫ਼ੀਆ ਗਰੋਹ ਦੇ ਮੈਂਬਰ ਵਜੋਂ ਨਜ਼ਰ ਆਉਂਦੀ ਹੈ। ਫ਼ਿਲਮ ਵਿੱਚ ਉਸ ਨੇ ਇੱਕ ਕਾਤਲ ਦੀ ਭੂਮਿਕਾ ਨਿਭਾਈ ਹੈ, ਜੋ ਇਸ ਖ਼ਤਰਨਾਕ ਗਰੋਹ ਦੀ ਮੁੱਖ ਮੈਂਬਰ ਹੈ। ਉਸ ਕੋਲ ਲੇਖਕ ਅਨੁਰਾਗ ਕਸ਼ਿਅਪ ਦੀ ਫ਼ਿਲਮ ‘ਕੈਨੇਡੀ’ ਵੀ ਹੈ। ਫ਼ਿਲਮ ਦਾ ਪ੍ਰੀਮੀਅਰ ਪਿਛਲੇ ਵਰ੍ਹੇ ਕਾਨ ਫ਼ਿਲਮ ਮੇਲੇ ਵਿੱਚ ਹੋਇਆ ਸੀ ਅਤੇ ਇਹ ਜਲਦੀ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਸ ਕੋਲ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਦੀ ਇੱਕ ਫ਼ਿਲਮ ਵੀ ਹੈ। ਉਸ ਦਾ ਆਗਾਮੀ ਮਲਿਆਲਮ ਪ੍ਰਾਜੈਕਟ ਫ਼ਿਲਹਾਲ ਪ੍ਰੋਡਕਸ਼ਨ ਲਾਈਨ ’ਚ ਹੈ। -ਆਈਏਐੱਨਐੱਸ