ਸੈਨਾ ਦਿਵਸ ’ਤੇ ਸਨੀ ਦਿਓਲ ਨੇ ਫੌ਼ਜ ਦੇ ਜਵਾਨਾਂ ਨਾਲ ਸਮਾਂ ਗੁਜ਼ਾਰਿਆ
ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਫੌਜ ਦਿਵਸ ਮੌਕੇ ਭਾਰਤੀ ਫੌਜ ਦੇ ਜਵਾਨਾਂ ਨਾਲ ਸਮਾਂ ਬਿਤਾਇਆ ਤੇ ਫੌਜੀ ਜਵਾਨਾਂ ਦੇ ਜਜ਼ਬੇ, ਹੌਸਲੇ ਅਤੇ ਕੁਰਬਾਨੀ ਨੂੰ ਸਲਾਮ ਕੀਤਾ। ‘ਗਦਰ’ ਸਟਾਰ ਨੇ ਜਵਾਨਾਂ ਨਾਲ ਪੂਰਾ ਦਿਨ ਬਿਤਾਇਆ ਅਤੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਂਦਿਆਂ ਨਿੱਜੀ ਪਲ ਉਨ੍ਹਾਂ ਨਾਲ ਸਾਂਝੇ ਕੀਤੇ ਅਤੇ ਦੇਸ਼ ਦੇ ਰਾਖਿਆਂ ਦੀ ਬਹਾਦਰੀ ਨੂੰ ਸਲਾਮ ਕੀਤਾ। ਸਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਦੌਰੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਵੀਡੀਓ ’ਚ ਅਦਾਕਾਰ ਸਨੀ ਦਿਓਲ ਭਾਰਤੀ ਜਵਾਨਾਂ ਨਾਲ ‘ਭਾਰਤ ਮਾਤਾ ਕੀ ਜੈ’ ਵੀ ਗਾ ਰਹੇ ਹਨ। ਕਈ ਤਸਵੀਰਾਂ ’ਚ ਸਨੀ ਦਿਓਲ ਫੌਜੀ ਜਵਾਨਾਂ ਨਾਲ ਪੋਜ਼ ਦੇ ਰਹੇ ਹਨ ਅਤੇ ਪੰਜਾ ਲੜਾ ਕੇ ਦਮਖਮ ਵੀ ਦਿਖਾ ਰਹੇ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੀ ਕੈਪਸ਼ਨ ਵਿੱਚ, ਸਨੀ ਨੇ ਲਿਖਿਆ, ‘‘ਫਿਰ, ਹੁਣ, ਅਤੇ ਹਮੇਸ਼ਾ ਲਈ ਸਾਡੇ ਨਾਇਕਾਂ ਦੀ ਹਿੰਮਤ, ਕੁਰਬਾਨੀ ਅਤੇ ਅਟੁੱਟ ਸਮਰਪਣ ਨੂੰ ਸਲਾਮ। ਭਾਰਤੀ ਫੌਜ ਦਿਵਸ ਦੀਆਂ ਮੁਬਾਰਕਾਂ...ਹਿੰਦੁਸਤਾਨ ਜ਼ਿੰਦਾਬਾਦ।’’ ਦੱਸਣਯੋਗ ਹੈ ਕਿ ਸਨੀ ਦਿਓਲ ਫ਼ਿਲਮ ‘ਬਾਰਡਰ-2’ ਦੀ ਤਿਆਰੀ ’ਚ ਹਨ, ਜੋ ਕਿ ਅਗਲੇ ਸਾਲ ਜਨਵਰੀ ਮਹੀਨੇ ਰਿਲੀਜ਼ ਹੋਵੇਗੀ। ਭਾਰਤੀ ਫੌਜ ਦਿਵਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਵਾਨਾਂ ਨੂੰ ਮੁਬਾਰਕਬਾਦ ਦਿੱਤੀ ਹੈ। -ਏਐੱਨਆਈ