ਫਿਲਮ ‘ਜਾਟ’ ਰਿਲੀਜ਼ ਹੋਣ ਦੀ ਉਡੀਕ ’ਚ ਸਨੀ ਦਿਓਲ
ਮੁੰਬਈ:
ਆਪਣੀ ਆਉਣ ਵਾਲੀ ਫਿਲਮ ‘ਜਾਟ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਅਦਾਕਾਰ ਸਨੀ ਦਿਓਲ ਨੇ ਖੇਤਾਂ ’ਚ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਸਨੀ ਦਿਓਲ ਕਣਕ ਦੇ ਖੇਤਾਂ ’ਚ ਪੋਜ਼ ਬਣਾਉਂਦਾ ਨਜ਼ਰ ਆਇਆ। ਚਿੱਟੀ ਕਮੀਜ਼ ਤੇ ਪੈਂਟ ’ਚ ਅਦਾਕਾਰ ਬਹੁਤ ਫਬ ਰਿਹਾ ਹੈ। ਸਨੀ ਦਿਓਲ ਨੇ ਹਿੰਦੀ ਵਿੱਚ ਕੈਪਸ਼ਨ ਲਿਖਿਆ, ‘‘ਜਾਟ ਖੇਤਾਂ ’ਚ ਤਿਆਰੀ ਕਰ ਰਿਹਾ ਵਿਸਾਖੀ ਦੀ’’। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਿਲਮ ਨਿਰਮਾਤਾਵਾਂ ਨੇ ‘ਜਾਟ’ ਤੋਂ ਸਨੀ ਦਿਓਲ ਦੀ ਪਹਿਲੀ ਝਲਕ ਦਿਖਾਈ ਸੀ। ਖੂਨ ਨਾਲ ਰੰਗੇ ਪੋਸਟਰ ’ਚ ਸਨੀ ਦਿਓਲ ਨੇ ਹੱਥ ਵਿੱਚ ਕੋਈ ਭਾਰੀ ਚੀਜ਼ ਫੜੀ ਹੋਈ ਹੈ। ‘ਜਾਟ’ ਵਿੱਚ ਵਿਨੀਤ ਕੁਮਾਰ ਸਿੰਘ, ਸੈਯਾਮੀ ਖੇਰ ਅਤੇ ਸਵਰੂਪਾ ਘੋਸ਼ ਵੀ ਹਨ। ਇਸ ਦਾ ਨਿਰਦੇਸ਼ਨ ਗੋਪੀਚੰਦ ਮਾਲਿਨੇਨੀ ਦੁਆਰਾ ਕੀਤਾ ਗਿਆ ਹੈ ਤੇ ਇਹ ਫਿਲਮ ਮੈਤਰੀ ਮੂਵੀ ਮੇਕਰਸ ਦੇ ਬੈਨਰ ਹੇਠ ਨਵੀਨ ਯੇਰਨੇਨੀ ਅਤੇ ਰਵੀ ਸ਼ੰਕਰ ਦੁਆਰਾ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ‘ਜਾਟ’ 10 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ